America : 7 ਭਾਰਤੀਆਂ ਸਣੇ 655 ਹੋਣਗੇ deport

ਡੌਨਲਡ ਟਰੰਪ ਦੇ ਇੰਮੀਗ੍ਰੇਸ਼ਨ ਅਫ਼ਸਰਾਂ ਨੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਛਾਪੇ ਮਾਰਦਿਆਂ 7 ਭਾਰਤੀ ਨਾਗਰਿਕਾਂ ਸਣੇ ਘੱਟੋ ਘੱਟ 655 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ

Update: 2026-02-04 14:03 GMT

ਫ਼ਿਲਾਡੈਲਫ਼ੀਆ : ਡੌਨਲਡ ਟਰੰਪ ਦੇ ਇੰਮੀਗ੍ਰੇਸ਼ਨ ਅਫ਼ਸਰਾਂ ਨੇ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਛਾਪੇ ਮਾਰਦਿਆਂ 7 ਭਾਰਤੀ ਨਾਗਰਿਕਾਂ ਸਣੇ ਘੱਟੋ ਘੱਟ 655 ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਵਿਚੋਂ ਸਾਗਰ ਸਿੰਘ ਨੂੰ ਟਰੱਕਾਂ ਦੀ ਚੈਕਿੰਗ ਦੌਰਾਨ ਹਿਰਾਸਤ ਵਿਚ ਲਿਆ ਗਿਆ। ਦੂਜੇ ਪਾਸੇ ਨਿਊ ਯਾਰਕ ਦੇ ਗੁਰਮੀਤ ਸਿੰਘ ਤੋਂ ਯੂ.ਐਸ. ਸਿਟੀਜ਼ਨਸ਼ਿਪ ਖੋਹੀ ਜਾ ਰਹੀ ਹੈ ਜਿਸ ਨੇ ਬਲਾਤਕਾਰ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਨਾਲ ਸਬੰਧਤ ਜਾਣਕਾਰੀ ਇੰਮੀਗ੍ਰੇਸ਼ਨ ਵਿਭਾਗ ਤੋਂ ਲੁਕਾ ਕੇ ਰੱਖੀ। ਗੁਰਮੀਤ ਸਿੰਘ ਫ਼ੈਮਿਲੀ ਬੇਸਡ ਇੰਮੀਗ੍ਰੇਸ਼ਨ ਯੋਜਨਾ ਅਧੀਨ ਅਮਰੀਕਾ ਵਿਚ ਦਾਖਲ ਹੋਇਆ ਅਤੇ ਅਕਤੂਬਰ 2011 ਵਿਚ ਅਮੈਰਿਕਨ ਸਿਟੀਜ਼ਨ ਬਣ ਗਿਆ। ਨਾਗਰਿਕਤਾ ਮਿਲਣ ਮਗਰੋਂ ਨਿਊ ਯਾਰਕ ਦੀ ਅਦਾਲਤ ਨੇ ਗੁਰਮੀਤ ਸਿੰਘ ਨੂੰ ਅਗਵਾ ਅਤੇ ਬਲਾਤਕਾਰ ਦੇ ਦੋਸ਼ੀ ਕਰਾਰ ਦਿੰਦਿਆਂ 20 ਸਾਲ ਵਾਸਤੇ ਜੇਲ ਭੇਜ ਦਿਤਾ। ਅਮਰੀਕਾ ਦੇ ਨਿਆਂ ਵਿਭਾਗ ਦੀ ਸਿਵਲ ਡਵੀਜ਼ਨ ਦੇ ਸਹਾਇਕ ਅਟਾਰਨੀ ਜਨਰਲ ਬ੍ਰੈਟ ਸ਼ੂਮੇਟ ਨੇ ਦੱਸਿਆ ਕਿ ਘਿਨਾਉਣੀ ਹਰਕਤ ਕਰਨ ਵਾਲਿਆਂ ਨੂੰ ਯੂ.ਐਸ. ਸਿਟੀਜ਼ਨਸ਼ਿਪ ਨਹੀਂ ਦਿਤੀ ਜਾ ਸਕਦੀ।

ਟਰੰਪ ਨੇ ਰੱਦ ਕੀਤੀ ਗੁਰਮੀਤ ਸਿੰਘ ਦੀ ਸਿਟੀਜ਼ਨਸ਼ਿਪ

ਅਮਰੀਕਾ ਵਿਚ ਆਉਣ ਮਗਰੋਂ ਗੁਰਮੀਤ ਸਿੰਘ ਨੇ ਦਿਲ ਕੰਬਾਊ ਅਪਰਾਧ ਕੀਤਾ ਅਤੇ ਨਾਗਰਿਕਤਾ ਦੀ ਸਹੁੰ ਚੁੱਕਣ ਤੋਂ ਪਹਿਲਾਂ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਾ ਕੀਤੀ। ਇੰਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਅਧੀਨ ਕਿਸੇ ਵੀ ਅਮਰੀਕੀ ਨਾਗਰਿਕ ਨੂੰ ਸਿਟੀਜ਼ਨਸ਼ਿਪ ਤੋਂ ਵਾਂਝਾ ਕੀਤਾ ਜਾ ਸਕਦਾ ਹੈ ਜੇ ਉਸ ਵੱਲੋਂ ਗੁੰਮਰਾਹਕੁਨ ਜਾਂ ਗਲਤ ਜਾਣਕਾਰੀ ਪੇਸ਼ ਕੀਤੀ ਗਈ ਹੋਵੇ। ਉਧਰ ਇੰਮੀਗ੍ਰੇਸ਼ਨ ਛਾਪਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਮਿਨੀਆਪੌਲਿਸ ਅਤੇ ਪੋਰਟਲੈਂਡ ਸ਼ਹਿਰਾਂ ਵਿਚ ਵੱਡੇ ਪੱਧਰ ’ਤੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਮਗਰੋਂ ਆਈਸ ਏਜੰਟਾਂ ਨੇ ਵੈਸਟ ਵਰਜੀਨੀਆ ਦੇ ਮਾਰਟਿਨਜ਼ਬਰਗ, ਮੂਰਫੀਲਡ, ਮੌਰਗਨਟਾਊਨ, ਬੈਕਲੀ, ਹੰਟਿੰਗਟਨ ਅਤੇ ਰਾਜਧਾਨੀ ਚਾਰਲਸਟਨ ਵਿਖੇ ਵੱਡੇ ਪੱਧਰ ’ਤੇ ਛਾਪੇ ਮਾਰਦਿਆਂ ਸੈਂਕੜੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰ ਕੇ ਡਿਟੈਨਸ਼ਨ ਸੈਂਟਰਾਂ ਵਿਚ ਭੇਜ ਦਿਤਾ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਵੱਲੋਂ ਇਨ੍ਹਾਂ ਪ੍ਰਵਾਸੀਆ ਨੂੰ ਲੋਕ ਸੁਰੱਖਿਆ ਵਾਸਤੇ ਵੱਡਾ ਖ਼ਤਰਾ ਦੱਸਿਆ ਜਾ ਰਿਹਾ ਹੈ ਜੋ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ। ਅਪ੍ਰੇਸ਼ਨ ਆਈਸ ਵੌਲ ਅਧੀਨ ਭਾਰਤੀ ਨਾਗਰਿਕ ਸਾਗਰ ਸਿੰਘ ਵੀ ਅੜਿੱਕੇ ਆ ਗਿਆ ਜਿਸ ਨੇ ਆਪਣਾ ਟਰੱਕ ਬਰੇਕ ਚੈੱਕ ਸਟੇਸ਼ਨ ’ਤੇ ਨਾ ਰੋਕਿਆ ਅਤੇ ਮੌਕੇ ’ਤੇ ਤੈਨਾਤ ਅਫ਼ਸਰਾਂ ਨੇ ਪਿੱਛਾ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸਾਗਰ ਸਿੰਘ ਦੇ ਟਰੱਕ ਵਿਚ ਕਈ ਹੋਰ ਨੁਕਸ ਵੀ ਨਜ਼ਰ ਆਏ ਅਤੇ ਇੰਮੀਗ੍ਰੇਸ਼ਨ ਅਦਾਲਤ ਉਸ ਨੂੰ ਡਿਪੋਰਟ ਕਰਨ ਦੇ ਹੁਕਮ ਪਹਿਲਾਂ ਹੀ ਜਾਰੀ ਕਰ ਚੁੱਕੀ ਹੈ। ਵੈਸਟ ਵਰਜੀਨੀਆ ਦੇ ਗਵਰਨਰ ਪੈਟ੍ਰਿਕ ਮੌਰਿਜ਼ੀ ਨੇ ਇੰਮੀਗ੍ਰੇਸ਼ਨ ਛਾਪਿਆਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਖ਼ਤਰਨਾਕ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਸੂਬੇ ਵਿਚੋਂ ਕੱਢਣਾ ਬੇਹੱਦ ਲਾਜ਼ਮੀ ਹੋ ਗਿਆ ਸੀ। ਜੋਅ ਬਾਇਡਨ ਦੀਆਂ ਨਾਕਸ ਇੰਮੀਗ੍ਰੇਸ਼ਨ ਨੀਤੀਆਂ ਨੇ ਸਿਰਫ਼ ਵੈਸਟ ਵਰਜੀਨੀਆ ਹੀ ਨਹੀਂ ਸਗੋਂ ਪੂਰੇ ਮੁਲਕ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦਾ ਹੜ੍ਹ ਲਿਆ ਦਿਤਾ। ਆਈਸ ਏਜੰਟਾਂ ਦੇ ਛਾਪਿਆਂ ਨੇ ਬਗੈਰ ਇੰਮੀਗ੍ਰੇਸ਼ਨ ਸਟੇਟਸ ਵਾਲੇ ਹੋਰਨਾਂ ਪ੍ਰਵਾਸੀਆਂ ਨੂੰ ਵੀ ਸੰਕੇਤ ਮਿਲ ਗਿਆ ਹੈ ਕਿ ਅਪਰਾਧਕ ਸਰਗਰਮੀਆਂ ਵਿਚ ਸ਼ਮੂਲੀਅਤ ਉਨ੍ਹਾਂ ਨੂੰ ਵੀ ਅਮਰੀਕਾ ਤੋਂ ਡਿਪੋਰਟ ਕਰਵਾ ਸਕਦੀ ਹੈ।

ਸਾਗਰ ਸਿੰਘ ਨੂੰ ਟਰੱਕ ’ਚੋਂ ਲਾਹ ਕੇ ਡਿਟੈਨਸ਼ਨ ਸੈਂਟਰ ਭੇਜਿਆ

ਇਸੇ ਦੌਰਾਨ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੌਇਮ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ 2,600 ਡਾਲਰ ਨਕਦ ਅਤੇ ਮੁਫ਼ਤ ਹਵਾਈ ਟਿਕਟ ਲੈ ਕੇ ਸੈਲਫ਼ ਡਿਪੋਰਟ ਹੋਣ ਦਾ ਸੱਦਾ ਦੁਹਰਾਇਆ ਗਿਆ ਹੈ। ਕ੍ਰਿਸਮਸ ਵੇਲੇ ਡੀ.ਐਚ.ਐਸ. ਵੱਲੋਂ 3 ਹਜ਼ਾਰ ਡਾਲਰ ਅਤੇ ਹਵਾਈ ਟਿਕਟ ਦੀ ਪੇਸ਼ਕਸ਼ ਕੀਤੀ ਜਾ ਰਹੀ ਸੀ ਪਰ ਹੁਣ 400 ਡਾਲਰ ਦੀ ਕਟੌਤੀ ਕਰ ਦਿਤੀ ਗਈ ਹੈ। ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਟਰੰਪ ਸਰਕਾਰ ਵੱਲੋਂ ਇਕ ਸਾਲ ਤੋਂ ਜਾਰੀ ਕੋਸ਼ਿਸ਼ਾਂ ਦੇ ਬਾਵਜੂਦ 90 ਲੱਖ ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀ ਅਮਰੀਕਾ ਵਿਚ ਮੌਜੂਦ ਹਨ ਜਦਕਿ ਫੈਡਰਲ ਸਰਕਾਰ 7 ਲੱਖ ਲੋਕਾਂ ਨੂੰ ਡਿਪੋਰਟ ਕਰਨ ਅਤੇ 20 ਲੱਖ ਲੋਕਾਂ ਦੇ ਸੈਲਫ਼ ਡਿਪੋਰਟ ਹੋਣ ਬਾਰੇ ਦਾਅਵੇ ਕਰ ਰਹੀ ਹੈ। ਭਾਵੇਂ ਮਿਨੀਆਪੌਲਿਸ ਵਿਖੇ ਐਲਕਸ ਕ੍ਰਿਸਟੀ ਅਤੇ ਰੈਨੀ ਨਿਕੋਲ ਗੁਡ ਦੀ ਇੰਮੀਗ੍ਰੇਸ਼ਨ ਛਾਪਿਆਂ ਦੌਰਾਨ ਮੌਤ ਨੇ ਕ੍ਰਿਸਟੀ ਨੌਇਮ ਨੂੰ ਵਿਵਾਦਾਂ ਵਿਚ ਲਿਆ ਦਿਤਾ ਪਰ ਉਨ੍ਹਾਂ ਘਟਨਾਵਾਂ ਨੂੰ ਬੀਤੇ ਦੀ ਗੱਲ ਕਰਾਰ ਦਿੰਦਿਆਂ ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਨੇ ਗੈਰਕਾਨੂੰਨੀ ਪ੍ਰਵਾਸੀਆਂ ਖਾਸ ਤੌਰ ’ਤੇ ਅਪਰਾਧਕ ਪਿਛੋਕੜ ਵਾਲਿਆਂ ਦੀ ਫੜੋ ਫੜੀ ਵੱਲ ਧਿਆਨ ਕੇਂਦਰਤ ਰੱਖਣ ਦੇ ਸੰਕੇਤ ਦਿਤੇ ਹਨ।

Tags:    

Similar News