‘ਗੁਰਪਤਵੰਤ ਪੰਨੂ ਦੇ ਕਤਲ ਦੀ ਇਕ ਹੋਰ ਸਾਜ਼ਿਸ਼ ਦਾ ਕੈਨੇਡਾ ਵਿਚ ਪਰਦਾ ਫਾਸ਼’

ਗੁਰਪਤਵੰਤ ਪੰਨੂ ਦੇ ਕਤਲ ਦੀ ਇਕ ਹੋਰ ਸਾਜ਼ਿਸ਼ ਦਾ ਪਰਦਾ ਫਾਸ਼ ਕਰਦੀ ਮੀਡੀਆ ਰਿਪੋਰਟ ਨੇ ਤਰਥੱਲੀ ਮਚਾ ਦਿਤੀ ਹੈ ਅਤੇ ਅਮਰੀਕਾ ਦੇ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਭਾਰਤ ਦੀ ਜਵਾਬਦੇਹੀ ਹਰ ਹਾਲਤ ਵਿਚ ਤੈਅ ਕੀਤੀ ਜਾਵੇਗੀ।

Update: 2024-08-02 12:04 GMT

ਵਾਸ਼ਿੰਗਟਨ : ਗੁਰਪਤਵੰਤ ਪੰਨੂ ਦੇ ਕਤਲ ਦੀ ਇਕ ਹੋਰ ਸਾਜ਼ਿਸ਼ ਦਾ ਪਰਦਾ ਫਾਸ਼ ਕਰਦੀ ਮੀਡੀਆ ਰਿਪੋਰਟ ਨੇ ਤਰਥੱਲੀ ਮਚਾ ਦਿਤੀ ਹੈ ਅਤੇ ਅਮਰੀਕਾ ਦੇ ਵਿਦੇਸ਼ ਵਿਭਾਗ ਦਾ ਕਹਿਣਾ ਹੈ ਕਿ ਭਾਰਤ ਦੀ ਜਵਾਬਦੇਹੀ ਹਰ ਹਾਲਤ ਵਿਚ ਤੈਅ ਕੀਤੀ ਜਾਵੇਗੀ। ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਸਰਕਾਰ ਲਗਾਤਾਰ ਆਪਣੀਆਂ ਚਿੰਤਾਵਾਂ ਬਾਰੇ ਭਾਰਤ ਸਰਕਾਰ ਨੂੰ ਜਾਣੂ ਕਰਵਾਉਂਦੀ ਰਹੇਗੀ। ਵੇਦਾਂਤ ਪਟੇਲ ਨੇ ‘ਬਲੂਮਬਰਗ’ ਵੱਲੋਂ ਪ੍ਰਕਾਸ਼ਤ ਰਿਪੋਰਟ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ ਜਿਸ ਵਿਚ ਇਕ ਅਮਰੀਕੀ ਨਾਗਰਿਕ ਨੂੰ ਕੈਨੇਡਾ ਵਿਚ ਵਿਆਹ ਸਮਾਗਮ ਦੌਰਾਨ ਕਤਲ ਕਰਨ ਦੀ ਸਾਜ਼ਿਸ਼ ਘੜੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ।

‘ਬਲੂਮਬਰਗ’ ਦੀ ਰਿਪੋਰਟ ਵਿਚ ਕੀਤਾ ਗਿਆ ਅਹਿਮ ਦਾਅਵਾ

ਰਿਪੋਰਟ ਮੁਤਾਬਕ ਕੈਨੇਡੀਅਨ ਪੁਲਿਸ ਨੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਕੋਲੋਂ ਕਥਿਤ ਤੌਰ ’ਤੇ ਹਥਿਆਰ ਵੀ ਬਰਾਮਦ ਕੀਤੇ ਗਏ। ਵਿਆਹ ਸਮਾਗਮ ਇਕ ਖਾਲਿਸਤਾਨ ਹਮਾਇਤੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਜਿਥੇ ਗੁਰਪਤਵੰਤ ਪੰਨੂ ਨੇ ਵੀ ਪਹੁੰਚਣਾ ਸੀ। ਵਿਦੇਸ਼ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਸੀ ਕਿ ਇਸ ਮਾਮਲੇ ਬਾਰੇ ਕੈਨੇਡਾ ਸਰਕਾਰ ਢੁਕਵਾਂ ਜਵਾਬ ਦੇ ਸਕਦੀ ਹੈ ਕਿਉਂਕਿ ਸਾਰਾ ਘਟਨਾਕ੍ਰਮ ਗੁਆਂਢੀ ਮੁਲਕ ਦੇ ਅਧਿਕਾਰ ਖੇਤਰ ਵਿਚ ਵਾਪਰਿਆ। ਇਥੇ ਦਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਵੱਲੋਂ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਭਾਰਤੀ ਨਾਗਰਿਕ ਨਿਖਿਲ ਗੁਪਤਾ ਵਿਰੁੱਧ ਮੁਕੱਦਮਾ ਚਲਾਇਆ ਜਾ ਰਿਹਾ ਹੈ ਅਤੇ ਇਕ ਭਾਰਤੀ ਅਫਸਰ ਦੀ ਕਥਿਤ ਸ਼ਮੂਲੀਅਤ ਵੀ ਦੱਸੀ ਜਾ ਰਹੀ ਹੈ।

ਅਮਰੀਕਾ ਨੇ ਕਿਹਾ, ਭਾਰਤ ਦੀ ਜਵਾਬਦੇਹੀ ਤੈਅ ਕਰਾਂਗੇ

ਨਿਖਿਲ ਗੁਪਤਾ ਨੂੰ ਚੈਕ ਰਿਪਬਲਿਕ ਵਿਚ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਸ ਸਾਲ 14 ਜੂਨ ਨੂੰ ਅਮਰੀਕਾ ਲਿਆਂਦਾ ਗਿਆ। ਦੂਜੇ ਪਾਸੇ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿਚ ਕੈਨੇਡਾ ਅਤੇ ਭਾਰਤ ਦਰਮਿਆਨ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹਿਣ ਦਾ ਜ਼ਿਕਰ ਕਰਦੀ ਰਿਪੋਰਟ ਵੀ ਸਾਹਮਣੇ ਆ ਚੁੱਕੀ ਹੈ।

Tags:    

Similar News