ਇਸ ਭਾਰਤੀ ਰੁੱਖ ਦੇ ਦੀਵਾਨੇ ਹੋਏ ਅਮਰੀਕਾ ਦੇ ਕਿਸਾਨ

ਭਾਰਤ ਦਾ ਇਕ ਪ੍ਰਾਚੀਨ ਰੁੱਖ ਹੁਣ ਫਲੋਰੀਡਾ ਵਿਚ ਕਾਫ਼ੀ ਜ਼ਿਆਦਾ ਵਧ ਫੁੱਲ ਰਿਹਾ ਏ ਕਿਉਂਕਿ ਇਹ ਰੁੱਖ ਜਿੱਥੇ ਟਿਕਾਊ ਖੇਤੀ ਲਈ ਕਾਰਗਰ ਸਾਬਤ ਹੋ ਰਿਹਾ ਏ, ਉਥੇ ਹੀ ਇਸ ਤੋਂ ਰਿਨਿਊਏਬਲ ਐਨਰਜੀ ਸਬੰਧੀ ਵੀ ਉਮੀਦ ਦੀ ਕਿਰਨ ਦਿਖਾਈ ਦੇ ਰਹੀ ਐ। ਦਰਅਸਲ ਇਸ ਰੁੱਖ ਦਾ ਨਾਮ ਪੋਂਗਾਮੀਆ ਏ,;

Update: 2024-07-10 13:38 GMT

ਵਾਸ਼ਿੰਗਟਨ : ਭਾਰਤ ਦੇ ਇਕ ਪ੍ਰਾਚੀਨ ਰੁੱਖ ਨੇ ਇਸ ਸਮੇਂ ਅਮਰੀਕਾ ਵਿਚ ਤਹਿਲਕਾ ਮਚਾ ਕੇ ਰੱਖ ਦਿੱਤਾ ਏ ਅਤੇ ਇਹ ਰੁੱਖ ਉਥੋਂ ਦੇ ਕਿਸਾਨਾਂ ਦੀ ਲਗਾਤਾਰ ਪਸੰਦ ਬਣਦਾ ਜਾ ਰਿਹਾ ਏ ਕਿਉਂਕਿ ਇਸ ਰੁੱਖ ਦੇ ਬੀਜਾਂ ਵਿਚ ਜਿੱਥੇ ਭਾਰੀ ਮਾਤਰਾ ਵਿਚ ਪ੍ਰੋਟੀਨ ਹੁੰਦੈ, ਉਥੇ ਹੀ ਇਨ੍ਹਾਂ ਤੋਂ ਟਿਕਾਊ ਜੈਵਿਕ ਈਂਧਣ ਤਿਆਰ ਕੀਤਾ ਜਾ ਸਕਦੈ, ਜਿਸ ਦੇ ਨਾਲ ਕਾਰਾਂ ਗੱਡੀਆਂ ਵੀ ਚਲਾਈਆਂ ਜਾ ਸਕਦੀਆਂ ਨੇ। ਇਸ ਰੁੱਖ ਵਿਚ ਹੋਰ ਵੀ ਬਹੁਤ ਸਾਰੀਆਂ ਖ਼ੂਬੀਆਂ ਮੌਜੂਦ ਨੇ ਜੋ ਕਿਸਾਨਾਂ ਨੂੰ ਇਸ ਦੇ ਵੱਲ ਆਕਰਸ਼ਿਤ ਕਰਦੀਆਂ ਨੇ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਇਸ ਰੁੱਖ ਦਾ ਨਾਮ ਅਤੇ ਹੋਰ ਕੀ ਕੀ ਨੇ ਇਸ ਦੀਆਂ ਖ਼ਾਸੀਅਤਾਂ?

ਭਾਰਤ ਦਾ ਇਕ ਪ੍ਰਾਚੀਨ ਰੁੱਖ ਹੁਣ ਫਲੋਰੀਡਾ ਵਿਚ ਕਾਫ਼ੀ ਜ਼ਿਆਦਾ ਵਧ ਫੁੱਲ ਰਿਹਾ ਏ ਕਿਉਂਕਿ ਇਹ ਰੁੱਖ ਜਿੱਥੇ ਟਿਕਾਊ ਖੇਤੀ ਲਈ ਕਾਰਗਰ ਸਾਬਤ ਹੋ ਰਿਹਾ ਏ, ਉਥੇ ਹੀ ਇਸ ਤੋਂ ਰਿਨਿਊਏਬਲ ਐਨਰਜੀ ਸਬੰਧੀ ਵੀ ਉਮੀਦ ਦੀ ਕਿਰਨ ਦਿਖਾਈ ਦੇ ਰਹੀ ਐ। ਦਰਅਸਲ ਇਸ ਰੁੱਖ ਦਾ ਨਾਮ ਪੋਂਗਾਮੀਆ ਏ, ਜਿਸ ਨੂੰ ਅਮਰੀਕਾ ਦੇ ਕਿਸਾਨਾਂ ਨੇ ਵੱਡੀ ਮਾਤਰਾ ਵਿਚ ਲਗਾਉਣਾ ਸ਼ੁਰੂ ਕਰ ਦਿੱਤਾ ਏ।

ਭਾਰਤ ਵਿਚ ਇਸ ਨੂੰ ਕਰੰਜਾ, ਕਰੰਜ, ਕਰੰਜ ਪਾਪੜੀ ਦੇ ਨਾਂਵਾਂ ਨਾਲ ਜਾਣਿਆ ਜਾਂਦਾ ਏ। ਇਹ ਰੁੱਖ ਬੇਹੱਦ ਲਚਕੀਲਾ ਹੁੰਦਾ ਏ ਅਤੇ ਇਸ ਤੋਂ ਹਾਈ ਪ੍ਰੋਟੀਨ ਅਤੇ ਟਿਕਾਊ ਜੈਵਿਕ ਈਂਧਣ ਦੀ ਪੈਦਾਵਾਰ ਕੀਤੀ ਜਾ ਸਕਦੀ ਐ। ਸਾਲਾਂ ਤੋਂ ਪੋਂਗਾਮੀਆ ਦੀ ਵਰਤੋਂ ਛਾਂਦਾਰ ਰੁੱਖਾਂ ਦੇ ਵਜੋਂ ਕੀਤੀ ਜਾਂਦੀ ਰਹੀ ਐ। ਇਸ ਰੁੱਖ ਨੂੰ ਛੋਟੀਆਂ ਭੂਰੇ ਰੰਗ ਦੀਆਂ ਫਲੀਆਂ ਲਗਦੀਆ ਨੇ ਜੋ ਇੰਨੀਆਂ ਕੌੜੀਆਂ ਹੁੰਦੀਆਂ ਨੇ ਕਿ ਇਨ੍ਹਾਂ ਨੂੰ ਜੰਗਲੀ ਸੂਰ ਵੀ ਨਹੀਂ ਖਾਂਦੇ, ਜਿਸ ਕਰਕੇ ਸੰਤਰੇ ਅਤੇ ਅੰਗੂਰਾਂ ਦੀ ਤੁਲਨਾ ਵਿਚ ਪੋਂਗਾਮੀਆ ਦੇ ਰੁੱਖਾਂ ’ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਨਹੀਂ ਪੈਂਦੀ।

ਪੋਂਗਾਮੀਆ ਰੁੱਖ ਦੀਆਂ ਖ਼ਾਸੀਅਤਾਂ ਇੱਥੇ ਹੀ ਖ਼ਤਮ ਨਹੀਂ ਹੁੰਦੀਆਂ। ਇਸ ਰੁੱਖ ਦੀ ਇਕ ਖ਼ਾਸੀਅਤ ਇਹ ਵੀ ਐ ਕਿ ਕਿਸਾਨਾਂ ਨੂੰ ਇਸ ’ਤੇ ਕਿਸੇ ਤਰ੍ਹਾਂ ਦੀ ਖਾਦ ਜਾਂ ਕੀਟਨਾਸ਼ਕ ਦਾ ਛਿੜਕਾਅ ਕਰਨ ਦੀ ਵੀ ਲੋੜ ਨਹੀਂ ਪੈਂਦੀ। ਇਹ ਰੁੱਖ ਸੁੱਕੇ ਜਾਂ ਬਰਸਾਤ ਦੋਵੇਂ ਸਥਿਤੀਆਂ ਵਿਚ ਉੱਗ ਪੈਂਦੇ ਨੇ ਅਤੇ ਇਨ੍ਹਾਂ ਦੀਆਂ ਫਲੀਆਂ ਤੋੜਨ ਲਈ ਕਾਮਿਆਂ ਦੀ ਵੀ ਲੋੜ ਨਹੀਂ ਪੈਂਦੀ ਕਿਉਂਕਿ ਜਦੋਂ ਇਸ ਦੀਆਂ ਫ਼ਲੀਆਂ ਪੱਕ ਜਾਂਦੀਆ ਨੇ ਤਾਂ ਇਕ ਮਸ਼ੀਨ ਨਾਲ ਟਾਹਣੀਆ ਨੂੰ ਹਿਲਾ ਦਿੱਤਾ ਜਾਂਦਾ ਏ, ਜਿਸ ਤੋਂ ਬਾਅਦ ਸਾਰੀਆਂ ਫ਼ਲੀਆਂ ਆਸਾਨੀ ਨਾਲ ਹੇਠਾਂ ਡਿੱਗ ਜਾਂਦੀਆਂ ਨੇ।

ਸੈਨ ਫਰਾਂਸਿਸਕੋ ਸਥਿਤ ਇਕ ਕੰਪਨੀ ਟਰਵਿਵਾ ਫ਼ਲੀਆਂ ਦੇ ਕੌੜੇ ਸਵਾਦ ਨੂੰ ਹਟਾਉਣ ਲਈ ਆਪਣੀ ਪੇਟੇਂਟ ਤਕਨੀਕ ਦੀ ਵਰਤੋਂ ਕਰਦੀ ਐ, ਜਿਸ ਨਾਲ ਫਲੀਆਂ ਖ਼ੁਰਾਕੀ ਉਤਪਾਦਾਂ ਦੇ ਲਈ ਵਰਤੋਂਯੋਗ ਹੋ ਜਾਂਦੀਆਂ ਨੇ। ਇਸ ਕੰਪਨੀ ਨੂੰ ਸਾਲ 2010 ਵਿਚ ਨਵੀਨ ਸਿੱਕਾ ਨੇ ਸਥਾਪਿਤ ਕੀਤਾ ਸੀ।

ਇਕ ਰਿਪੋਰਟ ਮੁਤਾਬਕ ਪੋਂਗਾਮੀਆ ਭਾਰਤ, ਦੱਖਣ ਪੂਰਬ ਏਸ਼ੀਆ ਅਤੇ ਆਸਟ੍ਰੇਲੀਆ ਵਿਚ ਮਿਲਣ ਵਾਲਾ ਜੰਗਲੀ ਰੁੱਖ ਐ, ਜਿਸ ਦੀਆਂ ਫ਼ਲੀਆਂ ਦੀ ਵਰਤੋਂ ਕਈ ਉਤਪਾਦਾਂ ਵਿਚ ਕੀਤੀ ਜਾਂਦੀ ਐ, ਜਿਸ ਵਿਚ ਤੇਲ ਅਤੇ ਪ੍ਰੋਟੀਨ ਸ਼ਾਮਲ ਐ। ਕੰਪਨੀ ਇਸ ਤੋਂ ਪ੍ਰੋਟੀਨ ਆਟਾ ਵੀ ਤਿਆਰ ਕਰਦੀ ਐ।

ਟਰਵਿਵਾ ਕੰਪਨੀ ਪ੍ਰਧਾਨ ਅਤੇ ਲੰਬੇ ਸਮੇਂ ਤੋਂ ਫਲੋਰੀਡਾ ਵਿਚ ਸੰਤਰਿਆਂ ਦੀ ਪੈਦਾਵਾਰ ਕਰਨ ਵਾਲੇ ਰਾਨ ਐਵਰਡਜ਼ ਦਾ ਕਹਿਣਾ ਏ ਕਿ ਇਸ ਦੀਆਂ ਫਲੀਆਂ ਤੇਲ ਦੀ ਪੈਦਾਵਾਰ ਕਰਦੀਆਂ ਨੇ, ਜਿਸ ਦੀ ਵਰਤੋਂ ਜੈਵ ਈਂਧਣ ਦੇ ਰੂਪ ਵਿਚ ਕੀਤੀ ਜਾ ਸਕਦੀ ਐ, ਖ਼ਾਸ ਤੌਰ ’ਤੇ ਜਹਾਜ਼ਾਂ ਦੇ ਲਈ, ਜੋ ਬੇਹੱਦ ਘੱਟ ਕਾਰਬਨ ਛੱਡਦੇ ਨੇ।

ਪੋਗਾਮੀਆ ਨੂੰ ਭਾਰਤ ਵਿਚ ਕਈ ਨਾਵਾਂ ਦੇ ਨਾਲ ਜਾਣਿਆ ਜਾਂਦਾ ਏ। ਇਹ ਰੁੱਖ ਕਾਫ਼ੀ ਪ੍ਰਾਚੀਨ ਮੰਨਿਆ ਜਾਂਦਾ ਏ ਕਿਉਂਕਿ ਇਸ ਦਾ ਵਰਨਣ ਆਯੁਰਵੈਦ ਵਿਚ ਵੀ ਆਉਂਦਾ ਏ ਕਿਉਂਕਿ ਇਸ ਤੋਂ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਏ।

ਐਡਰਵਡਜ਼ ਦਾ ਕਹਿਣਾ ਏ ਕਿ ਇਕ ਜੰਗਲੀ ਰੁੱਖ ਨੂੰ ਘਰੇਲੂ ਬਣਾਉਣਾ ਇੰਨਾ ਆਸਾਨ ਕੰਮ ਨਹੀਂ ਸੀ ਕਿਉਂਕਿ ਇਸ ਦੇ ਲਈ ਸਾਡੇ ਕੋਲ ਕੋਈ ਕਿਤਾਬ ਨਹੀਂ ਸੀ, ਫਿਰ ਅਜਿਹਾ ਪਹਿਲਾਂ ਕਦੇ ਕੀਤਾ ਵੀ ਨਹੀਂ ਗਿਆ ਸੀ,,,,ਪਰ ਹੁਣ ਮਧੂ ਮੱਖੀਆਂ ਵਰਗੇ ਹੋਰ ਜੀਵ ਪੋਂਗਮੀਆ ਦੇ ਫੁੱਲਾਂ ਦਾ ਆਨੰਦ ਮਾਣਦੇ ਨੇ।

ਉਸ ਦੇ ਮੁਤਾਬਕ ਸਭ ਤੋਂ ਖ਼ਾਸ ਗੱਲ ਇਹ ਐ ਕਿ ਜਿੰਨਾ ਤੇਲ ਚਾਰ ਏਕੜ ਸੋਇਆਬੀਨ ਤੋਂ ਪ੍ਰਾਪਤ ਹੁੰਦਾ ਏ, ਓਨਾ ਤੇਲ ਇਕ ਏਕੜ ਪੋਂਗਾਮੀਆ ਤੋਂ ਹਾਸਲ ਕੀਤਾ ਜਾ ਸਕਦਾ ਏ। ਪੋਂਗਾਮੀਆ ਦੇ ਬੀਜਾਂ ਤੋਂ ਤੇਲ ਕੱਢਣ ਮਗਰੋਂ ਜੋ ਬਾਕੀ ਬਚਦਾ ਏ, ਉਹ ਇਕ ਬਹੁਤ ਹੀ ਉਚ ਸ਼੍ਰੇਣੀ ਦਾ ਪ੍ਰੋਟੀਨ ਹੁੰਦਾ ਏ, ਜਿਸ ਨੂੰ ਬੇਕਿੰਗ, ਸਮੂਦੀ ਸਮੇਤ ਸਾਰੇ ਪੌਦਿਆਂ ’ਤੇ ਆਧਾਰਤ ਪ੍ਰੋਟੀਨ ਦੇ ਤੌਰ ’ਤੇ ਵਰਤਿਆ ਜਾ ਸਕਦਾ ਏ।

ਸੋ ਪੋਂਗਾਮੀਆ ਦਾ ਰੁੱਖ ਮੌਜੂਦਾ ਸਮੇਂ ਅਮਰੀਕਾ ਵਿਚ ਫਲੋਰੀਡਾ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੁੰਦਾ ਦਿਖਾਈ ਦੇ ਰਿਹਾ ਏ, ਇਸ ਤੋਂ ਪ੍ਰਭਾਵਿਤ ਹੋ ਕੇ ਹੋਰਨਾਂ ਖੇਤਰਾਂ ਦੇ ਕਿਸਾਨ ਵੀ ਪੋਂਗਾਮੀਆ ਦੀ ਖੇਤੀ ਵੱਲ ਆਕਰਸ਼ਿਤ ਹੋ ਰਹੇ ਨੇ ਜੋ ਦੂਜੀਆਂ ਫ਼ਸਲਾਂ ਦੀ ਖੇਤੀ ਨਾਲੋਂ ਕਾਫ਼ੀ ਆਸਾਨ ਅਤੇ ਘੱਟ ਖ਼ਰਚੀਲੀ ਦੱਸੀ ਜਾ ਰਹੀ ਐ।

Tags:    

Similar News