ਅਮਰੀਕਾ ਦੇ ਸ਼ਾਕਾਹਾਰੀ ਡਾਕਟਰ ਨੂੰ ਜਹਾਜ਼ ’ਚ ਖਵਾਇਆ ਮੀਟ, ਮੌਤ

ਅਮਰੀਕਾ ਤੋਂ ਸ੍ਰੀਲੰਕਾ ਰਵਾਨਾ ਹੋਈ ਫਲਾਈਟ ਵਿਚ ਸਵਾਰ ਵੈਜੀਟੇਰੀਅਨ ਮੁਸਾਫ਼ਰ ਨੂੰ ਨੌਨਵੈਜ ਖਾਣਾ ਖਵਾਉਣ ਕਰ ਕੇ ਉਸ ਦੀ ਮੌਤ ਹੋ ਗਈ

Update: 2025-10-09 12:32 GMT

ਲੌਸ ਐਂਜਲਸ : ਅਮਰੀਕਾ ਤੋਂ ਸ੍ਰੀਲੰਕਾ ਰਵਾਨਾ ਹੋਈ ਫਲਾਈਟ ਵਿਚ ਸਵਾਰ ਵੈਜੀਟੇਰੀਅਨ ਮੁਸਾਫ਼ਰ ਨੂੰ ਨੌਨਵੈਜ ਖਾਣਾ ਖਵਾਉਣ ਕਰ ਕੇ ਉਸ ਦੀ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਕ ਦਿਲ ਦੇ ਰੋਗਾਂ ਦੇ ਮਾਹਰ ਡਾ. ਅਸ਼ੋਕ ਜੈਵੀਰ ਨੇ ਸ਼ਾਕਾਹਾਰੀ ਖਾਣੇ ਦੀ ਗੁਜ਼ਾਰਿਸ਼ ਕੀਤੀ ਪਰ ਉਨ੍ਹਾਂ ਨੂੰ ਮਾਸਾਹਾਰੀ ਖਾਣਾ ਪਰੋਸ ਦਿਤਾ ਗਿਆ ਅਤੇ ਇਹ ਖਾਂਦਿਆਂ ਹੀ ਉਨ੍ਹਾਂ ਦਾ ਦਮ ਘੁਟਣ ਲੱਗਾ। 85 ਸਾਲ ਦੇ ਡਾ. ਜੈਵੀਰ ਦੇ ਬੇਟੇ ਵੱਲੋਂ ਕਤਰ ਏਅਰਵੇਜ਼ ਵਿਰੁੱਧ ਹੱਤਿਆ ਅਤੇ ਇਲਾਜ ਵਿਚ ਲਾਪ੍ਰਵਾਹੀ ਦਾ ਮੁਕੱਦਮਾ ਦਾਇਰ ਕਰਦਿਆਂ ਸਵਾ ਕਰੋੜ ਰੁਪਏ ਦਾ ਹਰਜਾਨਾ ਮੰਗਿਆ ਗਿਆ ਹੈ। ਦੱਸ ਦੇਈਏ ਕਿ ਇਹ ਮਾਮਲਾ 30 ਜੂਨ 2023 ਦਾ ਹੈ ਅਤੇ ਡਾ. ਅਸ਼ੋਕ ਲੌਸ ਐਂਜਲਸ ਤੋਂ ਕੋਲੰਬੋ ਜਾ ਰਹੇ ਸਨ। ਲੰਮੀ ਫਲਾਈਟ ਦੌਰਾਨ ਜਦੋਂ ਉਨ੍ਹਾਂ ਨੇ ਵੈਜੀਟੇਰੀਅਨ ਖਾਣਾ ਮੰਗਿਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਸ਼ਾਕਾਹਾਰੀ ਖਾਣਾ ਉਪਲਬਧ ਨਹੀਂ ਜਿਸ ਮਗਰੋਂ ਉਨ੍ਹਾਂ ਨੂੰ ਨੌਨਵੈਜ ਖਾਣਾ ਦੇ ਦਿਤਾ ਗਿਆ।

ਪਰਵਾਰ ਨੇ ਕਤਰ ਏਅਰਵੇਜ਼ ਵਿਰੁੱਧ ਦਾਇਰ ਕੀਤਾ ਕਤਲ ਦਾ ਮੁਕੱਦਮਾ

ਰਿਪੋਰਟ ਮੁਤਾਬਕ ਡਾ. ਅਸ਼ੋਕ ਨੇ ਜਿਉਂ ਹੀ ਨੌਨਵੈਜ ਖਾਣਾ ਖਾਣ ਦਾ ਯਤਨ ਕੀਤਾ ਤਾਂ ਉਨ੍ਹਾਂ ਨੂੰ ਔਖੇ-ਔਖੇ ਸਾਹ ਆਉਣ ਲੱਗੇ ਅਤੇ ਬੇਹੋਸ਼ ਹੋ ਗਏ। ਫਲਾਈਟ ਦੇ ਅਮਲੇ ਵੱਲੋਂ ਆਨਲਾਈਨ ਡਾਕਟਰਾਂ ਦਾ ਮਦਦ ਲੈਂਦਿਆਂ ਡਾ. ਅਸ਼ੋਕ ਨੂੰ ਹੋਸ਼ ਵਿਚ ਲਿਆਉਣ ਦਾ ਯਤਨ ਕੀਤਾ ਗਿਆ ਪਰ ਗੱਲ ਨਾ ਬਣੀ। ਆਖਰਕਾਰ ਜਹਾਜ਼ ਨੂੰ ਸਕਾਟਲੈਂਡ ਦੇ ਐਡਿਨਬਰਗ ਵਿਖੇ ਲੈਂਡ ਕਰਵਾਉਂਦਿਆਂ ਡਾ. ਅਸ਼ੋਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਤਿੰਨ ਦਿਨ ਬਾਅਦ ਵੀ ਡਾ.ਅਸ਼ੋਕ ਨੂੰ ਹੋਸ਼ ਨਾ ਆਇਆ ਅਤੇ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿਤਾ। ਪੜਤਾਲ ਦੌਰਾਨ ਪਤਾ ਲੱਗਾ ਕਿ ਡਾ. ਅਸ਼ੋਕ ਦੀ ਮੌਤ ਐਸਪੀਰੇਸ਼ਨ ਨਿਮੋਨੀਆ ਕਾਰਨ ਹੋਈ ਜੋ ਗਲਤੀ ਨਾਲ ਭੋਜਨ ਜਾਂ ਤਰਲ ਪਦਾਰਥ ਲੰਘਾਉਣ ਕਾਰਨ ਫੇਫੜਿਆਂ ਵਿਚ ਹੋਣ ਵਾਲਾ ਇਨਫ਼ੈਕਸ਼ਨ ਹੈ। ਡਾ. ਅਸ਼ੋਕ ਦੇ ਬੇਟੇ ਸੂਰਿਆ ਨੇ ਹਾਲ ਹੀ ਵਿਚ ਕਤਰ ਏਅਰਵੇਜ਼ ਵਿਰੁੱਧ ਮੁਕੱਦਮਾ ਦਾਇਰ ਕਰਦਿਆਂ ਕਿਹਾ ਹੈ ਕਿ ਡਾ. ਅਸ਼ੋਕ ਨੂੰ ਪਹਿਲਾਂ ਵੈਜੀਟੇਰੀਆ ਫੂਡ ਨਹੀਂ ਦਿਤਾ ਗਿਆ ਅਤੇ ਜਦੋਂ ਤਬੀਅਤ ਵਿਗੜੀ ਤਾਂ ਏਅਰਲਾਈਨ ਵੱਲੋਂ ਸਹੀ ਮਦਦ ਨਾ ਕੀਤੀ ਗਈ।

ਸਵਾ ਕਰੋੜ ਦਾ ਹਰਜਾਨਾ ਮੰਗਿਆ

ਮੁਕੱਦਮੇ ਵਿਚ ਦਲੀਲ ਦਿਤੀ ਗਈ ਹੈ ਕਿ ਕਤਰ ਅਤੇ ਅਮਰੀਕਾ, ਮੌਂਟਰੀਅਲ ਕਨਵੈਨਸ਼ਨ ਦਾ ਹਿੱਸਾ ਹਨ ਜੋ ਏਅਰਲਾਈਨਜ਼ ਦੀ ਜਵਾਬਦੇਹੀ ਤੈਅ ਕਰਨ ਵਾਲੀ ਕੌਮਾਂਤਰੀ ਸੰਧੀ ਹੈ। ਸੰਧੀ ਮੁਤਾਬਕ ਜਹਾਜ਼ ਵਿਚ ਮੌਤ ਅਤੇ ਸੱਟ ਦੇ ਦਾਅਵਿਆਂ ਲਈ 17 ਲੱਖ 50 ਹਜ਼ਾਰ ਡਾਲਰ ਤੱਕ ਮੁਆਵਜ਼ਾ ਮੰਗਿਆ ਜਾ ਸਕਦਾ ਹੈ। ਇਹ ਪਹਿਲੀ ਵਾਰ ਨਹੀਂ ਜਦੋਂ ਮੁਸਾਫ਼ਰਾਂ ਨੂੰ ਫਲਾਈਟ ਵਿਚ ਖਾਣ-ਪੀਣ ਦੀਆਂ ਚੁਣੌਤੀਆਂ ਦਾ ਟਾਕਰਾ ਕਰਨਾ ਪਿਆ। ਇਸ ਤੋਂ ਪਹਿਲਾਂ ਰਿਐਲਿਟੀ ਸਟਾਰ ਜੈਕ ਫਾਊਲਰ ਚਿਕਨ ਕਰੀ ਤੋਂ ਹੋਈ ਐਲਰਜੀ ਕਰ ਕੇ ਮੌਤ ਦੇ ਦਰਵਾਜ਼ੇ ਤੱਕ ਪੁੱਜ ਗਏ ਸਨ।

Tags:    

Similar News