ਅਮਰੀਕਾ ਦੇ ਵਿਗਿਆਨੀਆਂ ਨੂੰ ਮਿਲਿਆ ਮੈਡੀਸਨ ਖੇਤਰ ਦਾ ਨੋਬਲ ਐਵਾਰਡ
ਮੌਜੂਦਾ ਵਰ੍ਹੇ ਦੇ ਨੋਬਲ ਐਵਾਰਡ ਜੇਤੂਆਂ ਦਾ ਐਲਾਨ ਹੋਣਾ ਆਰੰਭ ਹੋ ਗਿਆ ਹੈ ਅਤੇ ਮੈਡੀਸਨ ਖੇਤਰ ਦਾ ਨੋਬਲ ਪ੍ਰਾਈਜ਼ ਅਮਰੀਕਾ ਦੇ ਵਿਗਿਆਨੀਆਂ ਵਿਕਟਰ ਐਂਬਰੋਜ਼ ਅਤੇ ਗੈਰੀ ਰਬਵਕੁਨ ਨੂੰ ਮਿਲਿਆ ਹੈ।;
ਨਿਊ ਯਾਰਕ : ਮੌਜੂਦਾ ਵਰ੍ਹੇ ਦੇ ਨੋਬਲ ਐਵਾਰਡ ਜੇਤੂਆਂ ਦਾ ਐਲਾਨ ਹੋਣਾ ਆਰੰਭ ਹੋ ਗਿਆ ਹੈ ਅਤੇ ਮੈਡੀਸਨ ਖੇਤਰ ਦਾ ਨੋਬਲ ਪ੍ਰਾਈਜ਼ ਅਮਰੀਕਾ ਦੇ ਵਿਗਿਆਨੀਆਂ ਵਿਕਟਰ ਐਂਬਰੋਜ਼ ਅਤੇ ਗੈਰੀ ਰਬਵਕੁਨ ਨੂੰ ਮਿਲਿਆ ਹੈ। ਇਹ ਐਵਾਰਡ ਮਾਈਕਰੋ ਆਰ.ਐਨ.ਏ. ਦੀ ਖੋਜ ਵਿਚ ਕੀਤੇ ਲਾਮਿਸਾਲ ਕਾਰਜਾਂ ਸਦਕਾ ਦਿਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਇਨਸਾਨੀ ਸਰੀਰ ਵਿਚ ਮਾਈਕਰੋ ਆਰ.ਐਨ.ਏ. ਤੋਂ ਬਗੈਰ ਸੈੱਲ ਅਤੇ ਟਿਸ਼ੂ ਵਿਕਸਤ ਨਹੀਂ ਹੋ ਸਕਦੇ ਪਰ ਦੂਜੇ ਪਾਸੇ ਮਾਈਕਰੋ ਆਰ.ਐਨ.ਏ. ਵਿਚ ਗੈਰਸਾਧਾਰਣ ਤਰੀਕੇ ਨਾਲ ਹੋਣ ਵਾਲੀਆਂ ਤਬਦੀਲੀਆਂ ਕੈਂਸਰ ਵਰਗੀਆਂ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ।
ਮਾਈਕਰੋ ਆਰ.ਐਨ.ਏ. ਖੋਜ ਦੌਰਾਨ ਕੀਤਾ ਲਾਮਿਸਾਲ ਅਧਿਐਨ
ਮਾਈਕਰੋ ਆਰ.ਐਨ.ਏ. ਦੀ ਜੀਨ ਕੋਡਿੰਗ ਵਿਚ ਮਿਊਟੇਸ਼ਨ ਹੋਣ ਕਰ ਕੇ ਮਨੁੱਖ ਨੂੰ ਸੁਣਨ ਦੀ ਸਮੱਸਿਆ, ਨਜ਼ਰ ਦੀ ਕਮੀ ਅਤੇ ਸਰੀਰਕ ਬਣਤਰ ਵਿਚ ਸਮੱਸਿਆ ਵਰਗੀਆਂ ਕਈ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੋਹਾਂ ਵਿਗਿਆਨੀਆਂ ਵੱਲੋਂ 1993 ਵਿਚ ਮਾਈਕਰੋ ਆਰ.ਐਨ.ਏ. ਦੀ ਖੋਜ ਕੀਤੀ ਗਈ ਅਤੇ ਇਨਸਾਨ ਦਾ ਜੀਨ ਡੀ.ਐਨ.ਏ. ਤੇ ਆਰ.ਐਨ.ਏ. ਨਾਲ ਬਣਿਆ ਹੁੰਦਾ ਹੈ। ਸਵੀਡਨ ਦੇ ਸਟੌਕਹੋਮ ਵਿਖੇ ਦਿਤੇ ਜਾਣ ਵਾਲੇ ਐਵਾਰਡ ਮੈਡੀਕਲ ਖੇਤਰ ਤੋਂ ਇਲਾਵਾ ਅਰਥਸ਼ਾਸਤਰ, ਸਾਹਿਤ ਅਤੇ ਸ਼ਾਂਤੀ ਲਈ ਪਾਏ ਯੋਗਦਾਨ ਵਾਸਤੇ ਵੀ ਦਿਤਾ ਜਾਂਦਾ ਹੈ। ਨੋਬਲ ਐਵਾਰਡ ਵਿਚ 11 ਮਿਲੀਅਨ ਸਵੀਡਿਸ਼ ਕਰੋਨਰ ਦਿਤੇ ਜਾਂਦੇ ਹਨ ਜੋ ਭਾਰਤੀ ਰੁਪਿਆਂ ਵਿਚ 8 ਕਰੋੜ 90 ਲੱਖ ਦੀ ਰਕਮ ਬਣਦੀ ਹੈ। 1901 ਵਿਚ ਨੋਬਲ ਪ੍ਰਾਈਜ਼ ਦੀ ਸ਼ੁਰੂਆਤ ਤੋਂ ਹੁਣ ਤੱਕ ਮੈਡੀਸਨ ਖੇਤਰ ਵਿਚ 229 ਜਣਿਆਂ ਨੂੰ ਸਨਮਾਨਤ ਕੀਤਾ ਜਾ ਚੁੱਕਾ ਹੈ।