ਅਮਰੀਕਾ : 2 ਧੀਆਂ ਅਤੇ ਪਤਨੀ ਦੇ ਕਤਲ ਮਗਰੋਂ ਕੀਤੀ ਖੁਦਕੁਸ਼ੀ
ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਕਰਜ਼ੇ ਹੇਠ ਦਬੇ ਇਕ ਸ਼ਖਸ ਨੇ 2 ਧੀਆਂ ਅਤੇ ਪਤਨੀ ਦਾ ਕਤਲ ਕਰਨ ਮਗਰੋਂ ਖੁਦਕੁਸ਼ੀ ਕਰ ਲਈ। ਇਹ ਤਰਾਸਦੀ ਸੈਨ ਫਰਾਂਸਿਸਕੋ ਦੇ ਵੈਸਟਵੁਡ ਹਾਈਲੈਂਡਜ਼ ਇਲਾਕੇ ਵਿਚ ਵਾਪਰੀ
ਸੈਨ ਫਰਾਂਸਿਸਕੋ : ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਕਰਜ਼ੇ ਹੇਠ ਦਬੇ ਇਕ ਸ਼ਖਸ ਨੇ 2 ਧੀਆਂ ਅਤੇ ਪਤਨੀ ਦਾ ਕਤਲ ਕਰਨ ਮਗਰੋਂ ਖੁਦਕੁਸ਼ੀ ਕਰ ਲਈ। ਇਹ ਤਰਾਸਦੀ ਸੈਨ ਫਰਾਂਸਿਸਕੋ ਦੇ ਵੈਸਟਵੁਡ ਹਾਈਲੈਂਡਜ਼ ਇਲਾਕੇ ਵਿਚ ਵਾਪਰੀ। ਮੀਡੀਆ ਰਿਪੋਰਟਾਂ ਮੁਤਾਬਕ ਪਰਵਾਰ ਨੇ ਕਰਜ਼ੇ ਲੈ ਕੇ ਘਰ ਖਰੀਦਿਆ ਪਰ ਅਦਾਇਗੀ ਨਾ ਹੋ ਸਕਣ ਕਰ ਕੇ 2 ਲੱਖ ਡਾਲਰ ਦੀਆਂ ਕਿਸ਼ਤਾਂ ਟੁੱਟ ਗਈਆਂ। ਸਤੰਬਰ 2024 ਦੌਰਾਨ ਜਨਤਕ ਨਿਲਾਮੀ ਦੌਰਾਨ ਘਰ ਵਿਕ ਗਿਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਚਾਰ ਜੀਆਂ ਦਾ ਪਰਵਾਰ ਔਰਬਿਨ ਕੌਫੀ ਨਾਂ ਦਾ ਰੈਸਟੋਰੈਂਟ ਚਲਾਉਂਦਾ ਸੀ ਅਤੇ ਇਸ ਦੀਆਂ ਤਿੰਨ ਬਰਾਂਚਾਂ ਸਨ ਪਰ ਹਾਲਾਤ ਅਜਿਹੇ ਵਿਗੜੇ ਕਿ ਪਰਵਾਰ ਦੀ ਕਮਾਈ ਬਿਲਕੁਲ ਬੰਦ ਹੋ ਗਈ।
ਕਰਜ਼ੇ ਦੇ ਬੋਝ ਹੇਠ ਦਬਿਆ ਹੋਇਆ ਸੀ ਪਰਵਾਰ
ਸੈਨ ਫਰਾਂਸਿਸਕੋ ਪੁਲਿਸ ਨੇ ਦੱਸਿਆ ਕਿ ਮੌਂਟਰੀ ਬੁਲੇਵਾਰਡ ਵਿਚਲੇ ਘਰ ਵਿਚੋਂ ਚਾਰ ਲਾਸ਼ਾਂ ਮਿਲੀਆਂ ਜਿਨ੍ਹਾਂ ਵਿਚੋਂ ਦੋ ਬੱਚੇ ਸਨ। ਪੁਲਿਸ ਨੇ ਮੌਤ ਦੇ ਕਾਰਨਾਂ ਬਾਰੇ ਕੋਈ ਜ਼ਿਕਰ ਨਾ ਕੀਤਾ। ਪਰਵਾਰ ਦੇ ਗੁਆਂਢ ਵਿਚ ਰਹਿੰਦੇ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਦੇ ਵੀ ਅਜਿਹਾ ਮਹਿਸੂਸ ਨਹੀਂ ਹੋਇਆ ਕਿ ਘਰ ਦਾ ਮੁਖੀ ਜਾਂ ਉਸ ਦੀ ਪਤਨੀ ਤਣਾਅ ਵਿਚ ਹਨ। ਆਰਥਿਕ ਮੁਸ਼ਕਲਾਂ ਦੇ ਬਾਵਜੂਦ ਸਾਰੇ ਜੀਅ ਖੁਸ਼ ਨਜ਼ਰ ਆਉਣ ਦਾ ਯਤਨ ਕਰਦੇ। ਇਸ ਹੌਲਨਾਕ ਵਾਰਦਾਤ ਮਗਰੋਂ ਇਲਾਕੇ ਵਿਚ ਸੋਗ ਦੀ ਲਹਿਰ ਹੈ ਅਤੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਸਮੂਹਕ ਅਰਦਾਸ ਕੀਤੀ ਗਈ।