ਅਮਰੀਕਾ : ਸਿੱਖਾਂ ਉਤੇ ਸਭ ਤੋਂ ਵੱਡੇ ਹਮਲੇ ਦੌਰਾਨ ਜਾਨ ਗਵਾਉਣ ਵਾਲਿਆਂ ਨੂੰ ਕੀਤਾ ਯਾਦ
ਅਮਰੀਕਾ ਦੀ ਧਰਤੀ ’ਤੇ ਸਿੱਖਾਂ ਉਪਰ ਹੋਏ ਸਭ ਤੋਂ ਵੱਡੇ ਹਮਲੇ ਦੌਰਾਨ ਜਾਨ ਗਵਾਉਣ ਵਾਲਿਆਂ ਨੂੰ 12ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ। ਓਕ ਕ੍ਰੀਕ ਗੁਰਦਵਾਰਾ ਸਾਹਿਬ ਵਿਖੇ ਇਕੱਠ ਦੌਰਾਨ ਸੰਯੁਕਤ ਰਾਸ਼ਟਰ ਵਿਚ ਅਮੀਰਕਾ ਦੀ ਰਾਜਦੂਤ
ਓਕ ਕ੍ਰੀਕ : ਅਮਰੀਕਾ ਦੀ ਧਰਤੀ ’ਤੇ ਸਿੱਖਾਂ ਉਪਰ ਹੋਏ ਸਭ ਤੋਂ ਵੱਡੇ ਹਮਲੇ ਦੌਰਾਨ ਜਾਨ ਗਵਾਉਣ ਵਾਲਿਆਂ ਨੂੰ 12ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਗਈ। ਓਕ ਕ੍ਰੀਕ ਗੁਰਦਵਾਰਾ ਸਾਹਿਬ ਵਿਖੇ ਇਕੱਠ ਦੌਰਾਨ ਸੰਯੁਕਤ ਰਾਸ਼ਟਰ ਵਿਚ ਅਮੀਰਕਾ ਦੀ ਰਾਜਦੂਤ Çਲੰਡਾ ਥੌਮਸ ਗਰੀਨਫੀਲਡ ਪੁੱਜੇ ਅਤੇ ਸੁਬੇਗ ਸਿੰਘ ਖਟੜਾ, ਸਤਵੰਤ ਸਿੰਘ ਕਾਲੇਕਾ, ਰਣਜੀਤ ਸਿੰਘ, ਸੀਤਾ ਸਿੰਘ, ਪਰਮਜੀਤ ਕੌਰ, ਪ੍ਰਕਾਸ਼ ਸਿੰਘ ਤੇ ਬਾਬਾ ਪੰਜਾਬ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਭਾਰਤੀ ਮੂਲ ਦੇ ਸੰਸਦ ਮੈਂਬਰਾਂ ਰਾਜਾ ਕ੍ਰਿਸ਼ਨਾਮੂਰਤੀ, ਰੋਅ ਖੰਨਾ, ਪ੍ਰਮਿਲਾ ਜੈਪਾਲ ਅਤੇ ਸ੍ਰੀ ਥਾਣੇਦਾਰ ਵੱਲੋਂ ਵੀ ਸ਼ਰਧਾਂਜਲੀ ਸੁਨੇਹੇ ਭੇਜੇ ਗਏ। 5 ਅਗਸਤ 2012 ਨੂੰ 40 ਸਾਲ ਦੇ ਵੇਡ ਮਾਈਕਲ ਪੇਜ ਵੱਲੋਂ ਕੀਤੇ ਹਮਲੇ ਮਗਰੋਂ ਸਭ ਤੋਂ ਪਹਿਲਾਂ ਪੁੱਜਣ ਵਾਲੇ ਪੁਲਿਸ ਅਫਸਰ ਬਰਾਇਨ ਮਰਫ਼ੀ ਉਸ ਦੁਖਾਂਤ ਨੂੰ ਅੱਜ ਤੱਕ ਨਹੀਂ ਭੁੱਲ ਸਕੇ ਅਤੇ ਹਰ ਸਾਲ ਬਰਸੀ ਸਮਾਗਮ ਵਿਚ ਸ਼ਮੂਲੀਅਤ ਕਰਦੇ ਹਨ। ਪੁਲਿਸ ਵਿਚੋਂ ਸੇਵਾ ਮੁਕਤ ਹੋ ਚੁੱਕੇ ਬਰਾਇਨ ਮਰਫੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਘਟਨਾ ਨੇ ਸਭ ਦੀ ਜ਼ਿੰਦਗੀ ਬਦਲ ਦਿਤੀ। ਗੋਲੀਆਂ ਲੱਗਣ ਕਾਰਨ ਬਰਾਇਨ ਮਰਫੀ ਵੀ ਜ਼ਖਮੀ ਹੋਏ ਅਤੇ ਜਦੋਂ ਹਸਪਤਾਲ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਸਿੱਖ ਭਾਈਚਾਰੇ ਨੇ ਵੇਡ ਮਾਈਕਲ ਪੇਜ ਨੂੰ ਮੁਆਫ ਕਰ ਦਿਤਾ ਹੈ ਤਾਂ ਉਨ੍ਹਾਂ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ। ਉਧਰ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ Çਲੰਡਾ ਥੌਮਸ ਗਰੀਨਫੀਲਡ ਨੇ ਪੀੜਤ ਪਰਵਾਰਾਂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਸਾਡੇ ਸਮਾਜ ਵਿਚ ਨਸਲੀ ਨਫ਼ਰਤ ਵਾਸਤੇ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ।
ਓਕ ਕ੍ਰੀਕ ਦੇ ਗੁਰਦਵਾਰਾ ਸਾਹਿਬ ਵਿਚ 5 ਅਗਸਤ 2012 ਨੂੰ ਹੋਇਆ ਸੀ ਹਮਲਾ
ਇਸੇ ਦੌਰਾਨ ਇਲੀਨੌਇ ਤੋਂ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੇ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਅੱਜ ਵਿਛੜੀਆਂ ਰੂਹਾਂ ਨੂੰ ਯਾਦ ਕਰਦਿਆਂ ਨਫ਼ਰਤ, ਨਸਲਵਾਦ ਅਤੇ ਵਿਤਕਰੇ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਦਾ ਅਹਿਦ ਕਰਨਾ ਚਾਹੀਦਾ ਹੈ। ਕੈਲੇਫੋਰਨੀਆ ਤੋਂ ਸੰਸਦ ਮੈਂਬਰ ਰੋਅ ਖੰਨਾ ਨੇ ਕਿਹਾ ਕਿ ਅਗਸਤ 2012 ਦੀ ਘਟਨਾ ਨੇ ਸਿੱਖ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿਤਾ। ਇਕ ਮੁਲਕ ਹੋਣ ਦੇ ਨਾਤੇ ਸਾਡਾ ਫਰਜ਼ ਬਣ ਜਾਂਦਾ ਹੈ ਕਿ ਜੰਗ ਵਿਚ ਵਰਤੇ ਜਾਣ ਵਾਲੇ ਹਥਿਆਰ ਸਮਾਜ ਵਿਚੋਂ ਬਾਹਰ ਕਰ ਦਿਤੇ ਜਾਣ ਅਤੇ ਹਰ ਧਰਮ ਦਾ ਪੈਰੋਕਾਰ ਬਗੈਰ ਕਿਸੇ ਡਰ ਤੋਂ ਆਪਣੀ ਬੰਦਗੀ ਕਰ ਸਕੇ। ਕਾਂਗਰੈਸ਼ਨਲ ਏਸ਼ੀਅਨ ਪੈਸੇਫਿਕ ਅਮੈਰਿਕਨ ਕੌਕਸ ਦੀ ਚੇਅਰ ਰਿਪ੍ਰਜ਼ੈਂਟੇਟਿਵ ਜੂਡੀ ਚੂ ਨੇ ਕਿਹਾ ਕਿ ਧਾਰਮਿਕ ਥਾਂਵਾ ’ਤੇ ਬੰਦੂਕ ਹਿੰਸਾ ਵਰਗੀਆਂ ਘਟਨਾਵਾਂ ਕਦੇ ਨਹੀਂ ਹੋਣੀਆਂ ਚਾਹੀਦੀਆਂ। ਅਮਰੀਕਾ ਦੇ ਹਰ ਨਾਗਰਿਕ ਵਾਂਗ ਸਿੱਖਾਂ ਨੂੰ ਆਪਣੇ ਧਾਰਮਿਕ ਸਮਾਗਮਾਂ ਦੌਰਾਨ ਸੁਰੱਖਿਅਤ ਮਹਿਸੂਸ ਕਰਨ ਦਾ ਹੱਕ ਹੈ। ਨਸਲਵਾਦ ਵਰਗੀ ਸਮਾਜਿਕ ਬੁਰਾਈ ਲਈ ਸਾਡੇ ਮੁਲਕ ਵਿਚ ਕੋਈ ਥਾਂ ਨਹੀਂ। ਓਕ ਕ੍ਰੀਕ ਦੇ ਗੁਰਦਵਾਰਾ ਸਾਹਿਬ ਵਿਚ ਵਾਪਰੀ ਘਟਨਾ ਧਾਰਮਿਕ ਅਸਹਿਣਸ਼ੀਲਤਾ ਵੱਲ ਵੀ ਇਸ਼ਾਰਾ ਕਰਦੀ ਹੈ ਪਰ ਅਮਰੀਕਾ ਵਿਚ ਹਰ ਧਰਮ ਦੇ ਲੋਕ ਹੋਰਨਾਂ ਪ੍ਰਤੀ ਹਮੇਸ਼ਾ ਤੋਂ ਸਹਿਣਸ਼ੀਲ ਰਹੇ ਹਨ ਅਤੇ ਰਹਿਣਗੇ। ਗੋਲੀਬਾਰੀ ਦੌਰਾਨ ਜਾਨ ਗਵਾਉਣ ਵਾਲੇ ਸਤਵੰਤ ਸਿੰਘ ਕਾਲੇਕਾ ਦੇ ਬੇਟੇ ਪ੍ਰਦੀਪ ਸਿੰਘ ਕਾਲੇਕਾ ਦਾ ਕਹਿਣਾ ਸੀ ਕਿ ਅੱਜ 12 ਸਾਲ ਬਾਅਦ ਸਿੱਖ ਭਾਈਚਾਰਾ ਇਕ ਨਵੀਂ ਉਮੀਦ ਨਾਲ ਅੱਗੇ ਵਧ ਰਿਹਾ ਹੈ। ਵਿਛੜੀਆਂ ਰੂਹਾਂ ਵੀ ਮਾਣ ਮਹਿਸੂਸ ਕਰ ਰਹੀਆਂ ਹਨ ਜੋ ਓਕ ਕ੍ਰੀਕ ਗੁਰਦਵਾਰਾ ਸਾਹਿਬ ਵਿਚ 12 ਸਾਲ ਪਹਿਲਾਂ ਵਾਪਰੀ ਘਟਨਾ ਮਗਰੋਂ ਸਿੱਖ ਭਾਈਚਾਰੇ ਵੱਲੋਂ ਕੰਮ ਕੀਤੇ ਗਏ।