ਅਮਰੀਕਾ : ਹਿੰਦੂ ਮੰਦਰ ਦੀਆਂ ਕੰਧਾਂ ’ਤੇ ਫਲਸਤੀਨ ਹਮਾਇਤੀ ਨਾਹਰੇ

ਅਮਰੀਕਾ ਦੇ ਨਿਊ ਜਰਸੀ ਸੂਬੇ ਵਿਚ ਹਿੰਦੂ ਮੰਦਰ ਦੀਆਂ ਕੰਧਾਂ ’ਤੇ ਗਾਜ਼ਾ ਅਤੇ ਫਲਸਤੀਨ ਨਾਲ ਸਬੰਧਤ ਨਾਹਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ

Update: 2025-10-14 12:39 GMT

ਜਰਸੀ ਸਿਟੀ : ਅਮਰੀਕਾ ਦੇ ਨਿਊ ਜਰਸੀ ਸੂਬੇ ਵਿਚ ਹਿੰਦੂ ਮੰਦਰ ਦੀਆਂ ਕੰਧਾਂ ’ਤੇ ਗਾਜ਼ਾ ਅਤੇ ਫਲਸਤੀਨ ਨਾਲ ਸਬੰਧਤ ਨਾਹਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਗਾਜ਼ਾ ਵਿਚ ਜੰਗ ਖ਼ਤਮ ਹੋਣ ਦਾ ਐਲਾਨ ਕਰਨ ਤੋਂ ਇਕ ਦਿਨ ਬਾਅਦ ਵਾਪਰੀ ਘਟਨਾ ਦੇ ਮਕਸਦ ਬਾਰੇ ਫ਼ਿਲਹਾਲ ਕੁਝ ਸਮਝ ਨਹੀਂ ਆ ਰਿਹਾ। ਜਰਸੀ ਸਿਟੀ ਵਿਚ ਵਾਪਰੀ ਵਾਰਦਾਤ ਬਾਰੇ ਪੁਲਿਸ ਪੜਤਾਲ ਕਰ ਰਹੀ ਹੈ ਪਰ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਕੋਲੀਸ਼ਨ ਆਫ਼ ਹਿੰਦੂ ਆਫ਼ ਨੌਰਥ ਅਮੈਰਿਕਾ ਵੱਲੋਂ ਘਟਨਾ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜਥੇਬੰਦੀ ਨੇ ਕਿਹਾ ਕਿ ਇਸ ਵਾਰ ਜਰਸੀ ਸਿਟੀ ਦੇ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਨਿਊ ਜਰਸੀ ਸੂਬੇ ਵਿਚ ਇਹ ਪਹਿਲੀ ਵਾਰਦਾਤ ਨਹੀਂ, ਇਸ ਤੋਂ ਪਹਿਲਾਂ 2022 ਵਿਚ ਐਡੀਸਨ ਸ੍ਰੀ ਉਮਿਆ ਧਾਮ ਮੰਦਰ ਦੀਆਂ ਕੰਧਾਂ ’ਤੇ ਫਲਸਤੀਨ ਨੂੰ ਆਜ਼ਾਦ ਕਰੋ ਦੇ ਨਾਹਰੇ ਲਿਖੇ ਗਏ ਸਨ।

ਨਿਊ ਜਰਸੀ ਸੂਬੇ ਵਿਚ ਵਾਰਦਾਤ, ਪੁਲਿਸ ਕਰ ਰਹੀ ਪੜਤਾਲ

ਅਮਰੀਕਾ ਦੇ ਕੈਲੇਫੋਨੀਆ, ਨਿਊ ਯਾਰਕ ਅਤੇ ਇੰਡਿਆਨਾ ਰਾਜਾਂ ਵਿਚ ਵੀ ਹਿੰਦੂ ਮੰਦਰ ਦੀਆਂ ਕੰਧਾਂ ’ਤੇ ਕਾਲਖ ਪੋਤਣ ਜਾਂ ਇਤਰਾਜ਼ਯੋਗ ਨਾਹਰੇ ਲਿਖਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਕੈਲੇਫੋਰਨੀਆ ਦੇ ਚੀਨੋ ਹਿਲਜ਼ ਇਲਾਕੇ ਵਿਚ ਹਿੰਦੂ ਮੰਦਰ ਦੀਆਂ ਕੰਧਾਂ ’ਤੇ ਭਾਰਤ ਵਿਰੋਧੀ ਨਾਹਰੇ ਲਿਖੇ ਗਏ ਜਦਕਿ ਲੌਂਗ ਆਇਲੈਂਡ ਦੇ ਮੈਲਵਿਲ ਇਲਾਕੇ ਦੇ ਮੰਦਰ ਦੀਆਂ ਕੰਧਾਂ ਵੀ ਕਾਲੀਆਂ ਕੀਤੇ ਜਾਣ ਦੀ ਰਿਪੋਰਟ ਸਾਹਮਣੇ ਆਈ। ਨਿਊ ਯਾਰਕ ਸਥਿਤ ਭਾਰਤੀ ਕੌਂਸਲੇਟ ਨੇ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਜਰਸੀ ਸਿਟੀ ਵਿਖੇ ਵਾਪਰੀ ਤਾਜ਼ਾ ਘਟਨਾ ਮਗਰੋਂ ਹਿੰਦੂ ਜਥੇਬੰਦੀਆਂ ਨੇ ਕਿਹਾ ਕਿ ਭਵਿੱਖਖ ਵਿਚ ਅਜਿਹੀਆਂ ਵਾਰਦਾਤਾਂ ਰੋਕਣ ਲਈ ਫੈਸਲਾਕੁੰਨ ਕਦਮ ਉਠਾਉਣੇ ਹੋਣਗੇ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨ ਸਭ ਦੇ ਸਾਂਝੇ ਹੁੰਦੇ ਹਨ ਅਤੇ ਇਥੇ ਪ੍ਰਮਾਤਮਾ ਦੀ ਇਬਾਦਤ ਤੋਂ ਸਿਵਾਏ ਕੁਝ ਨਹੀਂ ਹੋਣਾ ਚਾਹੀਦਾ। ਸਿਆਸੀ ਹਿਤਾਂ ਤੋਂ ਪ੍ਰੇਰਿਤ ਵਿਚਾਰਾਂ ਨੂੰ ਧਾਰਮਿਕ ਥਾਵਾਂ ਤੋਂ ਵੱਖ ਰੱਖਿਆ ਜਾਵੇ।

Tags:    

Similar News