ਅਮਰੀਕਾ ਨੇ ਡਿਪੋਰਟ ਕੀਤੇ 2 ਲੱਖ 71 ਹਜ਼ਾਰ ਗੈਰਕਾਨੂੰਨੀ ਪ੍ਰਵਾਸੀ

ਗੈਰਕਾਨੂੰਨੀ ਤੌਰ ’ਤੇ ਅਮਰੀਕਾ ਵਿਚ ਮੌਜੂਦ ਪ੍ਰਵਾਸੀਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਵੱਲੋਂ 2 ਲੱਖ 71 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਡਿਪੋਰਟ ਕਰ ਦਿਤਾ ਗਿਆ;

Update: 2024-12-20 13:04 GMT

ਵਾਸ਼ਿੰਗਟਨ : ਗੈਰਕਾਨੂੰਨੀ ਤੌਰ ’ਤੇ ਅਮਰੀਕਾ ਵਿਚ ਮੌਜੂਦ ਪ੍ਰਵਾਸੀਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵਿਭਾਗ ਵੱਲੋਂ 2 ਲੱਖ 71 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਡਿਪੋਰਟ ਕਰ ਦਿਤਾ ਗਿਆ ਜੋ ਪਿਛਲੇ 10 ਸਾਲ ਦਾ ਸਿਖਰਲਾ ਅੰਕੜਾ ਦੱਸਿਆ ਜਾ ਰਿਹਾ ਹੈ। 12 ਮਹੀਨੇ ਦੇ ਵਕਫ਼ੇ ਦੌਰਾਨ ਕੀਤੀ ਇਸ ਕਾਰਵਾਈ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਡੌਨਲਡ ਟਰੰਪ ਦੇ ਸਹੁੰ ਚੁੱਕਣ ਮਗਰੋਂ ਅਮਰੀਕਾ ਵਿਚੋਂ ਕੱਢੇ ਜਾਣ ਵਾਲੇ ਪ੍ਰਵਾਸੀਆਂ ਦਾ ਅੰਕੜਾ 10 ਗੁਣਾ ਤੱਕ ਵਧ ਸਕਦਾ ਹੈ।

ਟਰੰਪ ਦੇ ਸਹੁੰ ਚੁੱਕਣ ਮਗਰੋਂ ਅੰਕੜਾ 10 ਗੁਣਾ ਤੱਕ ਵਧਣ ਦਾ ਖਦਸ਼ਾ

ਆਈ.ਸੀ.ਈ. ਵੱਲੋਂ ਇਸ ਤੋਂ ਪਹਿਲਾਂ 2014 ਵਿਚ 3 ਲੱਖ 16 ਹਜ਼ਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਜਦਕਿ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ 2019 ਵਿਚ ਸਭ ਤੋਂ ਵੱਧ 2 ਲੱਖ 67 ਹਜ਼ਾਰ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿਤਾ ਗਿਆ। 192 ਮੁਲਕਾਂ ਨਾਲ ਸਬੰਧਤ ਪ੍ਰਵਾਸੀ ਡਿਪੋਰਟ ਕੀਤੇ ਗਏ ਜਿਨ੍ਹਾਂ ਵਿਚੋਂ ਸਭ ਤੋਂ ਵੱਧ ਗੁਆਟੇਮਾਲਾ, ਹੌਂਡੁਰਸ ਅਤੇ ਮੈਕਸੀਕੋ ਨਾਲ ਸਬੰਧਤ ਦੱਸੇ ਜਾ ਰਹੇ ਹਨ ਪਰ ਭਾਰਤ, ਚੀਨ ਰੋਮਾਨੀਆ, ਸੈਨੇਗਲ, ਤਜਾਕਿਸਤਾਨ, ਉਜ਼ਬੇਕਿਸਤਾਨ, ਅਲਬਾਨੀਆ, ਅੰਗੋਲਾ, ਮਿਸਰ ਅਤੇ ਘਾਨਾ ਦੇ ਪ੍ਰਵਾਸੀਆਂ ਦੀ ਜ਼ਿਕਰਯੋਗ ਗਿਣਤੀ ਵੀ ਸ਼ਾਮਲ ਰਹੀ। ਡਿਪੋਰਟੇਸ਼ਨ ਫਲਾਈਟਸ ਦੀ ਗਿਣਤੀ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ ਅਤੇ ਇਥੋਂ ਤੱਕ ਕਿ ਵੀਕਐਂਡ ਦੌਰਾਨ ਵੀ ਕੰਮ ਨਹੀਂ ਰੁਕਦਾ। ਦੂਜੇ ਪਾਸੇ ਮੈਕਸੀਕੋ ਬਾਰਡਰ ’ਤੇ ਰੋਕੇ ਪ੍ਰਵਾਸੀਆਂ ਦੀ ਗਿਣਤੀ ਨਵੰਬਰ ਦੌਰਾਨ 46,612 ਦਰਜ ਕੀਤੀ ਗਈ ਅਤੇ ਇਹ ਅੰਕੜਾ ਅਕਤੂਬਰ ਦੇ ਮੁਕਾਬਲੇ 18 ਫ਼ੀ ਸਦੀ ਘੱਟ ਹੈ ਜਦੋਂ 56, 526 ਪ੍ਰਵਾਸੀਆਂ ਨੂੰ ਰੋਕਿਆ ਗਿਆ।

ਆਈ.ਸੀ.ਈ. ਨੇ 1.13 ਲੱਖ ਪ੍ਰਵਾਸੀ ਹਿਰਾਸਤ ਵਿਚ ਲਏ

ਜੁਲਾਈ 2020 ਤੋਂ ਬਾਅਦ ਪਿਛਲੇ ਮਹੀਨੇ ਅਮਰੀਕਾ ਦੇ ਦੱਖਣੀ ਬਾਰਡਰ ਰਾਹੀਂ ਦਾਖਲ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਸਭ ਤੋਂ ਘੱਟ ਦਰਜ ਕੀਤੀ ਗਈ। ਅਮਰੀਕਾ ਵਿਚ ਪਹਿਲਾਂ ਤੋਂ ਮੌਜੂਦ ਪਰ ਬਗੈਰ ਇੰਮੀਗ੍ਰੇਸ਼ਨ ਸਟੇਟਸ ਬਾਰੇ ਪ੍ਰਵਾਸੀਆਂ ਦੀ ਗ੍ਰਿਫ਼ਤਾਰੀ ਦਾ ਅੰਕੜਾ ਘਟਦਾ ਮਹਿਸੂਸ ਹੋ ਰਿਹਾ ਹੈ। ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫ਼ੋਰਸਮੈਂਟ ਵਿਭਾਗ ਵੱਲੋਂ 30 ਸਤੰਬਰ ਨੂੰ ਖਤਮ ਹੋਏ ਵਿੱਤੀ ਵਰ੍ਹੇ ਦੌਰਾਨ 1 ਲੱਖ 13 ਹਜ਼ਾਰ ਪ੍ਰਵਾਸੀ ਗ੍ਰਿਫ਼ਤਾਰ ਕੀਤੇ ਜਦਕਿ ਇਸ ਤੋਂ ਪਿਛਲੇ ਸਾਲ 1 ਲੱਖ 70 ਹਜ਼ਾਰ ਪ੍ਰਵਾਸੀ ਕਾਬੂ ਕੀਤੇ ਗਏ ਸਨ। ਆਈ.ਸੀ.ਈ. ਦੇ ਡਿਪਟੀ ਡਾਇਰੈਕਟਰ ਪੈਟ੍ਰਿਕ ਲੈਕਲਾਈਟਨਰ ਨੇ ਦੱਸਿਆ ਕਿ ਸਾਲ ਦਰ ਸਾਲ ਉਨ੍ਹਾਂ ਦੇ ਮਹਿਕਮੇ ਲਈ ਚੁਣੌਤੀਆਂ ਵਧਦੀਆਂ ਜਾ ਰਹੀਆਂ ਹਨ। ਜੋਅ ਬਾਇਡਨ ਦੇ ਸੱਤਾ ਸੰਭਾਲਣ ਮਗਰੋਂ ਗੈਰਕਾਨੂੰਨੀ ਪ੍ਰਵਾਸ ਵਿਚ ਵਾਧਾ ਹੋਇਆ ਪਰ ਅਸਾਇਲਮ ਦੇ ਨਿਯਮ ਸਖ਼ਤ ਕੀਤੇ ਜਾਣ ਮਗਰੋਂ ਗਿਣਤੀ ਘਟਣੀ ਸ਼ੁਰੂ ਹੋ ਗਈ। ਇਕ ਅੰਦਾਜ਼ੇ ਮੁਤਾਬਕ ਇਸ ਵੇਲੇ ਤਕਰੀਬਨ ਡੇਢ ਕਰੋੜ ਲੋਕ ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ। ਹੁਣ ਟਰੰਪ ਇਨ੍ਹਾਂ ਨੂੰ ਕੱਢਣ ਲਈ ਕਿਹੜੀ ਰਣਨੀਤੀ ਲਾਗੂ ਕਰਨਗੇ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਉਧਰ ਇੰਮੀਗ੍ਰੇਸ਼ਨ ਹਮਾਇਤੀਆਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਵੱਲੋਂ ਟੈਕਸ ਅਦਾ ਕੀਤਾ ਜਾ ਰਿਹਾ ਹੈ ਅਤੇ ਅਜਿਹੀਆਂ ਖਤਰਨਾਕ ਨੌਕਰੀਆਂ ਕਰਨ ਵਾਸਤੇ ਵੀ ਤਿਆਰ ਰਹਿੰਦੇ ਹਨ ਜੋ ਅਮਰੀਕਾ ਵਿਚ ਪੱਕੇ ਲੋਕ ਕਦੇ ਵੀ ਨਹੀਂ ਕਰਨਾ ਚਾਹੁੰਦੇ। ਵੱਡੀ ਗਿਣਤੀ ਵਿਚ ਡਿਪੋਰਟੇਸ਼ਨ ਅਮਰੀਕਾ ਵਿਚ ਕਿਰਤੀਆਂ ਦੀ ਘਾਟ ਪੈਦਾ ਕਰ ਦੇਵੇਗੀ ਅਤੇ ਇਸ ਨਾਲ ਕੀਮਤਾਂ ਵਧਣਗੀਆਂ ਜਦਕਿ ਟਰੰਪ ਮਹਿੰਗਾਈ ਘਟਾਉਣ ਦਾ ਵਾਅਦਾ ਕਰ ਕੇ ਸੱਤਾ ਵਿਚ ਆਏ ਹਨ।

Tags:    

Similar News