ਅਮਰੀਕਾ ਵੱਲੋਂ ਭਾਰਤੀਆਂ ਨੂੰ 2.5 ਲੱਖ ਵੀਜ਼ੇ ਦੇਣ ਦਾ ਐਲਾਨ!

ਅਮਰੀਕਾ ਵੱਲੋਂ ਭਾਰਤੀ ਲੋਕਾਂ ਨੂੰ ਢਾਈ ਲੱਖ ਵਾਧੂ ਵੀਜ਼ਾ ਅਪੁਆਇੰਟਮੈਂਟਸ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਵਿਚ ਨਾ ਸਿਰਫ਼ ਵਿਜ਼ਟਰ ਸ਼ਾਮਲ ਹੋਣਗੇ ਸਗੋਂ ਹੁਨਰਮੰਦ ਕਾਮੇ ਅਤੇ ਕੌਮਾਂਤਰੀ ਵਿਦਿਆਰਥੀ ਵੀ ਸ਼ਾਮਲ ਕੀਤੇ ਗਏ ਹਨ।;

Update: 2024-10-01 09:42 GMT

ਨਵੀਂ ਦਿੱਲੀ : ਅਮਰੀਕਾ ਵੱਲੋਂ ਭਾਰਤੀ ਲੋਕਾਂ ਨੂੰ ਢਾਈ ਲੱਖ ਵਾਧੂ ਵੀਜ਼ਾ ਅਪੁਆਇੰਟਮੈਂਟਸ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਵਿਚ ਨਾ ਸਿਰਫ਼ ਵਿਜ਼ਟਰ ਸ਼ਾਮਲ ਹੋਣਗੇ ਸਗੋਂ ਹੁਨਰਮੰਦ ਕਾਮੇ ਅਤੇ ਕੌਮਾਂਤਰੀ ਵਿਦਿਆਰਥੀ ਵੀ ਸ਼ਾਮਲ ਕੀਤੇ ਗਏ ਹਨ। ਦੂਜੇ ਪਾਸੇ ਅਮਰੀਕਾ ਦੇ ਬਾਰਡਰ ’ਤੇ ਭਾਰਤੀ ਲੋਕਾਂ ਦੇ ਇਕ ਵੱਡੇ ਦੇ ਝੁੰਡ ਨੂੰ ਬਾਰਡਰ ਏਜੰਟਾਂ ਵੱਲੋਂ ਰੋਕੇ ਜਾਣ ਦੀ ਰਿਪੋਰਟ ਹੈ ਜੋ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਦਾ ਯਤਨ ਕਰ ਰਹੇ ਸਨ। ਇੰਮੀਗ੍ਰੇਸ਼ਨ ਹਿਰਾਸਤ ਵਿਚ ਲਏ ਤਕਰੀਬਨ 70 ਭਾਰਤੀਆਂ ਨੂੰ ਅਜਿਹੇ ਸਮੇਂ ਕਾਬੂ ਕੀਤਾ ਗਿਆ ਹੈ ਜਦੋਂ ਅਮਰੀਕਾ ਸਰਕਾਰ ਅਸਾਇਲਮ ਦੇ ਦਾਅਵੇ ਸਿੱਧੇ ਤੌਰ ’ਤੇ ਰੱਦ ਕਰ ਰਹੀ ਹੈ। ਦੂਜੇ ਪਾਸੇ ਅਮਰੀਕਾ ਦਾ ਵਿਜ਼ਟਰ ਵੀਜ਼ਾ ਹਾਸਲ ਕਰਨ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 35 ਫ਼ੀ ਸਦੀ ਵਧ ਚੁੱਕੀ ਹੈ ਅਤੇ ਇਸ ਵੇਲੇ 60 ਲੱਖ ਭਾਰਤੀਆਂ ਕੋਲ ਅਮਰੀਕਾ ਦਾ ਨੌਨ ਇੰਮੀਗ੍ਰੈਂਟ ਵੀਜ਼ਾ ਮੌਜੂਦ ਹੈ। ਭਾਰਤ ਵਿਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੈਟੀ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਵੀਜ਼ਾ ਪ੍ਰਕਿਰਿਆ ਨੂੰ ਸੁਖਾਲਾ ਅਤੇ ਤੇਜ਼ ਬਣਾਉਣ ਦਾ ਟੀਚਾ ਮਿੱਥਿਆ ਗਿਆ ਅਤੇ ਇਸ ਟੀਚੇ ਨੂੰ ਪੂਰਾ ਕਰਦਿਆਂ ਅੰਬੈਸੀ ਦਾ ਸਟਾਫ਼ ਮਾਣ ਮਹਿਸੂਸ ਕਰ ਰਿਹਾ ਹੈ।

12 ਲੱਖ ਭਾਰਤੀ ਮੌਜੂਦਾ ਵਰ੍ਹੇ ਦੌਰਾਨ ਪੁੱਜੇ ਅਮਰੀਕਾ

ਪੂਰਾ ਸਟਾਫ਼ ਅਮਰੀਕੀ ਵੀਜ਼ਿਆਂ ਦੀ ਵਧਦੀ ਮੰਗ ਨਾਲ ਨਜਿੱਠਣ ਲਈ ਲਗਾਤਾਰ ਯਤਨ ਕਰ ਰਿਹਾ ਹੈ। ਅੰਬੈਸੀ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬੀਤੇ ਸ਼ਨਿੱਚਰਵਾਰ ਨੂੰ ਵਿਜ਼ਟਰ ਵੀਜ਼ਾ ਵਾਲਿਆਂ ਦੀਆਂ ਇਕ ਹਜ਼ਾਰ ਤੋਂ ਵੱਧ ਇੰਟਰਵਿਊਜ਼ ਮੁਕੰਮਲ ਕੀਤੀਆਂ ਗਈਆਂ। ਦੂਜੇ ਪਾਸੇ ਗੈਕਰਾਨੂੰਨੀ ਤਰੀਕੇ ਨਾਲ ਅਮਰੀਕਾ ਪੁੱਜਣ ਦਾ ਯਤਨ ਕਰ ਰਹੇ ਭਾਰਤੀਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ ਅਤੇ ਰੋਜ਼ਾਨਾ ਦਰਜਨਾਂ ਚਾਰਟਰ ਫਲਾਈਟਸ ਅਮਰੀਕਾ ਨੇੜਲੇ ਮੁਲਕਾਂ ਵਿਚ ਲੈਂਡ ਹੋ ਰਹੀਆਂ ਹਨ। ਟਰੈਵਲ ਏਜੰਟਾਂ ਵੱਲੋਂ ਸਭ ਤੋਂ ਜ਼ਿਆਦਾ ਫਲਾਈਟਸ ਨਿਕਾਰਾਗੁਆ ਵਿਖੇ ਉਤਾਰੀਆਂ ਜਾ ਰਹੀਆਂ ਹਨ ਜਿਥੋਂ ਬਾਕੀ ਸਫ਼ਰ ਬੱਸਾਂ ਜਾਂ ਹੋਰ ਸਾਧਨਾਂ ਰਾਹੀਂ ਕਰਵਾਉਂਦਿਆਂ ਅਮਰੀਕਾ ਦੇ ਬਾਰਡਰ ਤੱਕ ਪਹੁੰਚਾਇਆ ਜਾਂਦਾ ਹੈ। ਕਈ ਮਾਮਲਿਆਂ ਵਿਚ ਪ੍ਰਵਾਸੀਆਂ 70 ਹਜ਼ਾਰ ਡਾਲਰ ਤੱਕ ਦੀ ਰਕਮ ਵਸੂਲ ਕੀਤੀ ਜਾਂਦੀ ਹੈ ਅਤੇ ਇਸ ਰਕਮ ਦਾ ਵੱਡਾ ਹਿੱਸਾ ਚਾਰਟਰ ਕੰਪਨੀਆਂ ਦੇ ਖਾਤੇ ਵਿਚ ਜਾਂਦਾ ਹੈ। ਓਰੈਜ਼ਕੋ ਵਰਗੀਆਂ ਏਅਰਲਾਈਨਜ਼ ਇਸੇ ਧੰਦੇ ਵਿਚ ਲੱਗੀਆਂ ਹੋਈਆਂ ਹਨ ਅਤੇ ਇਸ ਏਅਰਲਾਈਨ ਦੀਆਂ 14 ਤੋਂ ਵੱਧ ਫਲਾਈਟਸ ਰੋਜ਼ਾਨਾ ਨਿਕਾਰਾਗੁਆ ਵਿਖੇ ਲੈਂਡ ਹੋਣ ਦੀ ਰਿਪੋਰਟ ਹੈ ਜਿਨ੍ਹਾਂ ਵਿਚ 140 ਤੋਂ 170 ਤੱਕ ਗੈਰਕਾਨੂੰਨੀ ਪ੍ਰਵਾਸੀ ਹੁੰਦੇ ਹਨ। ਸਤੰਬਰ ਦੇ ਪਹਿਲੇ ਹਫ਼ਤੇ ਇਸੇ ਕਿਸਮ ਦੀ ਇਕ ਫਲਾਈਟ ਵਿਚ ਪਨਾਮਾ ਪੁੱਜੇ 130 ਭਾਰਤੀਆਂ ਨੂੰ ਇੰਮੀਗ੍ਰੇਸ਼ਨ ਵਾਲਿਆਂ ਨੇ ਡਿਪੋਰਟ ਕਰ ਦਿਤਾ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋਈ ਜਿਸ ਵਿਚ ਕਈ ਪੰਜਾਬੀ ਨੌਜਵਾਨ ਵੀ ਨਜ਼ਰ ਆ ਰਹੇ ਸਨ। ਵੀਡੀਓ ਵਿਚ ਭਾਰਤੀ ਨੌਜਵਾਨਾਂ ਦੇ ਪਾਸਪੋਰਟ ਵੀ ਸੁਰੱਖਿਆ ਮੁਲਾਜ਼ਮਾਂ ਦੇ ਹੱਥਾਂ ਵਿਚ ਨਜ਼ਰ ਆਏ ਅਤੇ ਜਿਨ੍ਹਾਂ ਨੂੰ ਪੂਰੀ ਤਹਿਕੀਕਾਤ ਤੋਂ ਬਾਅਦ ਨਵੀਂ ਦਿੱਲੀ ਜਾਣ ਵਾਲੇ ਜਹਾਜ਼ ਵਿਚ ਬਿਠਾਇਆ ਗਿਆ। ਪਨਾਮਾ ਦੇ ਇੰਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਇਸ ਮੁੱਦੇ ’ਤੇ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਅਤੇ ਦੱਸਿਆ ਗਿਆ ਕਿ ਭਾਰਤ ਸਰਕਾਰ ਨਾਲ ਸੰਪਰਕ ਕਰਦਿਆਂ ਉਥੋਂ ਦੇ ਨਾਗਰਿਕਾਂ ਨੂੰ ਨਵੀਂ ਦਿੱਲੀ ਭੇਜਿਆ ਜਾ ਰਿਹਾ ਹੈ।

Tags:    

Similar News