ਅਮਰੀਕਾ : 45 ਦਿਨ ’ਚ ਡਿਪੋਰਟ ਕੀਤੇ 50500 ਪ੍ਰਵਾਸੀ
ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜੀ ਦਰਮਿਆਨ ਟਰੰਪ ਸਰਕਾਰ ਵੱਲੋਂ ਹੁਣ ਤੱਕ 50 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕ ਡਿਪੋਰਟ ਕੀਤੇ ਜਾ ਚੁੱਕੇ ਹਨ;
ਵਾਸ਼ਿੰਗਟਨ : ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜੀ ਦਰਮਿਆਨ ਟਰੰਪ ਸਰਕਾਰ ਵੱਲੋਂ ਹੁਣ ਤੱਕ 50 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕ ਡਿਪੋਰਟ ਕੀਤੇ ਜਾ ਚੁੱਕੇ ਹਨ ਅਤੇ ਜਲਦ ਹੀ ਇਹ ਅੰਕੜਾ ਇਕ ਲੱਖ ਤੋਂ ਪਾਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੀ.ਬੀ.ਐਸ. ਨਿਊਜ਼ ਦੀ ਰਿਪੋਰਟ ਮੁਤਾਬਕ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਵਾਸਤੇ ਫੌਜ ਦੇ ਜਹਾਜ਼ ਵਰਤਣ ਦਾ ਸਿਲਸਿਲਾ ਬੰਦ ਕਰ ਦਿਤਾ ਗਿਆ ਹੈ ਕਿਉਂਕਿ ਇਹ ਤਰੀਕਾ ਬਹੁਤ ਮਹਿੰਗਾ ਸਾਬਤ ਹੋ ਰਿਹਾ ਸੀ। ਸੂਤਰਾਂ ਨੇ ਦੱਸਿਆ ਕਿ ਡਿਪੋਰਟੇਸ਼ਨ ਵਾਸਤੇ ਚਾਰਟਰਡ ਫਲਾਈਟਸ ਵਰਤਣ ਦੀ ਪ੍ਰਕਿਰਿਆ ਆਰੰਭੀ ਗਈ ਹੈ। ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਮੈਕਸੀਕੋ ਨਾਲ ਲਗਦੇ ਬਾਰਡਰ ’ਤੇ ਕੰਧ ਖੜ੍ਹੀ ਕਰਨ ਦਾ ਐਲਾਨ ਕੀਤਾ ਗਿਆ ਸੀ ਜੋ ਇਸ ਵਾਰ ਪੂਰਾ ਕੀਤਾ ਜਾ ਸਕਦਾ ਹੈ। ਟੈਕਸਸ ਦੇ ਈਗਲ ਪਾਸ ਦਾ ਦੌਰਾ ਕਰ ਕੇ ਪਰਤੇ ਉਪ ਰਾਸ਼ਟਰਪਤੀ ਜੇ.ਡੀ.ਵੈਂਸ ਨੇ ਦੱਸਿਆ ਕਿ 2029 ਤੱਕ ਬਾਰਡਰ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਕੰਧ ਖੜ੍ਹੀ ਕਰ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਦੱਖਣੀ ਬਾਰਡਰ ’ਤੇ ਨਿਗਰਾਨੀ ਰੱਖਣ ਲਈ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਹ ਤਕਨੀਕ ਸਰਹੱਦ ਦੇ ਚੱਪੇ ਚੱਪੇ ’ਤੇ ਲਾਗੂ ਕੀਤੀ ਜਾਵੇਗੀ।
ਬਾਰਡਰ ’ਤੇ 2029 ਤੱਕ ਖੜ੍ਹੀ ਹੋ ਜਾਵੇਗੀ ਕੰਧ
ਟਰੰਪ ਦੇ ਅਹੁਦਾ ਸੰਭਾਲਣ ਮਗਰੋਂ ਰੱਖਿਆ ਮੰਤਰੀ ਪੀਟ ਹੈਗਜ਼ੈਥ ਅਤੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਮੈਕਸੀਕੋ ਨਾਲ ਲਗਦੀ ਸਰਹੱਦ ਦਾ ਦੌਰਾ ਕਰ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਟਰੰਪ ਵੀ ਇਥੇ ਆ ਕੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਬੰਦ ਹੋਣ ਦਾ ਐਲਾਨ ਕਰ ਸਕਦੇ ਹਨ। ਦੂਜੇ ਪਾਸੇ ਇੰਮੀਗ੍ਰੇਸ਼ਨ ਅਦਾਲਤਾਂ ਵਿਚ ਸੁਣਵਾਈ ਅਧੀਨ ਮੁਕੱਦਮਿਆਂ ਦੀ ਗਿਣਤੀ ਦਾ ਬੈਕਲਾਗ ਐਨਾ ਵਧ ਗਿਆ ਹੈ ਕਿ ਕਿਸੇ ਪ੍ਰਵਾਸੀ ਦੇ ਮੁਕੱਦਮੇ ਦੀ ਪਹਿਲੀ ਸੁਣਵਾਈ ਹੋਣ ਵਿਚ 6 ਸਾਲ ਦਾ ਸਮਾਂ ਲੱਗ ਸਕਦਾ ਹੈ। ਇੰਮੀਗ੍ਰੇਸ਼ਨ ਅਦਾਲਤਾਂ ਵੱਲੋਂ ਪਿਛਲੇ ਸਾਲ 7 ਲੱਖ ਤੋਂ ਵੱਧ ਮੁਕੱਦਮਿਆਂ ਦਾ ਨਿਪਟਾਰਾ ਕੀਤਾ ਗਿਆ ਜੋ ਆਪਣੇ ਵਿਚ ਰਿਕਾਰਡ ਹੈ। ਦੂਜੇ ਪਾਸੇ 15 ਲੱਖ ਅਸਾਇਲਮ ਅਰਜ਼ੀਆਂ ’ਤੇ ਸੁਣਵਾਈ ਚੱਲ ਰਹੀ ਹੈ ਜਦਕਿ 36 ਲੱਖ ਅਰਜ਼ੀਆਂ ਪਹਿਲੀ ਸੁਣਵਾਈ ਦੀ ਉਡੀਕ ਕਰ ਰਹੀਆਂ ਹਨ। 2022 ਮਗਰੋਂ ਅਸਾਇਲਮ ਦੇ ਦਾਅਵਿਆਂ ਹਰ ਸਾਲ ਦੁੱਗਣਾ ਵਾਧਾ ਹੋਇਆ ਅਤੇ ਇਕੱਲੇ 2024 ਦੌਰਾਨ 8 ਲੱਖ 50 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੇ ਅਮਰੀਕਾ ਵਿਚ ਪਨਾਹ ਮੰਗੀ। ਮੀਡੀਆ ਰਿਪੋਰਟਾਂ ਮੁਤਾਬਕ ਇੰਮੀਗ੍ਰੇਸ਼ਨ ਅਦਾਲਤਾਂ ਦੇ ਜੱਜਾਂ ਨੂੰ ਰੋਜ਼ਾਨਾ ਵੱਧ ਤੋਂ ਵੱਧ ਮੁਕੱਦਮਿਆਂ ਦੀ ਸੁਣਵਾਈ ਕਰਨ ਦੇ ਹੁਕਮ ਦਿਤੇ ਗਏ ਹਨ ਅਤੇ ਇੰਮੀਗ੍ਰੇਸ਼ਨ ਵਕੀਲਾਂ ਨੂੰ ਡਰ ਹੈ ਕਿ ਅਸਾਇਲਮ ਦੇ ਦਾਅਵੇ ਧੜਾ-ਧੜ ਰੱਦ ਕਰਦਿਆਂ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਸਕਦੇ ਹਨ।
ਇੰਮੀਗ੍ਰੇਸ਼ਨ ਅਦਾਲਤਾਂ ਵਿਚ 50 ਲੱਖ ਤੋਂ ਵੱਧ ਮੁਕੱਦਮੇ
ਟਰੰਪ ਸਰਕਾਰ ਸੱਤਾ ਵਿਚ ਆਉਣ ਮਗਰੋਂ 20 ਇੰਮੀਗ੍ਰੇਸ਼ਨ ਜੱਜਾਂ ਨੂੰ ਨੌਕਰੀ ਤੋਂ ਕੱਢ ਚੁੱਕੀ ਹੈ ਜਦਕਿ 2023 ਵਿਚ 140 ਜੱਜਾਂ ਦੀ ਭਰਤੀ ਕੀਤੀ ਗਈ ਅਤੇ 2024 ਵਿਚ ਇੰਮੀਗ੍ਰੇਸ਼ਨ ਅਦਾਲਤਾਂ ਨੂੰ ਤਕਰੀਬਨ 40 ਨਵੇਂ ਜੱਜ ਮਿਲੇ। ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਦੋਸ਼ ਲਾਇਆ ਕਿ ਜੋਅ ਬਾਇਡਨ ਵੱਲੋਂ ਅਮਰੀਕਾ ਦਾ ਦੱਖਣੀ ਬਾਰਡਰ ਪੂਰੀ ਤਰ੍ਹਾਂ ਖੋਲ੍ਹ ਦਿਤਾ ਗਿਆ ਅਤੇ ਪ੍ਰਵਾਸੀਆਂ ਦੀ ਆੜ ਵਿਚ ਨਸ਼ਾ ਤਸਕਰਾਂ ਨੇ ਮੁਲਕ ਵਿਚ ਦਾਖਲ ਹੋਣਾ ਸ਼ੁਰੂ ਕਰ ਦਿਤਾ। ਅਜਿਹੇ ਲੋਕ ਸਾਡੇ ਮੁਲਕ ਵਿਚ ਨਹੀਂ ਹੋਣੇ ਚਾਹੀਦੇ ਅਤੇ ਟਰੰਪ ਸਰਕਾਰ ਅਪਰਾਧਕ ਪਿਛੋਕੜ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਕੇ ਡਿਪੋਰਟ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ।