ਅਮਰੀਕਾ ਵਿਚ ਹਵਾਈ ਮੁਸਾਫ਼ਰਾਂ ਨੂੰ ਇਕ ਹੋਰ ਰਾਹਤ ਮਿਲਣ ਦੇ ਆਸਾਰ

ਅਮਰੀਕਾ ਵਿਚ ਹਵਾਈ ਮੁਸਾਫ਼ਰਾਂ ਨੂੰ ਜਲਦ ਇਕ ਹੋਰ ਰਾਹਤ ਮਿਲ ਸਕਦੀ ਹੈ ਅਤੇ ਉਹ ਆਪਣੀ ਜ਼ਰੂਰਤ ਮੁਤਾਬਕ ਲਿਕੁਅਡ ਯਾਨੀ ਤਰਲ ਪਦਾਰਥ ਆਪਣੇ ਕੈਰੀ ਬੈਗ ਵਿਚ ਲਿਜਾਣ ਦੇ ਹੱਕਦਾਰ ਹੋ ਜਾਣਗੇ।

Update: 2025-07-17 12:39 GMT

ਵਾਸ਼ਿੰਗਟਨ : ਅਮਰੀਕਾ ਵਿਚ ਹਵਾਈ ਮੁਸਾਫ਼ਰਾਂ ਨੂੰ ਜਲਦ ਇਕ ਹੋਰ ਰਾਹਤ ਮਿਲ ਸਕਦੀ ਹੈ ਅਤੇ ਉਹ ਆਪਣੀ ਜ਼ਰੂਰਤ ਮੁਤਾਬਕ ਲਿਕੁਅਡ ਯਾਨੀ ਤਰਲ ਪਦਾਰਥ ਆਪਣੇ ਕੈਰੀ ਬੈਗ ਵਿਚ ਲਿਜਾਣ ਦੇ ਹੱਕਦਾਰ ਹੋ ਜਾਣਗੇ। ਟਰੰਪ ਸਰਕਾਰ ਦੋ ਦਹਾਕੇ ਪੁਰਾਣ ਨਿਯਮ ਬਦਲਣ ਦੀ ਤਿਆਰੀ ਕਰ ਰਹੀ ਹੈ ਜਿਸ ਤਹਿਤ 3.4 ਆਊਂਸ ਤੋਂ ਵੱਧ ਤਰਲ ਨਹੀਂ ਲਿਜਾਇਆ ਜਾ ਸਕਦਾ। ਇਥੇ ਦਸਣਾ ਬਣਦਾ ਹੈ ਕਿ ਕੈਰੀ ਬੈਗਜ਼ ਵਿਚ ਮੌਜੂਦ ਵੱਧ ਮਿਕਦਾਰ ਵਾਲੇ ਤਰਲ ਪਦਾਰਥਾਂ ਜਿਵੇਂ ਕਰੀਨ, ਜੈੱਲ ਅਤੇ ਐਰੋਸੋਲ ਆਦਿ ਨੂੰ ਸੁਰੱਖਿਆ ਜਾਂਚ ਦੌਰਾਨ ਜ਼ਬਤ ਕਰ ਲਿਆ ਜਾਂਦਾ ਹੈ ਜਦਕਿ ਬਾਕੀ ਸਮਾਨ ਵਿਚ ਹੀ ਅਜਿਹੀਆਂ ਚੀਜ਼ਾਂ ਰੱਖਣ ਦੀ ਤਾਕੀਦ ਕੀਤੀ ਜਾਂਦੀ ਹੈ।

ਮਰਜ਼ੀ ਮੁਤਾਬਕ ਤਰਲ ਪਦਾਰਥ ਲਿਜਾ ਸਕਣਗੇ ਲੋਕ

ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਦਾ ਕਹਿਣਾ ਹੈ ਕਿ ਆਉਂਦੇ ਇਕ-ਦੋ ਹਫ਼ਤੇ ਦੌਰਾਨ ਇਸ ਬਾਰੇ ਕੋਈ ਐਲਾਨ ਕੀਤਾ ਜਾ ਸਕਦਾ ਹੈ ਪਰ ਯਕੀਨੀ ਤੌਰ ’ਤੇ ਕੁਝ ਵੀ ਦੱਸਣਾ ਮੁਸ਼ਕਲ ਹੋਵੇਗਾ। ਦੱਸ ਦੇਈਏ ਕਿ ਪਿਛਲੇ ਦਿਨੀਂ ਟ੍ਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟ੍ਰੇਸ਼ਨ ਵੱਲੋਂ ਜੁੱਤੀਆਂ ਉਤਾਰ ਕੇ ਤਲਾਸ਼ੀ ਵਾਲਾ ਨਿਯਮ ਵੀ ਜਲਦ ਖਤਮ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਸੀ। ਜੁੱਤੀਆਂ ਉਤਾਰ ਕੇ ਤਲਾਸ਼ੀ ਲੈਣ ਵਾਲੀ ਨੀਤੀ 2001 ਦੀ ਉਸ ਵਾਰਦਾਤ ਤੋਂ ਬਾਅਦ ਲਿਆਂਦੀ ਗਈ ਜਦੋਂ ‘ਸ਼ੂਅ ਬੌਂਬਰ’ ਵਜੋਂ ਜਾਣੇ ਜਾਂਦੇ ਰਿਚਰਡ ਰੀਡ ਨੇ ਆਪਣੀਆਂ ਜੁੱਤੀਆਂ ਵਿਚ ਬਾਰੂਦ ਲੁਕਾ ਕੇ ਪੈਰਿਸ ਤੋਂ ਮਿਆਮੀ ਆ ਰਹੀ ਅਮੈਰਿਕਨ ਏਅਰਲਾਈਨਜ਼ ਦੀ ਟ੍ਰਾਂਸਐਟਲਾਂਟਿਕ ਫਲਾਈਟ ਨੂੰ ਉਡਾਉਣ ਦਾ ਯਤਨ ਕੀਤਾ ਪਰ ਨਾਕਾਮ ਰਿਹਾ। ਫਲਾਈਟ ਬੋਸਟਨ ਹਵਾਈ ਅੱਡੇ ’ਤੇ ਸੁਰੱਖਿਅਤ ਲੈਂਡ ਕਰ ਗਈ ਅਤੇ ਮੁਸਾਫ਼ਰਾਂ ਦੀ ਮਦਦ ਨਾਲ ਰਿਚਰਡ ਨੂੰ ਕਾਬੂ ਕਰ ਲਿਆ ਗਿਆ।

Tags:    

Similar News