ਅਮਰੀਕਾ ਵਿਚ ਦੋ ਮਹਿਲਾ ਜੱਜਾਂ ਵਿਰੁੱਧ ਕਾਰਵਾਈ

ਅਮਰੀਕਾ ਤੋਂ ਦੋ ਵਾਰ ਡਿਪੋਰਟ ਕੀਤੇ ਪ੍ਰਵਾਸੀ ਨੂੰ ਕਥਿਤ ਤੌਰ ’ਤੇ ਅਦਾਲਤ ਵਿਚੋਂ ਫਰਾਰ ਹੋਣ ਦਾ ਮੌਕਾ ਦੇਣ ਵਾਲੀ ਮਹਿਲਾ ਜੱਜ ਨੂੰ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ

Update: 2025-04-30 12:32 GMT

ਬੋਸਟਨ : ਅਮਰੀਕਾ ਤੋਂ ਦੋ ਵਾਰ ਡਿਪੋਰਟ ਕੀਤੇ ਪ੍ਰਵਾਸੀ ਨੂੰ ਕਥਿਤ ਤੌਰ ’ਤੇ ਅਦਾਲਤ ਵਿਚੋਂ ਫਰਾਰ ਹੋਣ ਦਾ ਮੌਕਾ ਦੇਣ ਵਾਲੀ ਮਹਿਲਾ ਜੱਜ ਨੂੰ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦਕਿ ਦੂਜੇ ਪਾਸੇ ਇਕ ਗੈਰਕਾਨੂੰਨੀ ਪ੍ਰਵਾਸੀ ਨੂੰ ਐਫ਼.ਬੀ.ਆਈ ਦੀ ਗ੍ਰਿਫ਼ਤਾਰੀ ਤੋਂ ਬਚਾਉਣ ਵਿਚ ਮਦਦ ਕਰਨ ਵਾਲੀ ਮਹਿਲਾ ਜੱਜ ਨੂੰ ਵਿਸਕੌਨਸਿਨ ਸੁਪਰੀਮ ਕੋਰਟ ਨੇ ਮੁਅੱਤਲ ਕਰ ਦਿਤਾ ਹੈ। ਬੋਸਟਨ ਦੀ ਮਿਊਂਸਪਲ ਅਦਾਲਤ ਵਿਚ ਜੱਜ ਦੀਆਂ ਸੇਵਾਵਾਂ ਨਿਭਾਅ ਰਹੀ ਸ਼ੈਲੀ ਜੋਸਫ਼ ਦੀ ਅਦਾਲਤ ਵਿਚ ਪੇਸ਼ੀ 9 ਜੂਨ ਨੂੰ ਹੋਣੀ ਹੈ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ। ਮੈਸਾਚਿਊਸੈਟਸ ਕਮਿਸ਼ਨ ਆਨ ਜੁਡੀਸ਼ੀਅਲ ਕੰਡਕਟ ਵੱਲੋਂ ਕੀਤੀ ਘੋਖ ਦੇ ਆਧਾਰ ’ਤੇ ਸ਼ੈਲੀ ਜੋਸਫ਼ ਨੂੰ ਆਪਣੇ ਪੇਸ਼ੇ ਨਾਲ ਇਨਸਾਫ਼ ਕਰਨ ਵਿਚ ਅਸਫ਼ਲ ਰਹਿਣ ਦਾ ਕਸੂਰਵਾਰ ਮੰਨਿਆ ਗਿਆ ਹੈ।

ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫਰਾਰ ਕਰਵਾਉਣ ਦੇ ਲੱਗੇ ਸਨ ਦੋਸ਼

ਸਫੌਲਕ ਕਾਊਂਟੀ ਦੀ ਸੁਪੀਰੀਅਰ ਅਦਾਲਤ ਵਿਚ ਹੋਣ ਵਾਲੀ ਸੁਣਵਾਈ ਦੌਰਾਨ ਤੈਅ ਹੋਵੇਗਾ ਕਿ ਸ਼ੈਲੀ ਜੋਸਫ਼ ਆਪਣੇ ਅਹੁਦੇ ’ਤੇ ਬਰਕਰਾਰ ਰਹਿ ਸਕਦੀ ਹੈ ਜਾਂ ਨਹੀਂ। ਦੱਸ ਦੇਈਏ ਕਿ ਜਨਵਰੀ 2003 ਅਤੇ 2007 ਵਿਚ ਡਿਪੋਰਟ ਕੀਤੇ ਇਕ ਗੈਰਕਾਨੂੰਨੀ ਪ੍ਰਵਾਸੀ ਨੂੰ ਇੰਮੀਗ੍ਰੇਸ਼ਨ ਵਾਲੇ ਮੁੜ ਗ੍ਰਿਫ਼ਤਾਰ ਕਰਨਾ ਚਾਹੁੰਦੇ ਸਨ ਪਰ ਉਹ ਸ਼ੈਲੀ ਜੋਸਫ ਦੀ ਅਦਾਲਤ ਦੇ ਇਕ ਦਰਵਾਜ਼ੇ ਰਾਹੀਂ ਫਰਾਰ ਹੋ ਗਿਆ। ਜੱਜ ’ਤੇ ਦੋਸ਼ ਲੱਗੇ ਕਿ ਉਨ੍ਹਾਂ ਵੱਲੋਂ ਜਾਣ-ਬੁੱਝ ਕੇ ਇਕ ਗੈਰਕਾਨੂੰਨੀ ਪ੍ਰਵਾਸੀ ਨੂੰ ਫਰਾਰ ਹੋਣ ਵਿਚ ਮਦਦ ਕੀਤੀ ਗਈ। ਕਮਿਸ਼ਨ ਦੀ ਰਿਪੋਰਟ ਕਹਿੰਦੀ ਹੈ ਕਿ ਸ਼ੈਲੀ ਜੋਸਫ਼ ਨੂੰ ਪਤਾ ਸੀ ਕਿ ਆਈਸ ਦੇ ਏਜੰਟ ਅਦਾਲਤ ਵਿਚ ਮੌਜੂਦ ਹਨ ਪਰ ਸੁਣਵਾਈ ਮੁਕੰਮਲ ਹੋਣ ਤੋਂ ਪਹਿਲਾਂ ਹੀ ਬਚਾਅ ਧਿਰ ਦਾ ਵਕੀਲ ਆਪਣੇ ਮੁਵੱਕਲ ਨੂੰ ਇਕ ਦਰਵਾਜ਼ੇ ਰਾਹੀਂ ਬਾਹਰ ਕੱਢਣ ਵਿਚ ਸਫ਼ਲ ਹੋ ਗਿਆ। ਉਧਰ ਮਿਲਵੌਕੀ ਕਾਊਂਟੀ ਸਰਕਟ ਦੀ ਜੱਜ ਹਾਨਾਹ ਡਗਨ ਨੂੰ ਮੁਅੱਤਲ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਫੈਡਰਲ ਪੱਧਰ ’ਤੇ ਦੋਸ਼ ਲੱਗਣ ਮਗਰੋਂ ਕਿਸੇ ਜੱਜ ਦਾ ਜਨਤਕ ਸੇਵਾਵਾਂ ਵਿਚ ਕਾਇਮ ਰਹਿਣਾ ਵਾਜਬ ਨਹੀਂ। ਡਗਨ ਵਿਰੁੁੱਧ ਦੋਸ਼ ਹੈ ਕਿ ਉਨ੍ਹਾਂ ਨੇ ਮੈਕਸੀਕੋ ਨਾਲ ਸਬੰਧਤ ਗੈਰਕਾਨੂੰਨੀ ਪ੍ਰਵਾਸੀ ਨੂੰ ਇੰਮੀਗ੍ਰੇਸ਼ਨ ਵਾਲਿਆਂ ਦੀ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਫਰਾਰ ਹੋਣ ਦਾ ਰਾਹ ਮੁਹੱਈਆ ਕਰਵਾਇਆ।

ਕੋਈ ਗੈਰਕਾਨੂੰਨੀ ਪ੍ਰਵਾਸੀ ਨਹੀਂ ਬਚੇਗਾ : ਟੌਮ ਹੋਮਨ

ਇਸੇ ਦੌਰਾਨ ਹਾਨਾਹ ਡਗਨ ਦੀ ਲੀਗਲ ਟੀਮ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਮਿਲਵੌਕੀ ਸੁਪਰੀਮ ਕੋਰਟ ਦੇ ਫੈਸਲੇ ਤੋਂ ਨਾਖੁਸ਼ ਹਨ ਕਿਉਂਕਿ ਅਦਾਲਤ ਨੇ ਇਕਪਾਸੜ ਤਰੀਕੇ ਨਾਲ ਕਾਰਵਾਈ ਕੀਤੀ। ਲੀਗਲ ਟੀਮ ਨੇ ਦਾਅਵਾ ਕੀਤਾ ਕਿ ਹਾਨਾਹ ਡਗਨ ਬੇਕਸੂਰ ਹਨ ਅਤੇ ਇਹ ਗੱਲ ਅਦਾਲਤ ਵਿਚ ਸਾਬਤ ਕੀਤੀ ਜਾਵੇਗੀ। ਦੱਸ ਦੇਈਏ ਕਿ ਮੈਕਸੀਕੋ ਨਾਲ ਸਬੰਧਤ ਗੈਰਕਾਨੂੰਨੀ ਪ੍ਰਵਾਸੀਆਂ ਨੂੰ 2013 ਵਿਚ ਡਿਪੋਰਟ ਕਰ ਦਿਤਾ ਗਿਆ ਪਰ ਉਹ ਕਿਸੇ ਤਰੀਕੇ ਮੁੜ ਅਮਰੀਕਾ ਦਾਖਲ ਹੋਣ ਵਿਚ ਸਫ਼ਲ ਰਿਹਾ। ਐਫ਼.ਬੀ.ਆਈ. ਵੱਲੋਂ ਦਾਖਲ ਹਲਫ਼ਨਾਮੇ ਮੁਤਾਬਕ ਆਈਸ ਏਜੰਟਾਂ ਦੀ ਅਦਾਲਤ ਵਿਚ ਮੌਜੂਦਗੀ ਤੋਂ ਹਾਨਾਹ ਡਗਨ ਬੇਹੱਦ ਗੁੱਸੇ ਵਿਚ ਸੀ ਅਤੇ ਉਠ ਕੇ ਆਪਣੇ ਚੈਂਬਰ ਵਿਚ ਚਲੀ ਗਈ। ਹਲਫ਼ਨਾਮਾ ਕਹਿੰਦਾ ਹੈ ਕਿ ਹਾਨਾਹ ਡਗਨ ਅਤੇ ਇਕ ਹੋਰ ਜੱਜ ਨੇ ਬਾਅਦ ਵਿਚ ਆਈਸ ਏਜੰਟਾਂ ਨਾਲ ਸੰਪਰਕ ਕੀਤਾ ਅਤੇ ਮੌਕੇ ’ਤੇ ਮੌਜੂਦ ਗਵਾਹਾਂ ਮੁਤਾਬਕ ਦੋਵੇਂ ਜੱਜ ਗੁੱਸੇ ਭਰੇ ਲਹਿਜ਼ੇ ਵਿਚ ਬੋਲ ਰਹੇ ਸਨ।

Tags:    

Similar News