ਅਮਰੀਕਾ ਦੀ ਨਾਮੀ ਕੰਪਨੀ ’ਤੇ ਲੱਗਾ ਭਾਰਤੀ ਨੌਜਵਾਨ ਦੇ ਕਤਲ ਦਾ ਦੋਸ਼

ਸੁਚਿਰ ਦੀ ਮਾਂ ਪੂਰਨਿਮਾ ਨੇ ਇਕ ਪੌਡਕਾਸਟ ਦੌਰਾਨ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਕਿ ਗੁੱਝੇ ਭੇਤਾਂ ਤੋਂ ਪਰਦਾ ਚੁੱਕੇ ਜਾਣ ਦੇ ਡਰੋਂ ਓਪਨ ਏ.ਆਈ. ਨੇ ਉਨ੍ਹਾਂ ਦੇ ਪੁੱਤ ਦਾ ਕਥਿਤ ਤੌਰ ’ਤੇ ਕਤਲ ਕਰ ਦਿਤਾ।;

Update: 2025-01-17 13:16 GMT

ਸੈਨ ਫਰਾਂਸਿਸਕੋ : ਅਮਰੀਕਾ ਦੀ ਨਾਮੀ ਕੰਪਨੀ ’ਤੇ ਭਾਰਤੀ ਮੂਲ ਦੇ ਨੌਜਵਾਨ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ। ਸੁਚਿਰ ਬਾਲਾਜੀ ਦੀ ਮਾਂ ਪੂਰਨਿਮਾ ਰਾਓ ਨੇ ਇਕ ਪੌਡਕਾਸਟ ਦੌਰਾਨ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਕਿ ਗੁੱਝੇ ਭੇਤਾਂ ਤੋਂ ਪਰਦਾ ਚੁੱਕੇ ਜਾਣ ਦੇ ਡਰੋਂ ਓਪਨ ਏ.ਆਈ. ਨੇ ਉਨ੍ਹਾਂ ਦੇ ਪੁੱਤ ਦਾ ਕਥਿਤ ਤੌਰ ’ਤੇ ਕਤਲ ਕਰ ਦਿਤਾ।ਉਧਰ ਈਲੌਨ ਮਸਕ ਵੱਲੋਂ ਪੂਰਨਿਮਾ ਰਾਓ ਦੇ ਦੋਸ਼ਾਂ ਨੂੰ ਬੇਹੱਦ ਚਿੰਤਾਜਨਕ ਕਰਾਰ ਦਿਤਾ ਗਿਆ ਹੈ। ਪੂਰਨਿਮਾ ਰਾਓ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਮੌਤ 22 ਨਵੰਬਰ 2024 ਨੂੰ ਹੋਈ ਪਰ ਇਸ ਬਾਰੇ 26 ਨਵੰਬਰ ਨੂੰ ਪਤਾ ਲੱਗ ਸਕਿਆ।

ਸੁਚਿਰ ਬਾਲਾਜੀ ਦੀ ਮਾਂ ਪੂਰਨਿਮਾ ਰਾਓ ਨੇ ਸ਼ਰ੍ਹੇਆਮ ਲਿਆ ਕੰਪਨੀ ਦਾ ਨਾਂ

ਇਸ ਤੋਂ ਪਹਿਲਾਂ ਭਾਰਤੀ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਸੁਚਿਰ ਨੇ ਖੁਦਕੁਸ਼ੀ ਨਹੀਂ ਕੀਤੀ ਸਗੋਂ ਉਸ ਦਾ ਕਤਲ ਕੀਤਾ ਗਿਆ। ਸੁਚਿਰ ਬਾਲਾਜੀ ਦੇ ਮਾਪਿਆਂ ਪੋਸਟ ਮਾਰਟਮ ਦੀ ਦੂਜੀ ਰਿਪੋਰਟ ਦਾ ਹਵਾਲਾ ਦਿਤਾ ਜਿਸ ਵਿਚ ਸਿਰ ’ਤੇ ਗੰਭੀਰ ਸੱਟ ਅਤੇ ਸੁਚਿਰ ਵੱਲੋਂ ਮੌਤ ਤੋਂ ਪਹਿਲਾਂ ਸੰਘਰਸ਼ ਕਰਨ ਦੇ ਸੰਕੇਤ ਮਿਲੇ ਹਨ। ਸੁਚਿਰ ਦੇ ਪਿਤਾ ਦਾ ਕਹਿਣਾ ਸੀ ਕਿ ਆਖਰੀ ਵਾਰ ਗੱਲਬਾਤ ਦੌਰਾਨ ਉਨ੍ਹਾਂ ਦਾ ਬੇਟਾ ਕਾਫ਼ੀ ਖੁਸ਼ੀ ਸੀ। ਇਹ ਪੁੱਛੇ ਜਾਣ ’ਤੇ ਕਿ ਕੀ ਸੁਚਿਰ ਨੇ ਕਿਸੇ ਹੋਰ ਕੰਪਨੀ ਵਿਚ ਨੌਕਰੀ ਕਰ ਲਈ ਤਾਂ ਪੂਰਨਿਮਾ ਰਾਮਾਰਾਓ ਨੇ ਕਿਹਾ ਕਿ ਸੰਭਾਵਤ ਤੌਰ ’ਤੇ ਓਪਨ ਏ.ਆਈ. ਵਾਲੇ ਉਸ ਨੂੰ ਧਮਕਾ ਰਹੇ ਸਨ ਅਤੇ ਕਿਸੇ ਹੋਰ ਕੰਪਨੀ ਵਿਚ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਸੀ। ਸੁਚਿਰ ਵੱਲੋਂ ਕਾਪੀਰਾਈਟ ਮਾਮਲਿਆਂ ਦੇ ਵਕੀਲ ਨਾਲ ਸਲਾਹ ਮਸ਼ਵਰਾ ਵੀ ਕੀਤਾ ਗਿਆ ਪਰ ਉਸ ਉਤੇ ਦਬਾਅ ਪਾਇਆ ਜਾ ਰਿਹਾ ਸੀ। ਸੁਚਿਰ ਦੇ ਮਾਪਿਆਂ ਮੁਤਾਬਕ ਨਿਊ ਯਾਰਕ ਟਾਈਮਜ਼ ਨੂੰ ਦਿਤੀ ਇੰਟਰਵਿਊ ਉਸ ਦੀ ਮੌਤ ਦਾ ਕਾਰਨ ਬਣੀ।

ਈਲੌਨ ਮਸਕ ਨੇ ਦੋਸ਼ਾਂ ਨੂੰ ਬੇਹੱਦ ਚਿੰਤਾਜਨਕ ਦੱਸਿਆ

ਇਥੇ ਦਸਣਾ ਬਣਦਾ ਹੈ ਕਿ 26 ਸਾਲ ਦੇ ਸੁਚਿਰ ਬਾਲਾਜੀ ਦੀ ਲਾਸ਼ 26 ਨਵੰਬਰ ਨੂੰ ਸੈਨ ਫਰਾਂਸਿਸਕੋ ਦੇ ਇਕ ਅਪਾਰਟਮੈਂਟ ਵਿਚੋਂ ਮਿਲੀ ਪਰ ਪੁਲਿਸ ਵੱਲੋਂ ਤਹਿਕੀਕਾਤ ਮੁਕੰਮਲ ਕਰਨ ਤੋਂ ਬਾਅਦ ਹੀ ਮਾਮਲਾ ਜਨਤਕ ਕੀਤਾ ਗਿਆ। ਪਹਿਲੀ ਰਿਪੋਰਟ ਵਿਚ ਮੈਡੀਕਲ ਐਗਜ਼ਾਮੀਨਰ ਨੂੰ ਸੁਚਿਰ ਦੀ ਮੌਤ ਪਿੱਛੇ ਕੋਈ ਸਾਜ਼ਿਸ਼ ਨਜ਼ਰ ਨਹੀਂ ਆਈ ਅਤੇ ਖੁਦਕੁਸ਼ੀ ਦਾ ਸ਼ੱਕ ਜ਼ਾਹਰ ਕੀਤਾ ਗਿਆ। ਨਵੰਬਰ 2020 ਤੋਂ ਅਗਸਤ 2024 ਤੱਕ ‘ਓਪਨ ਏ.ਆਈ.’ ਵਾਸਤੇ ਕੰਮ ਕਰਨ ਵਾਲਾ ਸੁਚਿਰ ਬਾਲਾਜੀ ਉਸ ਵੇਲੇ ਚਰਚਾ ਵਿਚ ਆਇਆ ਜਦੋਂ ਉਸ ਨੇ ਆਪਣੀ ਕੰਪਨੀ ਬਾਰੇ ਕਈ ਹੈਰਾਨਕੁੰਨ ਖੁਲਾਸੇ ਕਰ ਦਿਤੇ। ਨਿਊ ਯਾਰਕ ਟਾਈਮਜ਼ ਨਾਲ ਇਕ ਇੰਟਰਵਿਊ ਦੌਰਾਨ ਸੁਚਿਰ ਨੇ ਕਿਹਾ ਸੀ ਕਿ ਓਪਨ ਏ.ਆਈ. ਦਾ ਬਿਜ਼ਨਸ ਮਾਡਲ ਸਟੇਬਲ ਨਹੀਂ ਅਤੇ ਇੰਟਰਨੈਟ ਇਕੋਸਿਸਟਮ ਵਾਸਤੇ ਬੇਹੱਦ ਨੁਕਸਾਨਦੇਹ ਹੈ। ਸੁਚਿਰ ਨੇ ਦੋਸ਼ ਲਾਇਆ ਕਿ ਕੰਪਨੀ ਨੇ ਆਪਣਾ ਪ੍ਰੋਗਰਾਮ ਡੈਵਲਪ ਕਰਨ ਲਈ ਆਨਲਾਈਨ ਡਾਟਾ ਦੀ ਨਕਲ ਕੀਤੀ ਅਤੇ ਅਮਰੀਕਾ ਵਿਚ ਕਾਪੀਰਾਈਟ ਨਿਯਮਾਂ ਦੀ ਉਲੰਘਣਾ ਹੋਈ। ਉਨ੍ਹਾਂ ਨੇ ਲੋਕਾਂ ਨੂੰ ਜਲਦ ਤੋਂ ਜਲਦ ਕੰਪਨੀ ਛੱਡਣ ਦਾ ਸੱਦਾ ਵੀ ਦਿਤਾ। ਦੱਸ ਦੇਈਏ ਕਿ ਸੁਚਿਰ ਬਾਲਾਜੀ ਨੇ ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਤੋਂ ਕੰਪਿਊਟਰ ਸਾਇੰਸ ਦੀ ਪੜ੍ਹਾਈ ਕੀਤੀ ਅਤੇ ਓਪਨ ਏ.ਆਈ. ਵਿਚ ਇੰਟਰਨਸ਼ਿਪ ਕਰਨ ਲੱਗਾ। ਬਾਲਾਜੀ ਨੇ 2022 ਦੇ ਸ਼ੁਰੂ ਵਿਚ ਜੀ.ਪੀ.ਟੀ.-4 ਨਾਂ ਦੇ ਇਕ ਨਵੇਂ ਪ੍ਰੋਗਰਾਮ ਵਾਸਤੇ ਡਾਟਾ ਇਕੱਠਾ ਕਰਨਾ ਸ਼ੁਰੂ ਕੀਤਾ ਪਰ ਕੁਝ ਹੀ ਮਹੀਨੇ ਵਿਚ ਪਤਾ ਲੱਗਾ ਕਿ ਕੰਪਨੀ ਆਪਣਾ ਪ੍ਰੋਗਰਾਮ ਤਿਆਰ ਕਰਨ ਲਈ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਕਰ ਰਹੀ ਹੈ। ਸੁਚਿਰ ਦੇ ਮਾਪਿਆਂ ਵੱਲੋਂ ਅਸਲੀਅਤ ਸਾਹਮਣੇ ਲਿਆਉਣ ਲਈ ਮਾਮਲੇ ਦੀ ਪੜਤਾਲ ਐਫ਼.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।

Tags:    

Similar News