ਭਾਰਤੀਆਂ ਦਾ ਵੱਡਾ ਝੁੰਡ ਕੈਨੇਡਾ ਤੋਂ ਅਮਰੀਕਾ ਹੋਇਆ ਦਾਖਲ

ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ ਭਾਰਤੀਆਂ ਨਾਲ ਭਰੀਆਂ ਦੋ ਟੈਕਸੀਆਂ ਬਾਰਡਰ ਅਫਸਰਾਂ ਵੱਲੋਂ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।

Update: 2024-09-11 11:35 GMT

ਨਿਊ ਯਾਰਕ : ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ ਭਾਰਤੀਆਂ ਨਾਲ ਭਰੀਆਂ ਦੋ ਟੈਕਸੀਆਂ ਬਾਰਡਰ ਅਫਸਰਾਂ ਵੱਲੋਂ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਕੈਨੇਡਾ ਦੇ ਰਸਤੇ ਨਿਊ ਯਾਰਕ ਦੀ ਕÇਲੰਟਨ ਕਾਊਂਟੀ ਵਿਚ ਪੁੱਜੇ ਭਾਰਤੀਆਂ ਦੀ ਇਕ ਮੋਟਲ ਵਿਚ ਮੌਜੂਦਗੀ ਬਾਰੇ ਪਤਾ ਲੱਗਣ ’ਤੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅਫਸਰਾਂ ਵੱਲੋਂ ਨਿਗਰਾਨੀ ਰੱਖੀ ਗਈ ਅਤੇ ਦੋ ਮਿੰਨੀ ਵੈਨਾਂ ਵਿਚ ਨਿਕਲੇ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਮਿੰਨੀਵੈਨਾਂ ਦੇ ਡਰਾਈਵਰਾਂ ਵੱਲੋਂ ਪ੍ਰਵਾਸੀਆਂ ਨੂੰ ਨਿਊ ਯਾਰਕ ਸ਼ਹਿਰ ਦੇ ਬਾਹਰੀ ਇਲਾਕਿਆਂ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਸ ਤੋਂ ਪਹਿਲਾਂ ਹੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਨੇ ਨਾਕਾ ਲਾ ਕੇ ਕਾਰਵਾਈ ਕਰ ਦਿਤੀ। ਇਕ ਮਿੰਨੀਵੈਨ ਵਿਚ ਬੈਠੇ 20 ਸਾਲ ਦੇ ਸ਼ਿਵਮ ਨੇ ਦੱਸਿਆ ਕਿ ਉਸ ਨੇ ਅਮਰੀਕਾ ਦੀ ਦੱਖਣੀ ਸਰਹੱਦ ਰਾਹੀਂ ਦਾਖਲ ਹੋਣ ਦੀ ਬਜਾਏ ਕੈਨੇਡਾ ਦਾ ਵੀਜ਼ਾ ਲੈਣਾ ਬਿਹਤਰ ਸਮਝਿਆ।

2 ਟੈਕਸੀਆਂ ’ਚ ਨਿਊ ਯਾਰਕ ਜਾ ਰਹੇ ਭਾਰਤੀਆਂ ਨੂੰ ਬਾਰਡਰ ਏਜੰਟਾਂ ਨੇ ਕੀਤਾ ਕਾਬੂ

ਏਜੰਟਾਂ ਨਾਲ ਗੱਲਬਾਤ ਮਗਰੋਂ ਟੈਕਸੀ ਦਾ ਪ੍ਰਬੰਧ ਹੋ ਗਿਆ ਜਿਸ ਰਾਹੀਂ ਨਿਊ ਯਾਰਕ ਸ਼ਹਿਰ ਪੁੱਜ ਜਾਣਾ ਸੀ। ਅਮਰੀਕਾ ਦੇ ਉਤਰੀ ਬਾਰਡਰ ਰਾਹੀਂ ਨਾਜਾਇਜ਼ ਤਰੀਕੇ ਨਾਲ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਵਿਚ ਪਿਛਲੇ ਸਾਲ ਦੇ ਮੁਕਾਬਲੇ 95 ਫੀ ਸਦੀ ਵਾਧਾ ਦਰਜ ਕੀਤਾ ਗਿਆ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਕੈਨੇਡਾ ਵਾਲੇ ਪਾਸਿਓਂ ਆ ਰਹੇ ਪ੍ਰਵਾਸੀਆਂ ਵਿਚੋਂ 60 ਫੀ ਸਦੀ ਭਾਰਤੀ ਹੁੰਦੇ ਹਨ। ਸ਼ਿਵਮ ਅਤੇ ਉਸ ਦੇ ਸਾਥੀਆਂ ਤੋਂ ਟੈਕਸੀ ਡਰਾਈਵਰ ਨੇ 300 ਡਾਲਰ ਪ੍ਰਤੀ ਵਿਅਕਤੀ ਕਿਰਾਇਆ ਵਸੂਲ ਕੀਤਾ ਜਦਕਿ ਏਜੰਟਾਂ ਵੱਲੋਂ ਹੋਰਨਾਂ ਸ਼ਹਿਰਾਂ ਤੱਕ ਪਹੁੰਚਾਉਣ ਦੇ ਪ੍ਰਬੰਧ ਵੀ ਕੀਤੇ ਜਾਂਦੇ ਹਨ। ਫੜੇ ਜਾਣ ’ਤੇ ਸ਼ਿਵਮ ਨੇ ਅਮਰੀਕਾ ਵਿਚ ਪਨਾਹ ਦਾ ਦਾਅਵਾ ਕਰ ਦਿਤਾ ਅਤੇ ਹੁਣ ਇੰਮੀਗ੍ਰੇਸ਼ਨ ਜੱਜ ਸਾਹਮਣੇ ਪੇਸ਼ੀ ਦੀ ਉਡੀਕ ਕਰ ਰਿਹਾ ਹੈ। ਵਰਮੌਂਟ ਯੂਨੀਵਰਸਿਟੀ ਵਿਚ ਗਲੋਬਲ ਐਂਡ ਰੀਜਨਲ ਸਟੱਡੀਜ਼ ਪ੍ਰੋਗਰਾਮ ਦੇ ਡਾਇਰੈਕਟਰ ਪਾਬਲੋ ਬੋਸ ਨੇ ਕਿਹਾ ਕਿ ਭਾਰਤੀਆਂ ਦੇ ਅਮਰੀਕਾ ਆਉਣ ਦੇ ਕਾਰਨ ਲੈਟਿਨ ਅਮੈਰਿਕਨਜ਼ ਤੋਂ ਬਿਲਕੁਲ ਵੱਖਰੇ ਹਨ। ਇਥੇ ਆਉਣ ਦਾ ਮਕਸਦ ਸਿਰਫ ਰੁਜ਼ਗਾਰ ਹੁੰਦਾ ਹੈ ਅਤੇ ਇਥੇ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਤੱਕ ਪਹੁੰਚਣ ਲਈ ਕੈਨੇਡਾ ਦਾ ਰਾਹ ਚੁਣਿਆ ਜਾਂਦਾ ਹੈ ਜੋ ਮੈਕਸੀਕੋ ਦੇ ਮੁਕਾਬਲੇ ਘੱਟ ਖਤਰਨਾਕ ਹੈ।

20 ਸਾਲ ਦੇ ਨੌਜਵਾਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਅਸਲੀਅਤ ਕੀਤੀ ਬਿਆਨ

ਇਥੇ ਦਸਣਾ ਬਣਦਾ ਹੈ ਕਿ ਜੂਨ ਮਹੀਨੇ ਦੌਰਾਨ 5,152 ਭਾਰਤੀਆਂ ਨੂੰ ਅਮਰੀਕਾ ਦੇ ਉਤਰੀ ਬਾਰਡਰ ’ਤੇ ਰੋਕਿਆ ਗਿਆ ਜਦਕਿ 2021 ਵਿਚ ਇਹ ਅੰਕੜਾ ਸਿਰਫ 390 ਦਰਜ ਕੀਤਾ ਗਿਆ ਸੀ। ਅਮਰੀਕਾ ਸਰਕਾਰ ਆਪਣੀ ਉਤਰੀ ਸਰਹੱਦ ਰਾਹੀਂ ਆ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਜਲਦ ਤੋਂ ਜਲਦ ਡਿਪੋਰਟ ਕਰਨ ’ਤੇ ਜ਼ੋਰ ਦੇ ਰਹੀ ਹੈ। ਅਮਰੀਕਾ ਅਤੇ ਕੈਨੇਡਾ ਵਿਚਾਲੇ ਹੋਈ ਸੰਧੀ ਵਿਚ ਸਾਫ ਦਰਸਾਇਆ ਗਿਆ ਹੈ ਕਿ ਗੈਰਕਾਨੂੰਨੀ ਪ੍ਰਵਾਸੀ ਜਿਹੜੇ ਮੁਲਕ ਵਿਚ ਪਹਿਲਾ ਕਦਮ ਰੱਖਣਗੇ, ਅਸਾਇਲਮ ਦਾ ਦਾਅਵਾ ਵੀ ਉਥੇ ਹੀ ਕੀਤਾ ਜਾ ਸਕਦਾ ਹੈ। ਇਸ ਦਾ ਸਾਫ਼ ਮਤਲਬ ਹੈ ਕਿ ਕੈਨੇਡਾ ਪੁੱਜਣ ਮਗਰੋਂ ਅਮਰੀਕਾ ਦਾਖਲ ਹੋਣ ਵਾਲਿਆਂ ਨੂੰ ਅਮਰੀਕਾ ਵਿਚ ਪਨਾਹ ਨਹੀਂ ਮਿਲ ਸਕਦੀ । ਅਮਰੀਕਾ ਦੇ ਦੱਖਣੀ ਬਾਰਡਰ ਦਾ ਜ਼ਿਕਰ ਕੀਤਾ ਜਾਵੇ ਤਾਂ ਮੌਜੂਦਾ ਵਿੱਤੀ ਵਰ੍ਹੇ ਦੌਰਾਨ 13 ਲੱਖ ਪ੍ਰਵਾਸੀ ਅਮਰੀਕਾ ਵਿਚ ਦਾਖਲ ਹੋ ਚੁੱਕੇ ਹਨ। ਇਕੱਲੇ ਜੂਨ ਮਹੀਨੇ ਦੌਰਾਨ 83 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਮੈਕਸੀਕੋ ਬਾਰਡਰ ਤੋਂ ਕਾਬੂ ਕੀਤਾ ਗਿਆ। ਅਮਰੀਕਾ ਦੇ ਦੱਖਣੀ ਬਾਰਡਰ ’ਤੇ ਰੋਜ਼ਾਨਾ ਕਾਬੂ ਕੀਤੇ ਜਾ ਰਹੇ ਪ੍ਰਵਾਸੀਆਂ ਦੀ ਔਸਤ ਗਿਣਤੀ ਢਾਈ ਹਜ਼ਾਰ ਦੱਸੀ ਜਾ ਰਹੀ ਹੈ। 

Tags:    

Similar News