ਕੈਨੇਡਾ ਤੋਂ ਅਮਰੀਕਾ ਦਾਖ਼ਲ ਹੁੰਦੇ 6 ਪੰਜਾਬੀ ਕਾਬੂ
ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋ ਰਹੇ 6 ਪੰਜਾਬੀਆਂ ਸਣੇ 40 ਜਣਿਆਂ ਨੂੰ ਬਾਰਡਰ ਪੈਟਰੋਲ ਏਜੰਟਾਂ ਵੱਲੋਂ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਤਿੰਨ ਦੀ ਸ਼ਨਾਖਤ ਬਲਜੀਤ ਸਿੰਘ, ਜਸਕਰਨ ਸਿੰਘ ਅਤੇ ਬਲਰਾਜ ਸਿੰਘ ਵਜੋਂ ਕੀਤੀ ਗਈ
ਨਿਊ ਯਾਰਕ : ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋ ਰਹੇ 6 ਪੰਜਾਬੀਆਂ ਸਣੇ 40 ਜਣਿਆਂ ਨੂੰ ਬਾਰਡਰ ਪੈਟਰੋਲ ਏਜੰਟਾਂ ਵੱਲੋਂ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਵਿਚੋਂ ਤਿੰਨ ਦੀ ਸ਼ਨਾਖਤ ਬਲਜੀਤ ਸਿੰਘ, ਜਸਕਰਨ ਸਿੰਘ ਅਤੇ ਬਲਰਾਜ ਸਿੰਘ ਵਜੋਂ ਕੀਤੀ ਗਈ ਹੈ। ਮੀਡੀਆ ਰਿਪੋਰਟ ਮੁਤਾਬਕ ਸਾਰੀਆਂ ਗ੍ਰਿਫ਼ਤਾਰੀਆਂ ਕੈਨੇਡਾ ਨਾਲ ਲਗਦੇ ਬਾਰਡਰ ’ਤੇ ਹੋਈਆਂ ਅਤੇ 37 ਜਣੇ ਨਿਊ ਯਾਰਕ ਸੂਬੇ ਵਿਚ ਕਾਬੂ ਕੀਤੇ ਗਏ ਜਦਕਿ ਤਿੰਨ ਪ੍ਰਵਾਸੀਆਂ ਨੂੰ ਵਾਸ਼ਿੰਗਟਨ ਸੂਬੇ ਦੀ ਵੌਟਕਾਮ ਕਾਊਂਟੀ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ।
ਬਾਰਡਰ ਪੈਟਰੋਲ ਏਜੰਟਾਂ ਨੇ ਕੁਲ 40 ਜਣੇ ਗ੍ਰਿਫ਼ਤਾਰ ਕੀਤੇ
ਯੂ.ਐਸ. ਬਾਰਡਰ ਪੈਟਰੋਲ ਦੇ ਬਲੇਨ ਸੈਕਟਰ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਬਲਜੀਤ ਸਿੰਘ, ਬਲਰਾਜ ਸਿੰਘ ਅਤੇ ਈਰਾਨ ਨਾਲ ਸਬੰਧਤ ਡੈਨੀਅਲ ਰਸੇਖੀ ਨੂੰ ਵੱਖ ਵੱਖ ਥਾਵਾਂ ’ਤੇ ਹਿਰਾਸਤ ਵਿਚ ਲੈਂਦਿਆਂ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਦੇ ਸਪੁਰਦ ਕਰ ਦਿਤਾ ਗਿਆ ਜਿਸ ਮਗਰੋਂ ਆਈਸ ਨੇ ਇਨ੍ਹਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਆਰੰਭ ਦਿਤੀ। ਫ਼ਿਲਹਾਲ ਜਸਕਰਨ ਸਿੰਘ ਬਾਰੇ ਵਿਸਤਾਰਤ ਜਾਣਕਾਰੀ ਹਾਸਲ ਨਹੀਂ ਹੋ ਸਕੀ। ਦੂਜੇ ਪਾਸੇ ਨਿਊ ਯਾਰਕ ਸੂਬੇ ਵਿਚ ਇੰਟਰਸਟੇਟ 90 ’ਤੇ ਤਿੰਨ ਦਿਨ ਤੱਕ ਚਲਾਈ ਮੁਹਿੰਮ ਦੌਰਾਨ 37 ਗੈਰਕਾਨੂੰਨੀ ਪ੍ਰਵਾਸੀ ਕਾਬੂ ਕੀਤੇ ਗਏ।
ਵਾਸ਼ਿੰਗਟਨ ਦੇ ਬਲੇਨ ਅਤੇ ਨਿਊ ਯਾਰਕ ਵਿਚ ਵੱਡੀ ਕਾਰਵਾਈ
ਅਪ੍ਰੇਸ਼ਨ ‘ਬਿਅਰ ਕੇਵ’ ਨਾਂ ਹੇਠ ਗ੍ਰਿਫ਼ਤਾਰ ਪ੍ਰਵਾਸੀਆਂ ਕੋਲ ਕੈਲੇਫੋਰਨੀਆ, ਫਲੋਰੀਡਾ, ਇੰਡਿਆਨਾ, ਨਿਊ ਜਰਸੀ, ਨਿਊ ਯਾਰਕ, ਓਹਾਇਓ, ਓਰੇਗਨ ਅਤੇ ਪੈਨਸਿਲਵੇਨੀਆ ਰਾਜਾਂ ਵੱਲੋਂ ਜਾਰੀ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਮੌਜੂਦ ਸਨ। ਬਾਰਡਰ ਪੈਟਰੋਲ ਏਜੰਸੀ ਦੇ ਬਫ਼ਲੋ ਸੈਕਟਰ ਦੇ ਚੀਫ਼ ਜੇਮਜ਼ ਅਮੈਟੋ ਨੇ ਦੱਸਿਆ ਕਿ ਅਮਰੀਕਾ ਵਿਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਕ ਹੋਰ ਮੀਡੀਆ ਰਿਪੋਰਟ ਮੁਤਾਬਕ ਹਿਰਾਸਤ ਵਿਚ ਲਏ ਗੈਰਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰ ਹਨ ਜਿਨ੍ਹਾਂ ਨੂੰ ਟਰੰਪ ਸਰਕਾਰ ਦੀ ਮੁਹਿੰਮ ਤਹਿਤ ਕਾਬੂ ਕੀਤਾ ਗਿਆ ਹੈ। ਅਮੈਟੋ ਨੇ ਦੱਸਿਆ ਕਿ ਕਿਸੇ ਡਰਾਈਵਰ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਅਤੇ ਟ੍ਰੈਫ਼ਿਕ ਸਾਈਨ ਸਮਝਣ ਦੇ ਸਮਰੱਥ ਵੀ ਨਹੀਂ।