ਅਮਰੀਕਾ ਵਿਚ 4 ਬੱਚਿਆਂ ਸਣੇ 6 ਜਣੇ ਜਿਊਂਦੇ ਸੜੇ
ਅਮਰੀਕਾ ਵਿਚ ਚਾਰ ਬੱਚਿਆਂ ਸਣੇ ਇਕੋ ਪਰਵਾਰ ਦੇ 6 ਜੀਆਂ ਦੀ ਸੜਨ ਕਾਰਨ ਮੌਤ ਹੋਣ ਦੀ ਹੌਲਨਾਕ ਖਬਰ ਸਾਹਮਣੇ ਆਈ ਹੈ
ਮੈਰੀਲੈਂਡ : ਅਮਰੀਕਾ ਵਿਚ ਚਾਰ ਬੱਚਿਆਂ ਸਣੇ ਇਕੋ ਪਰਵਾਰ ਦੇ 6 ਜੀਆਂ ਦੀ ਸੜਨ ਕਾਰਨ ਮੌਤ ਹੋਣ ਦੀ ਹੌਲਨਾਕ ਖਬਰ ਸਾਹਮਣੇ ਆਈ ਹੈ। ਘਟਨਾ ਮੈਰੀਲੈਂਡ ਸੂਬੇ ਵਿਚ ਐਤਵਾਰ ਸਵੇਰੇ ਤਕਰੀਬਨ 8.40 ’ਤੇ ਵਾਪਰੀ ਜਦੋਂ ਚਾਰਲਸ ਕਾਊਂਟੀ ਦਾ ਇਕ ਘਰ ਅੱਗ ਦੀਆਂ ਲਾਟਾਂ ਵਿਚ ਘਿਰ ਗਿਆ। ਡੈਕਲਾਰੇਸ਼ਨ ਕੋਰਟ ਨੌਰਥ ਵਿਖੇ ਸਥਿਤ ਘਰ ਨੂੰ ਅੱਗ ਲੱਗਣ ਦੀ ਇਤਲਾਹ ਮਿਲਣ ’ਤੇ ਫਾਇਰ ਫਾਈਟਰਜ਼ ਮੌਕੇ ’ਤੇ ਪੁੱਜੇ ਤਾਂ ਪੂਰੀ ਇਮਾਰਤ ਲਾਟਾਂ ਵਿਚ ਘਿਰੀ ਹੋਈ ਨਜ਼ਰ ਆਈ। 70 ਤੋਂ ਵੱਧ ਫਾਇਰ ਫਾਈਟਰਜ਼ ਨੇ ਕਈ ਘੰਟੇ ਦੀ ਕਰੜੀ ਮੁਸ਼ੱਕਤ ਮਗਰੋਂ ਅੱਗ ਬੁਝਾ ਦਿਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।
ਮੈਰੀਲੈਂਡ ਸੂਬੇ ਦੇ ਘਰ ’ਚ ਐਤਵਾਰ ਸਵੇਰੇ ਲੱਗੀ ਭਿਆਨਕ ਅੱਗ
ਦੋ ਮੰਜ਼ਿਲਾ ਘਰ ਵਿਚ 9 ਜਣੇ ਰਹਿੰਦੇ ਸਨ ਜੋ ਸੜ ਕੇ ਸੁਆਹ ਹੋ ਗਿਆ। ਮਾਸਟਰ ਡਿਪਟੀ ਫਾਇਰ ਮਾਰਸ਼ਲ ਓਲੀਵਰ ਐਲਕਾਇਰ ਨੇ ਦੱਸਿਆ ਕਿ ਦੋ ਜਣੇ ਘਰ ਵਿਚ ਮੌਜੂਦ ਨਹੀਂ ਸਨ ਜਦਕਿ ਇਕ ਆਪਣੇ ਜਾਨ ਬਚਾਉਣ ਵਿਚ ਸਫ਼ਲ ਰਿਹਾ। ਅੱਗ ਬੁਝਾਉਂਦਿਆਂ ਇਕ ਫਾਇਰ ਫਾਈਟਰ ਵੀ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਡਿਪਟੀ ਸਟੇਟ ਫਾਇਰ ਮਾਰਸ਼ਲਜ਼ ਅਤੇ ਬਿਊਰੋ ਆਫ਼ ਐਲਕੌਹਲ, ਟੋਬੈਕੋ, ਫਾਇਰਆਰਮਜ਼ ਐਂਡ ਐਕਸਪਲੋਸਿਵਜ਼ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਫ਼ਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਘਰ ਵਿਚ ਸਮੋਕ ਅਲਾਰਮ ਲੱਗਾ ਹੋਇਆ ਸੀ ਜਾਂ ਨਹੀਂ। ਫਾਇਰ ਮਾਰਸ਼ਲ ਵੱਲੋਂ ਲੋਕਾਂ ਨੂੰ ਸੱਦਾ ਦਿਤਾ ਗਿਆ ਕਿ ਸਮੋਕ ਅਲਾਰਮ ਦੇ ਮਾਮਲੇ ਵਿਚ ਕੋਈ ਅਣਗਹਿਲੀ ਨਾ ਵਰਤੀ ਜਾਵੇ।
ਅੱਗ ਲੱਗਣ ਦੇ ਕਾਰਨਾਂ ਦੀ ਕੀਤੀ ਜਾ ਰਹੀ ਪੜਤਾਲ
ਉਧਰ ਚਾਰਲਸ ਕਾਊਂਟੀ ਦੇ ਵਾਲੰਟੀਅਰ ਫਾਇਰ ਐਂਡ ਈ.ਐਮ.ਐਸ. ਪਬਲਿਕ ਇਨਫ਼ਰਮੇਸ਼ਨ ਅਫ਼ਸਰ ਬਿਲ ਸਮਿਥ ਦਾ ਕਹਿਣਾ ਸੀ ਕਿ ਇਲਾਕੇ ਵਿਚ ਘਰਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਤਾਜ਼ਾ ਘਟਨਾ ਦੌਰਾਨ ਹੋਏ ਜਾਨੀ ਨੁਕਸਾਨ ਬਾਰੇ ਸੁਣ ਕੇ ਦਿਲ ਕੰਬ ਗਿਆ। ਇਕ ਪਰਵਾਰ ਦੇ 6 ਜੀਅ ਇਸ ਦੁਨੀਆਂ ਵਿਚ ਨਹੀਂ ਰਹੇ ਜਿਨ੍ਹਾਂ ਵਿਚੋਂ ਚਾਰ ਬੱਚੇ ਸਨ।