ਡੌਂਕੀ ਲਾ ਅਮਰੀਕਾ ਜਾ ਰਹੇ 5 ਭਾਰਤੀ ਬਣਾਏ ਬੰਦੀ
ਟਰੰਪ ਸਰਕਾਰ ਵੱਲੋਂ ਵੱਡੀ ਗਿਣਤੀ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੇ ਬਾਵਜੂਦ ਪੰਜਾਬ-ਹਰਿਆਣਾ ਦੇ ਨੌਜਵਾਨਾਂ ਦਾ ਨਾਜਾਇਜ਼ ਪ੍ਰਵਾਸ ਜਾਰੀ ਹੈ
ਨਵੀਂ ਦਿੱਲੀ : ਟਰੰਪ ਸਰਕਾਰ ਵੱਲੋਂ ਵੱਡੀ ਗਿਣਤੀ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੇ ਬਾਵਜੂਦ ਪੰਜਾਬ-ਹਰਿਆਣਾ ਦੇ ਨੌਜਵਾਨਾਂ ਦਾ ਨਾਜਾਇਜ਼ ਪ੍ਰਵਾਸ ਜਾਰੀ ਹੈ ਅਤੇ ਤਾਜ਼ਾ ਮਾਮਲੇ ਤਹਿਤ ਲੀਬੀਆ ਵਿਚ ਫਸੇ ਪੰਜ ਨੌਜਵਾਨਾਂ ਨੂੰ ਸੁਰੱਖਿਅਤ ਕੱਢ ਕੇ ਲਿਆਂਦਾ ਗਿਆ ਹੈ ਜੋ ਟਰੈਵਲ ਏਜੰਟਾਂ ਦੇ ਲਾਰਿਆਂ ਵਿਚ ਫਸ ਕੇ ਲੱਖਾਂ ਰੁਪਏ ਗਵਾ ਬੈਠੇ। 2 ਨੌਜਵਾਨ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਅਤੇ ਤਿੰਨ ਹਰਿਆਣਾ ਦੇ ਕੈਥਲ ਜ਼ਿਲ੍ਹੇ ਨਾਲ ਸਬੰਧਤ ਹਨ ਜਿਨ੍ਹਾਂ ਨੂੰ ਕਥਿਤ ਤੌਰ ’ਤੇ ਬੰਦੀ ਬਣਾਇਆ ਗਿਆ ਪਰ ਠੱਗ ਏਜੰਟਾਂ ਦੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਕੈਥਲ ਪੁਲਿਸ ਇਨ੍ਹਾਂ ਨੂੰ ਬਚਾਉਣ ਵਿਚ ਸਫ਼ਲ ਰਹੀ।
ਲੀਬੀਆ ਤੋਂ ਰਿਹਾਅ ਕਰਵਾ ਕੇ ਲਿਆਈ ਕੈਥਲ ਪੁਲਿਸ
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਤਿੰਨ ਸਾਲ ਦੌਰਾਨ ਮਨੁੱਖੀ ਤਸਕਰੀ ਦੇ ਦੋਸ਼ ਹੇਠ 21 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦਕਿ 19 ਪੀੜਤਾਂ ਦੀ ਰਿਹਾਈ ਯਕੀਨੀ ਬਣਾਈ ਗਈ। ਇਕ ਹੋਰ ਮੀਡੀਆ ਰਿਪੋਰਟ ਮੁਤਾਬਕ ਪੰਜ ਨੌਜਵਾਨਾਂ ਨੂੰ ਕੈਨੇਡਾ ਭੇਜਣ ਦਾ ਲਾਰਾ ਲਾ ਕੇ ਲੀਬੀਆ ਵਿਚ ਬੰਦੀ ਬਣਾਇਆ ਗਿਆ ਅਤੇ ਰਿਹਾਈ ਵਾਸਤੇ ਇਨ੍ਹਾਂ ਦੇ ਮਾਪਿਆਂ ਤੋਂ ਮੋਟੀਆਂ ਰਕਮਾਂ ਮੰਗੀਆਂ ਜਾ ਰਹੀਆਂ ਸਨ। ਕੈਥਲ ਦੇ ਬਾਕਲ ਪਿੰਡ ਨਾਲ ਸਬੰਧਤ ਵਿਕਰਮ ਨਾਂ ਦੇ ਨੌਜਵਾਨ ਤੋਂ 32 ਲੱਖ ਰੁਪਏ ਵਸੂਲੇ ਗਏ ਪਰ ਕੈਨੇਡਾ ਭੇਜਣ ਦੀ ਬਜਾਏ ਕੋਲਕਾਤਾ ਵਿਚ ਹੀ ਬੰਦ ਬਣਾ ਦਿਤਾ। ਪਸਤੌਲ ਦੀ ਨੋਕ ’ਤੇ ਮਾਪਿਆਂ ਨੂੰ ਫੋਨ ਕਰਵਾਇਆ ਗਿਆ ਕਿ ਉਹ ਕੈਨੇਡਾ ਪਹੁੰਚ ਚੁੱਕਾ ਹੈ ਪਰ ਜਲਦ ਹੀ ਠੱਗ ਏਜੰਟਾਂ ਦੇ ਗਿਰੋਹ ਦਾ ਪਰਦਾ ਫਾਸ਼ ਹੋ ਗਿਆ ਅਤੇ ਬਿਕਰਮ ਦੀ ਜਾਨ ਬਚ ਗਈ।