ਅਮਰੀਕਾ ਤੋਂ ਮਸਾਂ ਜਾਨ ਬਚਾ ਕੇ ਪਰਤੇ 4 ਪੰਜਾਬੀ

ਟਰੈਵਲ ਏਜੰਟਾਂ ਨੂੰ 60-60 ਲੱਖ ਰੁਪਏ ਦੇ ਕੇ ਅਮਰੀਕਾ ਜਾ ਰਹੇ ਪੰਜਾਬੀ ਨੌਜਵਾਨਾਂ ਦੀ ਜਾਨ ’ਤੇ ਵੀ ਬਣ ਆਉਂਦੀ ਹੈ ਅਤੇ ਕੁਝ ਹਫ਼ਤੇ ਦਾ ਸਫਰ ਕਦੇ ਨਾ ਖਤਮ ਹੋਣ ਵਾਲਾ ਸਫ਼ਰ ਬਣ ਕੇ ਰਹਿ ਜਾਂਦਾ ਹੈ।;

Update: 2024-08-28 12:01 GMT

ਚੰਡੀਗੜ੍ਹ : ਟਰੈਵਲ ਏਜੰਟਾਂ ਨੂੰ 60-60 ਲੱਖ ਰੁਪਏ ਦੇ ਕੇ ਅਮਰੀਕਾ ਜਾ ਰਹੇ ਪੰਜਾਬੀ ਨੌਜਵਾਨਾਂ ਦੀ ਜਾਨ ’ਤੇ ਵੀ ਬਣ ਆਉਂਦੀ ਹੈ ਅਤੇ ਕੁਝ ਹਫ਼ਤੇ ਦਾ ਸਫਰ ਕਦੇ ਨਾ ਖਤਮ ਹੋਣ ਵਾਲਾ ਸਫ਼ਰ ਬਣ ਕੇ ਰਹਿ ਜਾਂਦਾ ਹੈ। ਬਿਲਕੁਲ ਇਸੇ ਕਿਸਮ ਦਾ ਘਟਨਾਕ੍ਰਮ ਪਟਿਆਲਾ ਜ਼ਿਲ੍ਹੇ ਦੇ ਨੌਜਵਾਨਾਂ ਨਾਲ ਵਾਪਰਿਆ ਜੋ ਡੌਂਕੀ ਰੂਟ ਰਾਹੀਂ ਅਮਰੀਕਾ ਰਵਾਨਾ ਹੋਏ ਪਰ ਸਪੇਨ ਦੇ ਜੰਗਲਾਂ ਵਿਚ ਕਈ ਦਿਨ ਭੁੱਖਣ-ਭਾਣੇ ਰਹਿਣਾ ਪਿਆ ਅਤੇ ਲੁਟੇਰਿਆਂ ਨੇ ਸਭ ਕੁਝ ਲੁੱਟ ਲਿਆ। ਮੀਡੀਆ ਰਿਪੋਰਟ ਮੁਤਾਬਕ ਗਗਨਪ੍ਰੀਤ ਸਿੰਘ, ਹਰਵਿੰਦਰ ਸਿੰਘ, ਜਗਰਾਜ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਹਡਬੀਤੀ ਸੁਣਾਉਂਦਿਆਂ ਦੱਸਿਆ ਕਿ ਬਿਹਤਰ ਭਵਿੱਖ ਦੀ ਭਾਲ ਵਿਚ ਉਨ੍ਹਾਂ ਨੇ ਅਮਰੀਕਾ ਜਾਣ ਦਾ ਫੈਸਲਾ ਕੀਤਾ ਪਰ ਡੌਂਕੀ ਰੂਟ ਐਨਾ ਬਦਤਰ ਹੋਵੇਗਾ, ਕਦੇ ਸੋਚਿਆ ਵੀ ਨਹੀਂ ਸੀ। ਸਪੇਨ ਦੇ ਜੰਗਲਾਂ ਵਿਚ ਇਕ ਹਫਤਾ ਅੱਧਾ ਅੱਧਾ ਬਿਸਕੁਟ ਖਾ ਕੇ ਕੱਢਿਆ। ਲੁਟੇਰਿਆਂ ਨੇ ਮੋਬਾਈਲ ਫੋਨ ਖੋਹ ਲਏ ਅਤੇ ਪੈਰਾਂ ਵਿਚੋਂ ਜੁੱਤੀ ਵੀ ਲਾਹ ਕੇ ਲੈ ਗਏ।

ਜੰਗਲਾਂ ਵਿਚ ਕਈ ਦਿਨ ਭੁੱਖਣ-ਭਾਣੇ ਰਹੇ

ਨੌਜਵਾਨਾਂ ਦੇ ਮਾਪਿਆਂ ਵੱਲੋਂ ਪੁਲਿਸ ਕੋਲ ਦਾਇਰ ਸ਼ਿਕਾਇਤ ਮੁਤਾਬਕ ਟਰੈਵਲ ਏਜੰਟ ਨੇ 35-35 ਲੱਖ ਰੁਪਏ ਵਿਚ ਅਮਰੀਕਾ ਭੇਜਣ ਦਾ ਵਾਅਦਾ ਕੀਤਾ। ਨੌਜਵਾਨਾਂ ਦੇ ਮਾਪਿਆਂ ਨੇ ਆਪਣੇ ਜ਼ਮੀਨ ਜਾਇਦਾਦ ਵੇਚ ਕੇ ਜਾਂ ਕਰਜ਼ਾ ਲੈ ਕੇ ਰਕਮ ਦਾ ਪ੍ਰਬੰਧ ਕੀਤਾ ਜਿਸ ਮਗਰੋਂ ਇਨ੍ਹਾਂ ਨੂੰ ਦਿੱਲੀ ਤੋਂ ਸਰਬੀਆ ਅਤੇ ਫਿਰ ਆਸਟਰੀਆ ਲਿਜਾਣ ਦੀ ਗੱਲ ਆਖੀ ਗਈ ਪਰ ਕਰਦੇ ਕਰਾਉਂਦੇ ਸਪੇਨ ਪੁੱਜ ਗਏ ਅਤੇ ਏਜੰਟ ਨੇ ਅਮਰੀਕਾ ਦੇ ਵਰਕ ਵੀਜ਼ਾ ਦਾ ਪ੍ਰਬੰਧ ਕਰਨ ਦਾ ਭਰੋਸਾ ਦਿਤਾ। ਚਾਰੇ ਨੌਜਵਾਨ ਇਕ ਮਹੀਨੇ ਤੱਕ ਸਪੇਨ ਵਿਚ ਹੀ ਫਸੇ ਰਹੇ ਅਤੇ ਕਿਸੇ ਤਰੀਕੇ ਨਾਲ ਆਪਣੇ ਘਰ ਫੋਨ ਕਰ ਕੇ ਹਾਲਾਤ ਬਾਰੇ ਦੱਸਿਆ। ਨੌਜਵਾਨਾਂ ਦੇ ਮਾਪਿਆਂ ਨੇ ਟਰੈਵਲ ਏਜੰਟ ਨਾਲ ਸੰਪਰਕ ਕੀਤਾ ਤਾਂ ਉਸ ਨੇ ਮਿਲਣ ਤੋਂ ਨਾਂਹ ਕਰ ਦਿਤੀ ਅਤੇ ਕਿਸੇ ਦਾ ਗੱਲ ਕੋਈ ਤਸੱਲੀਬਖ਼ਸ਼ ਜਵਾਬ ਨਾ ਦਿਤਾ। ਸਿਰਫ ਐਨਾ ਹੀ ਨਹੀਂ ਨੌਜਵਾਨਾਂ ਨੂੰ ਅਮਰੀਕਾ ਭੇਜਣ ਲਈ 25-25 ਲੱਖ ਰੁਪਏ ਦੀ ਹੋਰ ਮੰਗ ਕਰ ਦਿਤੀ। ਇਨ੍ਹਾਂ ਪੰਜਾਬੀ ਨੌਜਵਾਨਾਂ ਵਰਗੇ ਪਤਾ ਨਹੀਂ ਕਿੰਨੇ ਜਣੇ ਪਨਾਮਾ ਜਾਂ ਗੁਆਟੇਮਾਲਾ ਦੇ ਜੰਗਲਾਂ ਵਿਚ ਦਮ ਤੋੜ ਦਿੰਦੇ ਹਨ ਅਤੇ ਪਿੱਛੇ ਮਾਪਿਆਂ ਤੱਕ ਕੋਈ ਖਬਰ ਨਹੀਂ ਪੁੱਜਦੀ। ਉਧਰ ਪਟਿਆਲਾ ਦੇ ਐਸ.ਐਸ.ਪੀ. ਨਾਨਕ ਸਿੰਘ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

ਲੁਟੇਰਿਆਂ ਨੇ ਸਭ ਕੁਝ ਲੁੱਟਿਆ

ਅਮਰੀਕਾ ਵਿਚ ਸਰਗਰਮ ਇੰਮੀਗ੍ਰੇਸ਼ਨ ਹਮਾਇਤੀ ਜਥੇਬੰਦੀਆਂ ਮੁਤਾਬਕ 2023 ਵਿਚ ਤਕਰੀਬਨ 42 ਹਜ਼ਾਰ ਭਾਰਤੀ ਨੌਜਵਾਨ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਜਿਨ੍ਹਾਂ ਵਿਚੋਂ ਕੁਝ ਯੂਰਪ ਦੇ ਰਸਤੇ ਅਮਰੀਕਾ ਪਹੁੰਚਾਏ ਗਏ ਜਦਕਿ ਜਦਕਿ ਕੁਝ ਲੈਟਿਨ ਅਮਰੀਕੀ ਮੁਲਕਾਂ ਰਾਹੀਂ ਲੰਮਾ ਸਫਰ ਤੈਅ ਕਰਦਿਆਂ ਆਪਣੇ ਸੁਪਨਿਆਂ ਦੀ ਧਰਤੀ ’ਤੇ ਪੁੱਜੇ। ਸਰਦ ਮੌਸਮ ਵਿਚ ਸਫਰ ਕੁਝ ਸੌਖਾ ਹੋ ਜਾਂਦਾ ਹੈ ਪਰ ਗਰਮੀਆਂ ਦੌਰਾਨ ਪਾਣੀ ਦੀ ਕਮੀ ਪ੍ਰਵਾਸੀਆਂ ਦੀ ਜਾਨ ਲੈ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਬੀਤੇ ਮਈ ਮਹੀਨੇ ਦੌਰਾਨ ਤਕਰੀਬਨ 80 ਹਜ਼ਾਰ ਪ੍ਰਵਾਸੀਆਂ ਨੇ ਬਗੈਰ ਵੀਜ਼ਾ ਤੋਂ ਅਮਰੀਕਾ ਦਾ ਬਾਰਡਰ ਪਾਰ ਕੀਤਾ। ਦਸੰਬਰ 2023 ਵਿਚ ਇਹ ਅੰਕੜਾ ਢਾਈ ਲੱਖ ’ਤੇ ਪੁੱਜ ਗਿਆ ਅਤੇ ਰਿਪਬਲਿਕਨ ਪਾਰਟੀ ਨੇ ਬਾਰਡਰ ਖੁੱਲ੍ਹਾ ਛੱਡਣ ਦਾ ਦੋਸ਼ ਲਾਉਂਦਿਆਂ ਬਾਇਡਨ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿਤਾ। ਹੁਣ ਚੋਣਾਂ ਸਿਰ ’ਤੇ ਆ ਚੁੱਕੀਆਂ ਹਨ ਅਤੇ ਬਾਰਡਰ ’ਤੇ ਆਵਾਜਾਈ ਵੀ ਘਟਦੀ ਨਜ਼ਰ ਆ ਰਹੀ ਹੈ।

Tags:    

Similar News