ਪਾਕਿਸਤਾਨ ਵਿਚ 3 ਅਤਿਵਾਦੀ ਹਮਲੇ, 39 ਹਲਾਕ

ਪਾਕਿਸਤਾਨ ਦੇ ਬਲੋਚਿਸਤਾਨ ਵਿਖੇ ਬੱਸ ਵਿਚ ਸਵਾਰ 23 ਮੁਸਾਫਰਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ। ਬਲੋਚਿਸਤਾਨ ਦੇ ਮੂਸਾਖੇਲ ਵਿਚ ਵਾਪਰੀ ਵਾਰਦਾਤ ਬਾਰੇ ਪੁਲਿਸ ਨੇ ਦੱਸਿਆ ਕਿ ਅਤਿਵਾਦੀਆਂ ਨੇ ਕਤਲੇਆਮ ਨੂੰ ਅੰਜਾਮ ਦੇਣਮਗਰੋਂ ਕਈ ਗੱਡੀਆਂ ਨੂੰ ਅੱਗ ਲਾ ਦਿਤੀ।;

Update: 2024-08-26 12:16 GMT

ਇਸਲਾਮਾਬਾਦ : ਪਾਕਿਸਤਾਨ ਦੇ ਬਲੋਚਿਸਤਾਨ ਵਿਖੇ ਬੱਸ ਵਿਚ ਸਵਾਰ 23 ਮੁਸਾਫਰਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਗਈ। ਬਲੋਚਿਸਤਾਨ ਦੇ ਮੂਸਾਖੇਲ ਵਿਚ ਵਾਪਰੀ ਵਾਰਦਾਤ ਬਾਰੇ ਪੁਲਿਸ ਨੇ ਦੱਸਿਆ ਕਿ ਅਤਿਵਾਦੀਆਂ ਨੇ ਕਤਲੇਆਮ ਨੂੰ ਅੰਜਾਮ ਦੇਣਮਗਰੋਂ ਕਈ ਗੱਡੀਆਂ ਨੂੰ ਅੱਗ ਲਾ ਦਿਤੀ। ਮੂਸਾਖੇਲ ਦੇ ਪੁਲਿਸ ਅਫਸਰ ਨਜੀਜ ਕਾਕਰ ਨੇ ਦੱਸਿਆ ਕਿ ਅਤਿਵਾਦੀਆਂ ਨੇ ਸਭ ਤੋਂ ਪਹਿਲਾਂ ਹਾਈਵੇਅ ਬੰਦ ਕਰ ਦਿਤਾ ਅਤੇ ਇਸ ਮਗਰੋਂ ਪੰਜਾਬ ਤੋਂ ਆਉਣ-ਜਾਣ ਵਾਲੇ ਮੁਸਾਫਰਾਂ ਨੂੰ ਰੋਕ ਕੇ ਸਵਾਲ-ਜਵਾਬ ਕਰਨ ਲੱਗੇ। ਬੰਦੂਕਧਾਰੀਆਂ ਨੇ ਬੱਸ ਵਿਚ ਸਵਾਰ ਮੁਸਾਫਰਾਂ ਦੇ ਆਈ.ਡੀ. ਕਾਰਡ ਚੈਕ ਕੀਤੇ ਅਤੇ ਫਿਰ ਗੋਲੀਆਂ ਚਲਾਈਆਂ। ਪੁਲਿਸ ਨੇ ਦਾਅਵਾ ਕੀਤਾ ਕਿ ਪੰਜਾਬੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਫਿਲਹਾਲ ਕਿਸੇ ਜਥੇਬੰਦੀ ਨੇ ਹਮਲੇ ਦੇ ਜ਼ਿੰਮੇਵਾਰੀ ਨਹੀਂ ਲਈ। ਮਰਨ ਵਾਲਿਆਂ ਵਿਚ 20 ਪੰਜਾਬੀ ਅਤੇ 3 ਬਲੋਚ ਦੱਸੇ ਜਾ ਰਹੇ ਹਨ।

23 ਪੰਜਾਬੀਆਂ ਨੂੰ ਬਲੋਚਿਸਤਾਨ ਵਿਚ ਮਾਰੀ ਗੋਲੀ

ਇਸੇ ਦੌਰਾਨ ਐਸ.ਪੀ. ਅਯੂਬ ਖੋਸੋ ਨੇ ਦੱਸਿਆ ਕਿ ਅਤਿਵਾਦੀਆਂ ਨੇ ਫਰਾਰ ਹੋਣ ਤੋਂ ਪਹਿਲਾਂ 12 ਗੱਡੀਆਂ ਨੂੰ ਅੱਗ ਲਾ ਦਿਤੀ ਅਤੇ ਫਿਰ ਪਹਾੜੀ ਰਸਤੇ ਦੀ ਵਰਤੋਂ ਕਰਦਿਆਂ ਗਾਇਬ ਹੋ ਗਏ। ਵਾਰਦਾਤ ਬਾਰੇ ਇਤਲਾਹ ਮਿਲਣ ’ਤੇ ਪੁਲਿਸ ਟੀਮ ਮੌਕੇ ’ਤੇ ਪੁੱਜੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਇਕ ਪਾਬੰਦੀਸ਼ੁਦਾ ਜਥੇਬੰਦੀ ਨੇ ਵਾਰਦਾਤ ਨੂੰ ਅੰਜਾਮ ਦਿਤਾ ਪਰ ਜਥੇਬੰਦੀ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ। ਅਯੂਬ ਖੋਸੋ ਦਾ ਕਹਿਣਾ ਸੀ ਕਿ ਸੰਭਾਵਤ ਤੌਰ ’ਤੇ ਮੁਸਾਫਰਾਂ ਨੂੰ ਜਾਤ ਦੇ ਆਧਾਰ ’ਤੇ ਨਿਸ਼ਾਨਾ ਬਣਾਇਆ ਗਿਆ। ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਮਲੇ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਮਾਰੇ ਗਏ ਲੋਕਾਂ ਦੇ ਪਰਵਾਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਦੇ ਨਾਲ ਹੀ ਸਥਾਨਕ ਪ੍ਰਸ਼ਾਸਨ ਨੂੰ ਹਦਾਇਤ ਦਿਤੀ ਕਿ ਅਤਿਵਾਦੀਆਂ ਦੀ ਪਛਾਣ ਕਰ ਕੇ ਉਨ੍ਹਾਂ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇ। ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਹਮਲੇ ਦੀ ਨਿਖੇਧੀ ਕੀਤੀ ਅਤੇ ਬਲੋਚਿਸਤਾਨ ਦੇ ਮੁੱਖ ਮੰਤਰੀ ਸਰਫਰਾਜ਼ ਬੁਗਤੀ ਨੇ ਕਿਹਾ ਕਿ ਅਤਿਵਾਦੀਆਂ ਗ੍ਰਿਫ਼ਤਾਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਥੇ ਦਸਣਾ ਬਣਦਾ ਹੈ ਕਿ ਬੀਤੇ ਅਪ੍ਰੈਲ ਮਹੀਨੇ ਦੌਰਾਨ ਵੀ ਇਕ ਹਮਲਾ ਹੋਇਆ ਸੀ ਜਦੋਂ ਪੰਜਾਬ ਦੇ 9 ਜਣਿਆਂ ਦਾ ਕਤਲ ਕਰ ਦਿਤਾ ਗਿਆ। ਉਸ ਵੇਲੇ ਬਲੋਚਿਸਤਾਨ ਦੇ ਨੁਸ਼ਕੀ ਇਲਾਕੇ ਵਿਚ ਆਈ.ਡੀ. ਕਾਰਡ ਚੈਕ ਕਰਨ ਮਗਰੋਂ 9 ਜਣਿਆਂ ਦਾ ਕਤਲ ਕਰ ਦਿਤਾ ਗਿਆ। ਅਕਤੂਬਰ 2023 ਵਿਚ ਅਣਪਛਾਤੇ ਹਮਲਾਵਰਾਂ ਨੇ ਤੁਰਬਤ ਇਲਾਕੇ ਵਿਚ ਪੰਜਾਬ ਦੇ 6 ਮਜ਼ਦੂਰਾਂ ਦੀ ਹੱਤਿਆ ਕਰ ਦਿਤੀ ਜਦਕਿ ਤਾਜ਼ਾ ਵਾਰਦਾਤ ਦੌਰਾਨ ਪਾਕਿਸਤਾਨ ਦੇ ਗਵਾਦਰ ਇਲਾਕੇ ਵਿਚ ਇਕ ਅਣਪਛਾਤੇ ਬੰਦੂਕਧਾਰੀ ਨੇ 7 ਜਣਿਆਂ ਨੂੰ ਗੋਲੀ ਮਾਰ ਦਿਤੀ।

Tags:    

Similar News