America ’ਚ ਗੋਰਿਆਂ ਨਾਲ ਠੱਗੀ, 3 ਭਾਰਤੀ ਹੋ ਰਹੇ ਡਿਪੋਰਟ

ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਭਾਰਤੀਆਂ ਦੀ ਗਿਣਤੀ ਹੋਰ ਵਧ ਗਈ ਜਦੋਂ ਬਜ਼ੁਰਗਾਂ ਤੋਂ ਇਕ ਲੱਖ ਡਾਲਰ ਦੀ ਰਕਮ ਠੱਗਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿਤੇ 24 ਸਾਲਾ ਸ਼ੁਭਮ ਪਟੇਲ ਅਤੇ 22 ਸਾਲਾ ਹਰਸ਼ੀਲ ਕੁਮਾਰ ਪਟੇਲ ਨੂੰ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਦੇ ਹਵਾਲੇ ਕਰ ਦਿਤਾ ਗਿਆ

Update: 2026-01-03 11:55 GMT

ਪੀਟਰਜ਼ਬਰਗ : ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਭਾਰਤੀਆਂ ਦੀ ਗਿਣਤੀ ਹੋਰ ਵਧ ਗਈ ਜਦੋਂ ਬਜ਼ੁਰਗਾਂ ਤੋਂ ਇਕ ਲੱਖ ਡਾਲਰ ਦੀ ਰਕਮ ਠੱਗਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿਤੇ 24 ਸਾਲਾ ਸ਼ੁਭਮ ਪਟੇਲ ਅਤੇ 22 ਸਾਲਾ ਹਰਸ਼ੀਲ ਕੁਮਾਰ ਪਟੇਲ ਨੂੰ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਦੇ ਹਵਾਲੇ ਕਰ ਦਿਤਾ ਗਿਆ। ਦੂਜੇ ਪਾਸੇ 28 ਸਾਲ ਦਾ ਉਤਕਰਸ਼ ਮਿਸ਼ਰਾ ਫ਼ਰਾਰ ਹੈ ਅਤੇ ਉਸ ਦੀ ਸੂਹ ਦੇਣ ਵਾਲੇ ਲਈ 50 ਹਜ਼ਾਰ ਡਾਲਰ ਦਾ ਇਨਾਮ ਰੱਖਿਆ ਗਿਆ ਹੈ। ਵਰਜੀਨੀਆ ਦੇ ਪੀਟਰਜ਼ਬਰਗ ਸ਼ਹਿਰ ਵਿਚੋਂ ਗ੍ਰਿਫ਼ਤਾਰ ਭਾਰਤੀ ਨੌਜਵਾਨ ਸਟੱਡੀ ਵੀਜ਼ਾ ’ਤੇ ਅਮਰੀਕਾ ਪੁੱਜੇ ਸਨ ਅਤੇ ਪੜ੍ਹਾਈ ਮੁਕੰਮਲ ਹੋਣ ਮਗਰੋਂ ਠੱਗੀ-ਠੋਰੀ ਦਾ ਧੰਦਾ ਸ਼ੁਰੂ ਕਰ ਦਿਤਾ। ਫ਼ੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਪੁਲਿਸ ਨਾਲ ਸਾਂਝੇ ਤੌਰ ’ਤੇ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਭਾਰਤੀ ਨੌਜਵਾਨ ਫੈਡਰਲ ਏਜੰਟ ਬਣ ਕੇ ਬਜ਼ੁਰਗਾਂ ਨੂੰ ਕਾਲ ਕਰਦੇ ਅਤੇ ਉਨ੍ਹਾਂ ਵਿਰੁੱਧ ਨਸ਼ਾ ਤਸਕਰੀ ਦੀ ਪੜਤਾਲ ਚੱਲ ਰਹੀ ਹੋਣ ਦਾ ਡਰਾਵਾ ਦਿਤਾ ਜਾਂਦਾ।

ਪੁਲਿਸ ਅਫ਼ਸਰ ਬਣ ਕੇ ਦਿੰਦੇ ਸਨ ਧਮਕੀਆਂ

ਸ਼ੁਭਮ ਅਤੇ ਉਤਕਰਸ਼ ਦਾ ਸਿੱਧਾ ਸਬੰਧ ਹਜ਼ਾਰਾਂ ਡਾਲਰ ਦੇ ਗਿਫ਼ਟ ਕਾਰਡ ਅਤੇ ਯੂ.ਐਸ.ਪੀ.ਐਸ. ਮਨੀ ਆਰਡਰ ਖਰੀਦਣ ਨਾਲ ਜੁੜਿਆ ਜੋ ਪੀੜਤਾਂ ਨੇ ਸ਼ਿਕੰਜੇ ਵਿਚ ਕਸੇ ਜਾਣ ਮਗਰੋਂ ਦੋਹਾਂ ਨੂੰ ਸੌਂਪੇ। ਦੱਸ ਦੇਈਏ ਕਿ ਸ਼ੁਰੂਆਤੀ ਠੱਗੀਆਂ ਦੌਰਾਨ ਮਾਮਲਾ ਪੁਲਿਸ ਦੇ ਧਿਆਨ ਵਿਚ ਨਹੀਂ ਸੀ ਆਇਆ ਪਰ ਸ਼ੌਨ ਵਾਟਸਨ ਬਣ ਕੇ ਸ਼ੁਭਮ ਅਤੇ ਉਸ ਦੇ ਸਾਥੀਆਂ ਨੇ ਇਕ ਪੀੜਤ ਨੂੰ ਦੁਬਾਰਾ ਠੱਗਣ ਦਾ ਯਤਨ ਕੀਤਾ ਅਤੇ 60 ਹਜ਼ਾਰ ਡਾਲਰ ਦੀ ਰਕਮ ਹੋਰ ਮੰਗੀ ਗਈ। ਇਸ ਮਗਰੋਂ ਪੀਟਰਜ਼ਬਰਗ ਪੁਲਿਸ ਅਤੇ ਐਫ਼.ਬੀ.ਆਈ. ਨੇ ਜਾਲ ਵਿਛਾ ਦਿਤਾ ਅਤੇ ਸ਼ੁਭਮ ਤੇ ਹਰਸ਼ੀਲ ਕੁਮਾਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਜਦੋਂ ਉਹ ਪੀੜਤ ਤੋਂ ਰਕਮ ਲੈਣ ਪੁੱਜੇ। ਜਾਂਚਕਰਤਾਵਾਂ ਮੁਤਾਬਕ ਹਰਸ਼ੀਲ ਕੁਮਾਰ ਨੇ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਸ਼ੁਭਮ ਨੇ ਉਸ ਨੂੰ ਠੱਗੀ ਦੇ ਧੰਦੇ ਵਿਚ ਫਸਾਇਆ। ਦੋਵੇਂ ਪਹਿਲਾਂ ਇਕ-ਦੂਜੇ ਨੂੰ ਨਹੀਂ ਸਨ ਜਾਣਦੇ। ਹਰਸ਼ੀਲ ਕੁਮਾਰ ਨੇ ਬੀਤੀ 1 ਅਕਤੂਬਰ ਨੂੰ ਚੋਰੀ ਦੇ ਯਤਨ ਦਾ ਅਪਰਾਧ ਕਬੂਲ ਕਰ ਲਿਆ ਅਤੇ ਕੁਝ ਹਫ਼ਤੇ ਬਾਅਦ ਅਦਾਲਤ ਨੇ ਸ਼ੁਭਮ ਨੂੰ ਵੀ ਦੋਸ਼ੀ ਕਰਾਰ ਦੇ ਦਿਤਾ।

ਸ਼ੁਭਮ ਪਟੇਲ ਅਤੇ ਹਰਸ਼ੀਲ ਕੁਮਾਰ ਨੂੰ ਆਈਸ ਨੇ ਹਿਰਾਸਤ ਵਿਚ ਲਿਆ

ਸੁਪੀਰੀਅਰ ਕੋਰਟ ਦੀ ਜੱਜ ਕੈਥਰੀਨ ਲਾਇਬ੍ਰੈਂਡ ਨੇ ਕਿਹਾ ਕਿ ਹਰਸ਼ੀਲ ਕੁਮਾਰ ਦਾ ਕੋਈ ਅਪਰਾਧਕ ਇਤਿਹਾਸ ਨਹੀਂ ਅਤੇ ਉਸ ਨੇ ਪੀੜਤ ਤੋਂ ਰਕਮ ਵੀ ਚੋਰੀ ਨਹੀਂ ਕੀਤੀ ਕਿਉਂਕਿ ਪੁਲਿਸ ਪਹਿਲਾਂ ਹੀ ਮੌਕੇ ’ਤੇ ਮੌਜੂਦ ਸੀ। ਅਦਾਲਤ ਨੇ ਹਰਸ਼ੀਲ ਕੁਮਾਰ ਨੂੰ ਜੇਲ ਵਿਚ ਲੰਘਾਏ ਸਮੇਂ ਦੇ ਬਰਾਬਰ ਸਜ਼ਾ ਸੁਣਾਈ ਅਤੇ ਉਸ ਨੂੰ ਰਿਹਾਅ ਕਰ ਦਿਤਾ ਗਿਆ ਪਰ ਆਈਸ ਵਾਲਿਆਂ ਦੀ ਅੱਖ ਪਹਿਲਾਂ ਹੀ ਉਸ ਉਤੇ ਆ ਚੁੱਕੀ ਸੀ। ਉਧਰ ਸ਼ੁਭਮ ਨੂੰ 364 ਦਿਨ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਆਈਸ ਨੇ ਉਸ ਉਤੇ ਵੀ ਡਿਟੇਨਰ ਲਾਇਆ ਹੋਇਆ ਸੀ। ਅਦਾਲਤ ਨੇ ਸ਼ੁਭਮ ਨੂੰ 50 ਹਜ਼ਾਰ ਡਾਲਰ ਦਾ ਹਰਜਾਨਾ ਅਦਾ ਕਰਨ ਦੇ ਹੁਕਮ ਵੀ ਦਿਤੇ। ਫ਼ਿਲਹਾਲ ਦੋਹਾਂ ਨੂੰ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਲਿਜਾਏ ਜਾਣ ਦੀ ਰਿਪੋਰਟ ਹੈ ਅਤੇ ਕੁਝ ਹਫ਼ਤੇ ਵਿਚ ਡਿਪੋਰਟ ਕੀਤਾ ਜਾ ਸਕਦਾ ਹੈ।

Tags:    

Similar News