ਅਮਰੀਕਾ ਵਿਚ 2 ਭਾਰਤੀਆਂ ਦੀ ਗਈ ਜਾਨ
ਅਮਰੀਕਾ ਅਤੇ ਕੈਨੇਡਾ ਵਿਚ ਤਿੰਨ ਭਾਰਤੀ ਨੌਜਵਾਨਾਂ ਨਾਲ ਅਣਹੋਣੀ ਵਾਪਰਨ ਦੀ ਦੁਖਦ ਖਬਰ ਸਾਹਮਣੇ ਆਈ ਹੈ
ਹੈਮਿਲਟਨ : ਅਮਰੀਕਾ ਅਤੇ ਕੈਨੇਡਾ ਵਿਚ ਤਿੰਨ ਭਾਰਤੀ ਨੌਜਵਾਨਾਂ ਨਾਲ ਅਣਹੋਣੀ ਵਾਪਰਨ ਦੀ ਦੁਖਦ ਖਬਰ ਸਾਹਮਣੇ ਆਈ ਹੈ। ਮੈਮੋਰੀਅਲ ਡੇਅ ਵੀਕਐਂਡ ਦੌਰਾਨ ਅਮਰੀਕਾ ਵਿਚ ਅਭਿਨਵ ਅਚਨਚੇਤ ਦਮ ਤੋੜ ਗਿਆ ਜੋ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਟੈਕਸਸ ਦੇ ਸੈਨ ਐਂਟੋਨੀਓ ਸ਼ਹਿਰ ਵਿਚ ਰਹਿੰਦੇ ਆਰੋਹਨ ਸਿੰਘ ਨੇ ਦੱਸਿਆ ਕਿ ਅਭਿਨਵ ਦੀ ਪਤਨੀ ਮਨਪ੍ਰੀਤ ਅਤੇ ਉਸ ਦੇ ਬੱਚਿਆਂ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਅਭਿਨਵ ਦੇ ਅੰਤਮ ਸਸਕਾਰ ਅਤੇ ਮਨਪ੍ਰੀਤ ਦੀ ਆਰਥਿਕ ਮਦਦ ਦੀ ਅਪੀਲ ਕਰਦਿਆਂ ਆਰੋਹਨ ਸਿੰਘ ਵੱਲੋਂ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਉਧਰ ਮਨਵੀਰ ਸਿੰਘ ਦੀ ਸਵੀਮਿੰਗ ਪੂਲ ਵਿਚ ਡੁੱਬਣ ਕਾਰਨ ਮੌਤ ਹੋ ਗਈ। ਡੈਨਵਰ ਸ਼ਹਿਰ ਵਿਚ ਰਹਿੰਦੇ ਨਭਦੀਪ ਸਿੰਘ ਵੱਲੋਂ ਮਨਵੀਰ ਸਿੰਘ ਦੀ ਦੇਹ ਭਾਰਤ ਭੇਜਣ ਲਈ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਗਈ ਹੈ।
ਅਭਿਨਵ ਦੀ ਅਚਨਚੇਤ ਮੌਤ, ਮਨਵੀਰ ਸਵੀਮਿੰਗ ਪੂਲ ਵਿਚ ਡੁੱਬਿਆ
ਇਸੇ ਦੌਰਾਨ ਕੈਨੇਡਾ ਦੇ ਹੰਬਰ ਕਾਲਜ ਵਿਚ ਪੜ੍ਹ ਰਿਹਾ ਸਾਹਿਲ ਕੁਮਾਰ ਪਿਛਲੇ 8 ਦਿਨ ਤੋਂ ਲਾਪਤਾ ਦੱਸਿਆ ਜਾ ਰਿਹਾ ਹੈ। ਹਰਿਆਣੇ ਦੇ ਚਰਖੀ ਦਾਦਰੀ ਨੇੜਲੇ ਦੋਹਕਾ ਪਿੰਡ ਨਾਲ ਸਬੰਧਤ ਸਾਹਿਲ ਕੁਮਾਰ ਦੇ ਰਿਸ਼ਤੇਦਾਰ ਅਕਸ਼ੇ ਨੇ ਦੱਸਿਆ ਕਿ ਉਹ 17 ਮਈ ਨੂੰ ਕਾਲਜ ਗਿਆ ਪਰ ਇਸ ਤੋਂ ਬਾਅਦ ਨਜ਼ਰ ਨਾ ਆਇਆ। ਸਾਹਿਲ ਦਾ ਰੂਮਮੇਟ ਵੀ ਦੋਹਕਾ ਪਿੰਡ ਨਾਲ ਹੀ ਸਬੰਧਤ ਹੈ ਅਤੇ ਹੈਮਿਲਟਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸਾਹਿਲ ਦੇ ਪਿਤਾ ਸਾਬਕਾ ਫੌਜੀ ਨੇ ਜਿਨ੍ਹਾਂ ਨੇ 40 ਲੱਖ ਰੁਪਏ ਖਰਚ ਕੇ ਆਪਣੇ ਪੁੱਤ ਨੂੰ ਕੈਨੇਡਾ ਭੇਜਿਆ ਅਤੇ ਹੁਣ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕਿੱਧਰ ਜਾਣ। ਹੈਮਿਲਟਨ ਪੁਲਿਸ ਨੇ ਸੋਸ਼ਲ ਮੀਡੀਆ ਰਾਹੀਂ ਸਾਹਿਲ ਦੀ ਤਸਵੀਰ ਜਾਰੀ ਕਰਦਿਆਂ ਦੱਸਿਆ ਕਿ ਉਸ ਨੂੰ ਆਖਰੀ ਵਾਰ ਟੋਰਾਂਟੋ ਦੇ ਯੂਨੀਅਨ ਸਟੇਸ਼ਨ ’ਤੇ ਦੇਖਿਆ ਗਿਆ।
ਕੈਨੇਡਾ ਵਿਚ ਭਾਰਤੀ ਨੌਜਵਾਨ 8 ਦਿਨ ਤੋਂ ਲਾਪਤਾ
ਸਾਹਿਲ ਦਾ ਪਰਵਾਰ ਅਤੇ ਪੁਲਿਸ ਉਸ ਦੀ ਸੁੱਖ-ਸਾਂਦ ਪ੍ਰਤੀ ਚਿੰਤਤ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਸਾਹਿਲ ਬਾਰੇ ਕੋਈ ਜਾਣਕਾਰੀ ਹੋਵੇ ਤਾਂ 905 540 8549 ’ਤੇ ਸੰਪਰਕ ਕੀਤਾ ਜਾਵੇ।