Australia ਵਿਚ ਡੁੱਬੇ 2 Indian ਨੌਜਵਾਨ
ਆਸਟ੍ਰੇਲੀਆ ਵਿਚ ਪਰਵਾਰ ਸਣੇ ਛੁੱਟੀਆਂ ਮਨਾ ਰਹੇ 2 ਭਾਰਤੀ ਨੌਜਵਾਨ ਦਰਿਆ ਦੇ ਤੇਜ਼ ਪਾਣੀ ਵਿਚ ਰੁੜ੍ਹ ਗਏ
ਸਿਡਨੀ : ਆਸਟ੍ਰੇਲੀਆ ਵਿਚ ਪਰਵਾਰ ਸਣੇ ਛੁੱਟੀਆਂ ਮਨਾ ਰਹੇ 2 ਭਾਰਤੀ ਨੌਜਵਾਨ ਦਰਿਆ ਦੇ ਤੇਜ਼ ਪਾਣੀ ਵਿਚ ਰੁੜ੍ਹ ਗਏ। ਨੌਜਵਾਨਾਂ ਦੀ ਸ਼ਨਾਖ਼ਤ 31 ਸਾਲ ਦੇ ਸਚਿਨ ਖਿੱਲਣ ਅਤੇ 32 ਸਾਲ ਦੇ ਸਾਹਿਲ ਬੱਤਰਾ ਵਜੋਂ ਕੀਤੀ ਗਈ ਹੈ ਜੋ ਸਿਡਨੀ ਵਿਖੇ ਰਹਿੰਦੇ ਸਨ ਪਰ ਪਿਛਲੇ ਦਿਨੀਂ ਛੁੱਟੀਆਂ ਮਨਾਉਣ ਗਲੈਨੀਫ਼ਰ ਕਸਬੇ ਵਿਚ ਪੁੱਜੇ। ਸਾਹਿਲ ਬੱਤਰਾ ਦੇ ਰਿਸ਼ਤੇਦਾਰ ਸੁਮਿਤ ਸਿੰਧੂ ਨੇ ਦੱਸਿਆ ਕਿ ਦੋਹਾਂ ਪਰਵਾਰਾਂ ਨਾਲ ਸਬੰਧਤ ਮੈਂਬਰ ਨੈਵਰ ਨੈਵਰ ਨਦੀ ਦੇ ਕੰਢੇ ਪੈਦਲ ਜਾ ਰਹੇ ਸਨ ਅਤੇ ਗਰਮੀ ਬਹੁਤ ਜ਼ਿਆਦਾ ਸੀ।
ਸਿਡਨੀ ਤੋਂ ਛੁੱਟੀਆਂ ਮਨਾਉਣ ਪੁੱਜੇ ਸਨ ਗਲੈਨੀਫ਼ਰ
ਦੋਹਾਂ ਨੇ ਨਦੀ ਵਿਚ ਨਹਾਉਣ ਦਾ ਫੈਸਲਾ ਕੀਤਾ ਜੋ ਬਜਰ ਗਲਤੀ ਸਾਬਤ ਹੋਇਆ। ਸਚਿਨ ਦੀ ਮੰਗੇਤਰ ਅਤੇ ਇਕ ਹੋਰ ਸ਼ਖਸ ਨੇ ਦੋਹਾਂ ਨੂੰ ਬਚਾਉਣ ਲਈ ਪਾਣੀ ਵਿਚ ਛਾਲਾਂ ਮਾਰ ਦਿਤੀਆਂ ਪਰ ਸਫ਼ਲ ਨਾ ਹੋ ਸਕੇ। ਸਭ ਕੁਝ ਐਨਾ ਜਲਦੀ ਵਾਪਰਿਆ ਅਤੇ ਸਾਹਿਲ ਬੱਤਰਾ ਦੀ ਪਤਨੀ ਦੀ ਤਬੀਅਤ ਵਿਗੜ ਗਈ ਅਤੇ ਹਸਪਤਾਲ ਦਾਖਲ ਕਰਵਾਉਣਾ ਪਿਆ। ਇਥੇ ਦਸਣਾ ਬਣਦਾ ਹੈ ਕਿ ਦੋਵੇਂ ਜਥੇ 2019 ਤੋਂ 2022 ਦਰਮਿਆਨ ਆਸਟ੍ਰੇਲੀਆ ਪੁੱਜੇ ਅਤੇ ਗੂੜ੍ਹੀ ਦੋਸਤੀ ਹੋ ਗਈ। ਸਚਿਨ ਦੀ ਭੈਣ ਅਨੁਰਾਧਾ ਖਿੱਲਣ ਨੇ ਦੱਸਿਆ ਕਿ ਉਸ ਦਾ ਭਰਾ ਸਿਡਨੀ ਦੇ ਨੋਵਾ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿਚ ਕਾਰਪੈਂਟਰੀ ਟੀਚਰ ਸੀ ਜਦਕਿ ਸਾਹਿਲ ਬੱਤਰਾ ਆਈ.ਟੀ. ਪ੍ਰੋਫੈਸ਼ਨ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ।