ਅਮਰੀਕਾ ਵਿਚ 2 ਭਾਰਤੀ ਵਿਦਿਆਰਥੀਆਂ ਦੀ ਮੌਤ

ਅਮਰੀਕਾ ਵਿਚ ਵਾਪਰੇ ਹੌਲਨਾਕ ਹਾਦਸੇ ਦੌਰਾਨ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ।

Update: 2025-05-13 12:29 GMT

ਕਲੀਵਲੈਂਡ : ਅਮਰੀਕਾ ਵਿਚ ਵਾਪਰੇ ਹੌਲਨਾਕ ਹਾਦਸੇ ਦੌਰਾਨ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ। ਵਿਦਿਆਰਥੀਆਂ ਦੀ ਸ਼ਨਾਖਤ 20 ਸਾਲ ਦੇ ਮਾਨਵ ਪਟੇਲ ਅਤੇ 23 ਸਾਲ ਦੇ ਸੌਰਵ ਪ੍ਰਭਾਕਰ ਵਜੋਂ ਕੀਤੀ ਗਈ ਹੈ ਜੋ ਕਲੀਵਲੈਂਡ ਸਟੇਟ ਯੂਨੀਵਰਸਿਟੀ ਵਿਚ ਪੜ੍ਹਦੇ ਸਨ। ਹਾਦਸਾ ਪੈਨਸਿਲਵੇਨੀਆ ਵਿਚ ਵਾਪਰਿਆ ਜਦੋਂ ਭਾਰਤੀ ਵਿਦਿਆਰਥੀਆਂ ਦੀ ਗੱਡੀ ਬੇਕਾਬੂ ਹੋ ਕੇ ਦਰੱਖਤ ਵਿਚ ਜਾ ਵੱਜੀ। ਗੱਡੀ ਵਿਚ ਸਵਾਰ ਦੋ ਜਣਿਆਂ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ ਜਦਕਿ ਤੀਜੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੈਨਸਿਲਵੇਨੀਆ ਸਟੇਟ ਪੁਲਿਸ ਨੇ ਦੱਸਿਆ ਕਿ ਦਰੱਖਤ ਨਾਲ ਟਕਰਾਉਣ ਮਗਰੋਂ ਗੱਡੀ ਇਕ ਪੁਲ ਨਾਲ ਵੀ ਟਕਰਾਈ। ਪੁਲਿਸ ਮੁਤਾਬਕ ਗੱਡੀ ਸੌਰਵ ਪ੍ਰਭਾਕਰ ਚਲਾ ਰਿਹਾ ਸੀ ਜਦਕਿ ਮਾਨਵ ਪਟੇਲ ਪਿਛਲੀ ਸੀਟ ’ਤੇ ਬੈਠਾ ਸੀ।

ਪੈਨਸਿਲਵੇਨੀਆ ਵਿਚ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ

ਸੌਰਵ ਪ੍ਰਭਾਕਰ ਦੇ ਨਾਲ ਬੈਠੇ ਵਿਦਿਆਰਥੀ ਦੀ ਹਾਲਤ ਫ਼ਿਲਹਾਲ ਸਥਿਰ ਦੱਸੀ ਜਾ ਰਹੀ ਹੈ। ਲੈਨਕੈਸਟਰ ਕਾਊਂਟੀ ਦੇ ਕੌਰੋਨਰ ਦਫ਼ਤਰ ਨੇ ਦੱਸਿਆ ਕਿ ਸਰੀਰ ਦੇ ਵੱਖ ਵੱਖ ਅੰਗਾਂ ’ਤੇ ਡੂੰਘੀਆਂ ਸੱਟਾਂ ਵੱਜਣ ਕਾਰਨ ਮਾਨਵ ਪਟੇਲ ਅਤੇ ਸੌਰਵ ਪ੍ਰਭਾਕਰ ਦੀ ਮੌਤ ਹੋਈ ਅਤੇ ਇਸ ਮਾਮਲੇ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਧਰ ਨਿਊ ਯਾਰਕ ਸਥਿਤ ਭਾਰਤੀ ਕੌਂਸਲੇਟ ਵੱਲੋਂ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਗਿਆ ਹੈ ਕਿ ਉਹ ਪੀੜਤ ਪਰਵਾਰਾਂ ਦੇ ਲਗਾਤਾਰ ਸੰਪਰਕ ਵਿਚ ਹੈ। ਕੌਂਸਲੇਟ ਨੇ ਕਿਹਾ ਕਿ ਪੀੜਤ ਪਰਵਾਰਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।

Tags:    

Similar News