ਅਮਰੀਕਾ ਵਿਚ ਕਾਬੂ ਕੀਤੇ 17 ਪੰਜਾਬੀ ਡਰਾਈਵਰ
ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਦਰਮਿਆਨ ਓਕਲਾਹੋਮਾ ਅਤੇ ਅਰਕੰਸਾ ਰਾਜਾਂ ਦੇ ਬਾਰਡਰ ’ਤੇ ਟ੍ਰਾਂਸਪੋਰਟ ਟਰੱਕਾਂ ਸਣੇ 500 ਤੋਂ ਵੱਧ ਗੱਡੀਆਂ ਨੂੰ ਰੋਕੇ ਜਾਣ ਅਤੇ 34 ਡਰਾਈਵਰਾਂ ਸਣੇ 73 ਜਣਿਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਰਿਪੋਰਟ ਹੈ
ਓਕਲਾਹੋਮਾ ਸਿਟੀ : ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਦਰਮਿਆਨ ਓਕਲਾਹੋਮਾ ਅਤੇ ਅਰਕੰਸਾ ਰਾਜਾਂ ਦੇ ਬਾਰਡਰ ’ਤੇ ਟ੍ਰਾਂਸਪੋਰਟ ਟਰੱਕਾਂ ਸਣੇ 500 ਤੋਂ ਵੱਧ ਗੱਡੀਆਂ ਨੂੰ ਰੋਕੇ ਜਾਣ ਅਤੇ 34 ਡਰਾਈਵਰਾਂ ਸਣੇ 73 ਜਣਿਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਰਿਪੋਰਟ ਹੈ। ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੇ ਅਫ਼ਸਰਾਂ ਵੱਲੋਂ ਓਕਲਾਹੋਮਾ ਹਾਈਵੇਅ ਪੈਟਰੋਲ ਦੀ ਮਦਦ ਨਾਲ ਇੰਟਰਸਟੇਟ 40 ’ਤੇ ਇਹ ਵੱਡੀ ਕਾਰਵਾਈ ਕੀਤੀ ਗਈ। ਇਸ ਤੋਂ ਪਹਿਲਾਂ ਸਤੰਬਰ ਦੇ ਅੰਤ ਵਿਚ ਵੱਡੀ ਕਾਰਵਾਈ ਕਰਦਿਆਂ 20 ਤੋਂ 25 ਪੰਜਾਬੀਆਂ ਸਣੇ 120 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਵਿਚੋਂ 91 ਟਰੱਕ ਡਰਾਈਵਰ ਸਨ।
ਓਕਲਾਹੋਮਾ ਸੂਬੇ ਵਿਚ ਆਈਸ ਦਾ ਵੱਡਾ ਨਾਕਾ
ਆਈਸ ਦੇ ਡਿਪਟੀ ਡਾਇਰੈਕਟਰ ਮੈਡੀਸਨ ਸ਼ੀਹਨ ਨੇ ਕਿਹਾ ਕਿ ਅਮਰੀਕਾ ਨੂੰ ਮੁੜ ਸੁਰੱਖਿਅਤ ਬਣਾਉਣ ਲਈ ਲੋਕਲ ਲਾਅ ਐਨਫ਼ੋਰਸਮੈਂਟ ਏਜੰਸੀਆਂ ਪੂਰੀ ਮਦਦ ਕਰ ਰਹੀਆਂ ਹਨ। ਗੈਰਕਾਨੂੰਨੀ ਪ੍ਰਵਾਸੀਆਂ ਨੂੰ ਟ੍ਰਾਂਸਪੋਰਟ ਟਰੱਕ ਚਲਾਉਣ ਦਾ ਕੋਈ ਹੱਕ ਨਹੀਂ ਅਤੇ ਹੁਣ ਵੱਡੀ ਗਿਣਤੀ ਵਿਚ ਪ੍ਰਵਾਸੀ ਡਰਾਈਵਰਾਂ ਦੀ ਗ੍ਰਿਫ਼ਤਾਰੀ ਮਗਰੋਂ ਮੁਲਕ ਦੀਆਂ ਸੜਕਾਂ ਸੁਰੱਖਿਅਤ ਮਹਿਸੂਸ ਹੋ ਰਹੀਆਂ ਹਨ। ਇਸੇ ਦੌਰਾਨ ਓਕਲਾਹੋਮਾ ਦੇ ਗਵਰਨਰ ਕੈਵਿਨ ਸਟਿਟ ਨੇ ਕਿਹਾ ਕਿ ਰਾਸ਼ਟਰਪਤੀ ਡੌਨਲਡ ਆਪਣਾ ਵਾਅਦਾ ਪੂਰਾ ਕਰਦਿਆਂ ਅਮਰੀਕਾ ਦੀਆਂ ਸਰਹੱਦਾਂ ਸੁਰੱਖਿਅਤ ਬਣਾ ਰਹੇ ਹਨ ਅਤੇ ਨਾਜਾਇਜ਼ ਤਰੀਕੇ ਨਾਲ ਦਾਖਲ ਹੋਏ ਵਿਦੇਸ਼ੀ ਨਾਗਰਿਕਾਂ ਕੱਢਿਆ ਜਾ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਇੰਡਿਆਨਾ ਸੂਬੇ ਵਿਚੋਂ ਵੀ ਕਈ ਪੰਜਾਬੀਆਂ ਸਣੇ 146 ਟਰੱਕ ਡਰਾਈਵਰ ਗ੍ਰਿਫ਼ਤਾਰ ਕੀਤੇ ਗਏ ਸਨ।
ਟਰੱਕ ਸਣੇ 500 ਗੱਡੀਆਂ ਰੋਕ ਕੇ ਚੈਕਿੰਗ ਕੀਤੀ
ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਨੇ ਇਸ ਬਾਰੇ ਖੁਦ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਗ੍ਰਿਫ਼ਤਾਰ ਡਰਾਈਵਰਾਂ ਦੇ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਕੈਲੇਫੋਰਨੀਆ, ਨਿਊ ਯਾਰਕ ਅਤੇ ਇਲੀਨੌਇ ਨਾਲ ਸਬੰਧਤ ਸਨ। ਉਨ੍ਹਾਂ ਕਿਹਾ ਸੀ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪਨਾਹ ਦੇਣ ਵਾਲੇ ਰਾਜਾਂ ਵਿਚ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਹਾਸਲ ਕਰਨੇ ਸੌਖੇ ਹਨ ਪਰ ਹੁਣ ਇਹ ਸਭ ਬੰਦ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਡੌਨਲਡ ਟਰੰਪ ਅਤੇ ਅਪ੍ਰੇਸ਼ਨ ਮਿਡਵੇਅ ਬਲਿਟਜ਼ ਦੀ ਸ਼ਲਾਘਾ ਕਰਦਿਆਂ ਕ੍ਰਿਸਟੀ ਨੌਇਮ ਨੇ ਆਖਿਆ ਕਿ ਆਈਸ ਦੇ ਬਹਾਦਰ ਅਫ਼ਸਰ ਦਿਨ-ਰਾਤ ਇਕ ਕਰਦਿਆਂ ਅਪਰਾਧਕ ਰਿਕਾਰਡ ਵਾਲੇ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰ ਰਹੇ ਹਨ ਅਤੇ ਸਾਡੀਆਂ ਕਮਿਊਨਿਟੀਜ਼ ਨੂੰ ਸੁਰੱਖਿਅਤ ਬਣਾਇਆ ਜਾ ਰਿਹਾ ਹੈ।