ਅਮਰੀਕਾ ਤੋਂ ਡਿਪੋਰਟ 150 ਭਾਰਤੀ ਪਨਾਮਾ ’ਚ ਕੈਦ
ਅਮਰੀਕਾ ਤੋਂ ਪਨਾਮਾ ਡਿਪੋਰਟ ਕੀਤੇ ਭਾਰਤੀਆਂ ਨੂੰ ਕੈਦੀਆਂ ਵਾਂਗ ਰੱਖਿਆ ਗਿਆ ਹੈ ਅਤੇ ਉਹ ਮਦਦ ਦੀ ਫਰਿਆਦ ਕਰ ਰਹੇ ਹਨ।;
ਪਨਾਮਾ ਸਿਟੀ : ਅਮਰੀਕਾ ਤੋਂ ਪਨਾਮਾ ਡਿਪੋਰਟ ਕੀਤੇ ਭਾਰਤੀਆਂ ਨੂੰ ਕੈਦੀਆਂ ਵਾਂਗ ਰੱਖਿਆ ਗਿਆ ਹੈ ਅਤੇ ਉਹ ਮਦਦ ਦੀ ਫਰਿਆਦ ਕਰ ਰਹੇ ਹਨ। ਪਨਾਮਾ ਸਿਟੀ ਦੇ ਇਕ ਹੋਟਲ ਵਿਚ ਭਾਰਤ, ਪਾਕਿਸਤਾਨ, ਈਰਾਨ, ਨੇਪਾਲ ਅਤੇ ਸ੍ਰੀਲੰਕਾ ਦੇ ਨਾਗਰਿਕ ਬੰਦ ਹਨ ਜਿਨ੍ਹਾਂ ਨੂੰ ਕਿਸੇ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਅਤੇ ਉਹ ਬਾਰੀਆਂ ਵਿਚ ਖੜ੍ਹੇ ਹੋ ਕੇ ਆਪਣੀ ਲਾਚਾਰੀ ਦਾ ਅਹਿਸਾਸ ਕਰਵਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹੋਟਲ ਵਿਚ ਬੰਦ ਕਿਸੇ ਵੀ ਪ੍ਰਵਾਸੀ ਕੋਲ ਮੋਬਾਈਲ ਫੋਨ ਨਹੀਂ ਅਤੇ ਇਕ ਪ੍ਰਵਾਸੀ ਵੱਲੋਂ ਖੁਦਕੁਸ਼ੀ ਦਾ ਯਤਨ ਵੀ ਕੀਤਾ ਗਿਆ। ਭਾਰਤ ਅਤੇ ਹੋਰਨਾਂ ਮੁਲਕਾਂ ਨਾਲ ਸਬੰਧਤ ਲੋਕਾਂ ਨੂੰ ਉਨ੍ਹਾਂ ਦੇ ਮਰਜ਼ੀ ਦੇ ਵਿਰੁੱਧ ਹੋਟਲ ਵਿਚ ਬੰਦ ਕੀਤਾ ਗਿਆ ਹੈ।
ਰੋਟੀ-ਪਾਣੀ ਤੋਂ ਵੀ ਵਾਂਝੇ, ਮੋਬਾਈਲ ਫੋਨ ਖੋਹੇ
ਉਧਰ ਪਨਾਮਾ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਲੋਕਾਂ ਨੂੰ ਬੰਦੀ ਨਹੀਂ ਬਣਾਇਆ ਗਿਆ ਪਰ ਅਸਲੀਅਤ ਇਹ ਵੀ ਹੈ ਕਿ ਪ੍ਰਵਾਸੀਆਂ ਨੂੰ ਹੋਟਲ ਦੇ ਕਮਰੇ ਤੋਂ ਬਾਹਰ ਕਦਮ ਰੱਖਣ ਦੀ ਇਜਾਜ਼ਤ ਨਹੀਂ। ਹੋਟਲ ਦੇ ਬਾਹਰ ਵੱਡੀ ਗਿਣਤੀ ਵਿਚ ਸੁਰੱਖਿਆ ਮੁਲਾਜ਼ਮ ਤੈਨਾਤ ਹਨ ਅਤੇ ਕਿਸੇ ਬਾਹਰੀ ਸ਼ਖਸ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿਤੀ ਜਾ ਰਹੀ। ਪਨਾਮਾ ਦੇ ਸੁਰੱਖਿਆ ਮੰਤਰੀ ਫਰੈਂਕ ਅਬਰੈਗੋ ਨੇ ਕਿਹਾ ਕਿ ਪ੍ਰਵਾਸੀਆਂ ਨੂੰ ਡਾਕਟਰੀ ਸਹਾਇਤਾ ਅਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪਨਾਮਾ ਸਰਕਾਰ ਨੇ ਅਮਰੀਕਾ ਤੋਂ ਡਿਪੋਰਟ ਹੋ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੇ ਮੁਲਕ ਭੇਜਣ ਵਾਸਤੇ ਸਹਿਮਤ ਦੇ ਦਿਤੀ ਹੈ ਅਤੇ ਸਾਰਾ ਖਰਚਾ ਅਮਰੀਕਾ ਸਰਕਾਰ ਵੱਲੋਂ ਕੀਤਾ ਜਾਵੇਗਾ। ਅਬਰੈਗੋ ਮੁਤਾਬਕ 299 ਪ੍ਰਵਾਸੀਆਂ ਵਿਚੋਂ 171 ਨੇ ਆਪਣੇ ਮੁਲਕ ਪਰਤਣ ਦੀ ਸਹਿਮਤੀ ਦੇ ਚੁੱਕੇ ਹਨ ਅਤੇ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫ਼ੌਰ ਮਾਇਗ੍ਰੇਸ਼ਨ ਸਣੇ ਸੰਯੁਕਤ ਰਾਸ਼ਟਰ ਦੀ ਰਫ਼ਿਊਜੀ ਏਜੰਸੀ ਇਸ ਕੰਮ ਵਿਚ ਮਦਦ ਕਰੇਗੀ। ਆਪਣੇ ਮੁਲਕ ਪਰਤਣ ਤੋਂ ਨਾਂਹ ਕਰਨ ਵਾਲਿਆਂ ਨੂੰ ਡੈਰੀਅਨ ਸੂਬੇ ਦੇ ਜੰਗਲਾਂ ਵਿਚ ਬਣੇ ਇਕ ਆਰਜ਼ੀ ਕੈਂਪ ਵਿਚ ਰੱਖਿਆ ਜਾਵੇਗਾ ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਗੈਰਕਾਨੂੰਨੀ ਪ੍ਰਵਾਸੀ ਪਹਿਲਾਂ ਹੀ ਬੰਦ ਹਨ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਪਨਾਮਾ ਨਹਿਰ ’ਤੇ ਪਹਿਲਾਂ ਹੀ ਦਾਅਵਾ ਕਰ ਰਹੇ ਹਨ ਅਤੇ ਪਨਾਮਾ ਦੇ ਰਾਸ਼ਟਰਪਤੀ ਜੋਜ਼ੇ ਰਾਊਲ ਮਲੀਨੋ ਅਮਰੀਕਾ ਦਾ ਦਖਲ ਬਰਦਾਸ਼ਤ ਨਾ ਕਰਨ ਦਾ ਐਲਾਨ ਕਰ ਚੁੱਕੇ ਹਨ ਪਰ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਸਿਲਸਿਲੇ ਵਿਚ ਪਨਾਮਾ ਸਰਕਾਰ, ਅਮਰੀਕਾ ਦਾ ਸਾਥ ਦੇ ਰਹੀ ਹੈ।
ਪਨਾਮਾ ਸਰਕਾਰ ਨੇ ਦਾਅਵੇ ਨੂੰ ਬੇਬੁਨਿਆਦ ਕਰਾਰ ਦਿਤਾ
ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਵੱਲੋਂ ਆਪਣੀ ਧਰਤੀ ’ਤੇ ਮੌਜੂਦ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਮੁਲਕਾਂ ਵੱਲ ਡਿਪੋਰਟ ਕੀਤਾ ਜਾ ਰਿਹਾ ਹੈ ਜਿਹੜੇ ਰਸਤੇ ਉਹ ਅਮਰੀਕਾ ਵੱਲ ਆਏ। ਡੌਂਕੀ ਲਾਉਣ ਵਾਲੇ ਜ਼ਿਆਦਾਤਰ ਭਾਰਤੀ ਲੈਟਿਨ ਅਮੈਰਿਕਨ ਮੁਲਕਾਂ ਰਾਹੀਂ ਮੈਕਸੀਕੋ ਪੁੱਜਦੇ ਹਨ ਕਿਉਂਕਿ ਮੈਕਸੀਕੋ ਦਾ ਸਿੱਧਾ ਵੀਜ਼ਾ ਮਿਲਣਾ ਬਹੁਤ ਮੁਸ਼ਕਲ ਹੈ ਅਤੇ ਸਥਾਨਕ ਇੰਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਹਿਰਾਸਤ ਵਿਚ ਲਏ ਜਾਣ ਦਾ ਡਰ ਵੀ ਹੁੰਦਾ ਹੈ। ਦੂਜੇ ਪਾਸੇ ਕੁਝ ਲੋਕ ਯੂਰਪੀ ਮੁਲਕਾਂ ਰਾਹੀਂ ਆਉਣ ’ਤੇ ਪਨਾਮਾ ਦੇ ਜੰਗਲਾਂ ਜਾਂ ਕੌਸਟਾਰਿਕਾ ਵਿਚੋਂ ਲੰਘਣ ਦਾ ਝੰਜਟ ਖਤਮ ਹੋ ਜਾਂਦਾ ਹੈ ਅਤੇ ਪ੍ਰਵਾਸੀਆਂ ਨੂੰ ਸਿੱਧੇ ਤੌਰ ’ਤੇ ਨਿਕਾਰਾਗੁਆ ਜਾਂ ਅਲਸਲਵਾਡੋਰ ਰਾਹੀਂ ਅਗਲੇ ਸਫ਼ਰ ’ਤੇ ਰਵਾਨਾ ਕਰ ਦਿਤਾ ਜਾਂਦਾ ਹੈ। ਯੂਰਪੀ ਮੁਲਕਾਂ ਵਿਚ ਦਾਖਲ ਹੋਣ ਲਈ ਸ਼ੈਨਗਨ ਵੀਜ਼ਾ ਦੀ ਜ਼ਰੂਰਤ ਪੈਂਦੀ ਹੈ ਅਤੇ ਇਥੇ ਕੁਝ ਹਫ਼ਤੇ ਲੰਘਾਉਣ ਮਗਰੋਂ ਲੈਟਿਨ ਅਮਰੀਕੀ ਮੁਲਕਾਂ ਦੇ ਸਫ਼ਰ ਦੀ ਤਿਆਰੀ ਵਿੱਢੀ ਦਿਤੀ ਜਾਂਦੀ ਹੈ।