England ’ਚ 14 ਸਾਲਾ Sikh girl ਨਾਲ ਜਬਰ ਜਨਾਹ

ਇੰਗਲੈਂਡ ਵਿਚ 14 ਸਾਲਾ ਸਿੱਖ ਕੁੜੀ ਨਾਲ ਸਮੂਹਕ ਜਬਰ ਜਨਾਹ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਪਾਕਿਸਤਾਨੀ ਗਰੂਮਿੰਗ ਗੈਂਗ ਵੱਲੋਂ ਵਰਗਲਾਇਆ ਗਿਆ

Update: 2026-01-13 13:58 GMT

ਲੰਡਨ : ਇੰਗਲੈਂਡ ਵਿਚ 14 ਸਾਲਾ ਸਿੱਖ ਕੁੜੀ ਨਾਲ ਸਮੂਹਕ ਜਬਰ ਜਨਾਹ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਪਾਕਿਸਤਾਨੀ ਗਰੂਮਿੰਗ ਗੈਂਗ ਵੱਲੋਂ ਵਰਗਲਾਇਆ ਗਿਆ ਅਤੇ 200 ਤੋਂ ਵੱਧ ਸਿੱਖਾਂ ਨੇ ਘੇਰਾਬੰਦੀ ਕਰਦਿਆਂ ਉਸ ਨੂੰ ਰਿਹਾਅ ਕਰਵਾਇਆ। ਵੈਸਟ ਲੰਡਨ ਇਲਾਕੇ ਵਿਚ ਨਾਬਾਲਗ ਸਿੱਖ ਕੁੜੀ ਨੂੰ ਬੰਦੀ ਬਣਾਏ ਜਾਣ ਬਾਰੇ ਪਤਾ ਲੱਗਣ ’ਤੇ ਸਿੱਖ ਇਕੱਤਰ ਹੋਣ ਲੱਗੇ ਅਤੇ ਹਾਲਾਤ ਬੇਕਾਬੂ ਹੁੰਦੇ ਦੇਖ ਪੁਲਿਸ ਵੀ ਪੁੱਜ ਗਈ। ਘਟਨਾ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਅਤੇ ਸਿੱਖ ਭਾਈਚਾਰੇ ਨੇ ਦੋਸ਼ ਲਾਇਆ ਹੈ ਕਿ ਇੰਗਲੈਂਡ ਵਿਚ ਛੋਟੀ ਉਮਰ ਦੀਆਂ ਬੱਚੀਆਂ ਨੂੰ ਵਰਗਲਾਉਣ ਜਾਂ ਅਗਵਾ ਕਰ ਕੇ ਜਿਣਸੀ ਸ਼ੋਸ਼ਣ ਕਰਨ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ।

200 ਸਿੱਖਾਂ ਨੇ ਘਿਰਾਓ ਕਰਦਿਆਂ ਰਿਹਾਅ ਕਰਵਾਈ ਕੁੜੀ

ਸਿੱਖ ਆਗੂਆਂ ਨੇ ਦੱਸਿਆ ਕਿ ਨਾਬਾਲਗ ਸਿੱਖ ਕੁੜੀ ਦੀ ਇਕ ਫ਼ਲੈਟ ਵਿਚ ਮੌਜੂਦਗੀ ਬਾਰੇ ਪੁਲਿਸ ਨੂੰ ਇਤਲਾਹ ਦਿਤੀ ਗਈ ਪਰ ਕੋਈ ਕਾਰਵਾਈ ਨਾ ਹੋਈ। ਆਖ਼ਰਕਾਰ ਮਾਮਲਾ ਆਪਣੇ ਹੱਥਾਂ ਵਿਚ ਲੈਂਦਿਆਂ ਸੋਸ਼ਲ ਮੀਡੀਆ ਰਾਹੀਂ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਸੁਨੇਹੇ ਲਾਏ ਗਏ ਅਤੇ ਫ਼ਲੈਂਟ ਦੇ ਬਾਹਰ ਵੱਡਾ ਇਕੱਠ ਹੋ ਗਿਆ। ਕਈ ਘੰਟੇ ਤੱਕ ਫਲੈਟ ਦਾ ਘਿਰਾਓ ਕਰਨ ਮਗਰੋਂ ਸਿੱਖ ਕੁੜੀ ਨੂੰ ਰਿਹਾਅ ਕਰਵਾਉਣ ਵਿਚ ਸਫ਼ਲਤਾ ਮਿਲੀ ਪਰ ਇਹ ਇਕੱਲਾ ਮਾਮਲਾ ਨਹੀਂ ਜਿਥੇ ਪੁਲਿਸ ਨੇ ਕਾਰਵਾਈ ਕਰਨ ਤੋਂ ਇਨਕਾਰ ਕਰ ਦਿਤਾ। ਕੁੜੀ ਨੇ ਹੱਡਬੀਤੀ ਸੁਣਾਉਂਦਿਆ ਦੱਸਿਆ ਕਿ ਇਕ ਪਾਕਿਸਤਾਨੀ ਸ਼ਖਸ ਨੇ ਉਸ ਨੂੰ ਅਗਵਾ ਕੀਤਾ ਅਤੇ ਆਪਣੇ ਫਲੈਟ ਵਿਚ ਬੰਦ ਕਰ ਦਿਤਾ। ਜਦੋਂ ੳਸ ਨੇ ਚੁੰਗਲ ਵਿਚੋਂ ਬਾਹਰ ਨਿਕਲਣ ਦਾ ਯਤਨ ਕੀਤਾ ਤਾਂ 5-6 ਜਣਿਆਂ ਨੇ ਉਸ ਨੂੰ ਬੇਪੱਤ ਕਰ ਦਿਤਾ। ਪੁਲਿਸ ਵੱਲੋਂ ਇਸ ਮਾਮਲੇ ਵਿਚ ਕੀਤੀ ਕਾਰਵਾਈ ਦੇ ਵਿਸਤਾਰਤ ਵੇਰਵੇ ਸਾਹਮਣੇ ਨਹੀਂ ਆ ਸਕੇ। ਦੱਸ ਦੇਈਏ ਕਿ ਇੰਗਲੈਂਡ ਵਿਚ ਗਰੂਮਿੰਗ ਗੈਂਗ ਵੱਡੇ ਪੱਧਰ ’ਤੇ ਸਰਗਰਮ ਹਨ ਜਿਨ੍ਹਾਂ ਵੱਲੋਂ ਅੱਲ੍ਹੜ ਉਮਰ ਦੀਆਂ ਕੁੜੀਆਂ ਨੂੰ ਜਜ਼ਬਾਤੀ ਤੌਰ ’ਤੇ ਪ੍ਰਭਾਵਤ ਕੀਤਾ ਜਾਂਦਾ ਹੈ ਅਤੇ ਕੁਝ ਸਮਾਂ ਲੰਘਣ ’ਤੇ ਕੁੜੀ ਆਪਣੇ ਪਰਵਾਰ ਨਾਲੋਂ ਤੋੜ ਵਿਛੋੜਾ ਕਰ ਲੈਂਦੀ ਹੈ।

ਪਾਕਿਸਤਾਨੀ ਗਰੂਮਿੰਗ ਗੈਂਗਜ਼ ਦੀ ਕਰਤੂਤ

ਦੁਨੀਆਂ ਦੇ ਸਭ ਤੋਂ ਅਮੀਰ ਕਾਰੋਬਾਰੀ ਇਲੌਨ ਮਸਕ ਇਸ ਮੁੱਦੇ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰ ਚੁੱਕੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਗਰੂਮਰ ਗੈਂਗਜ਼ ਵੱਲੋਂ ਗਰੀਬ ਘਰਾਂ ਨਾਲ ਸਬੰਧਤ 11 ਸਾਲ ਤੋਂ 16 ਸਾਲ ਉਮਰ ਦੀਆਂ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸਕੂਲਾਂ ਵਿਚੋਂ ਗੈਰਹਾਜ਼ਰ ਰਹਿਣ ਵਾਲੀਆਂ ਕੁੜੀਆਂ ਨਿਸ਼ਾਨੇ ’ਤੇ ਹੁੰਦੀਆਂ ਹਨ। ਗਰੂਮਰ ਗੈਂਗ ਇਨ੍ਹਾਂ ਨੂੰ ਮਹਿੰਗੇ ਗਿਫ਼ਟ ਰਾਹੀਂ ਭਰਮਾਉਂਦੇ ਹਨ ਅਤੇ ਦੋਸਤੀ ਜਾਂ ਵਿਆਹ ਦਾ ਲਾਰਾ ਲਾ ਕੇ ਜਾਲ ਵਿਚ ਫਸਾਇਆ ਜਾਂਦਾ ਹੈ। ਗਰੂਮਰ ਗੈਂਗਜ਼ ਸਭ ਤੋਂ ਪਹਿਲਾਂ ਕੁੁੜੀਆਂ ਨੂੰ ਉਨ੍ਹਾਂ ਦੇ ਪਰਵਾਰ ਅਤੇ ਦੋਸਤਾਂ ਤੋਂ ਦੂਰ ਕਰਦੇ ਹਨ ਅਤੇ ਫ਼ਿਰ ਇਨ੍ਹਾਂ ਨੂੰ ਐਕਸਪੁਲਾਇਟ ਕੀਤਾ ਜਾਂਦਾ ਹੈ। ਕੁੜੀਆਂ ਨੂੰ ਅਸਲੀਅਤ ਪਤਾ ਲੱਗ ਜਾਵੇ ਤਾਂ ਉਨ੍ਹਾਂ ਬਲੈਕਮੇਲ ਕਰਦਿਆਂ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿਤੀਆਂ ਜਾਂਦੀਆਂ ਹਨ। ਕੁੜੀਆਂ ਨੂੰ ਮੁਕੰਮਲ ਤੌਰ ’ਤੇ ਵਸ ਵਿਚ ਕਰਨ ਮਗਰੋਂ ਇਨ੍ਹਾਂ ਨੂੰ ਕਮਾਈ ਦਾ ਸਾਧਨ ਬਣਾਉਣ ਦੇ ਕਈ ਮਾਮਲੇ ਵਿਚ ਸਾਹਮਣੇ ਆ ਚੁੱਕੇ ਹਨ ਅਤੇ ਇੰਗਲੈਂਡ ਦੀਆਂ ਅਦਾਲਤਾਂ ਕਈ ਦੋਸ਼ੀਆਂ ਨੂੰ ਸਜ਼ਾ ਦਾ ਐਲਾਨ ਵੀ ਕਰ ਚੁੱਕੀਆਂ ਹਨ। ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਮੁਤਾਬਕ ਗਰੂਮਿੰਗ ਗੈਂਗਜ਼ ਮਾਮਲੇ ਦੀ ਖੁਦਮੁਖਤਿਆਰ ਜਾਂਚ ਕਰਵਾਈ ਜਾ ਰਹੀ ਹੈ ਅਤੇ ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਸ਼ੱਕੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Tags:    

Similar News