ਅਮਰੀਕਾ ’ਚ 100 ਫ਼ਲਾਈਟਸ ਰੱਦ, 4 ਹਜ਼ਾਰ ਨੂੰ ਹੋਈ ਦੇਰ
ਦੁਨੀਆਂ ਭਰ ਵਿਚ ਹਵਾਈ ਸਫ਼ਰ ’ਤੇ ਮੰਡਰਾਏ ਖ਼ਤਰੇ ਦਰਮਿਆਨ ਅਮਰੀਕਾ ਦੇ ਫ਼ਿਲਾਡੈਲਫੀਆ ਏਅਰਪੋਰਟ ’ਤੇ ਬੰਬ ਦੀ ਧਮਕੀ ਨੇ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪਾ ਦਿਤੀਆਂ
ਫ਼ਿਲਾਡੈਲਫੀਆ : ਦੁਨੀਆਂ ਭਰ ਵਿਚ ਹਵਾਈ ਸਫ਼ਰ ’ਤੇ ਮੰਡਰਾਏ ਖ਼ਤਰੇ ਦਰਮਿਆਨ ਅਮਰੀਕਾ ਦੇ ਫ਼ਿਲਾਡੈਲਫੀਆ ਏਅਰਪੋਰਟ ’ਤੇ ਬੰਬ ਦੀ ਧਮਕੀ ਨੇ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪਾ ਦਿਤੀਆਂ ਅਤੇ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਵੱਲੋਂ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਬਾਅਦ ਸਾਰੀਆਂ ਫਲਾਈਟਸ ਰੋਕਣ ਦੇ ਹੁਕਮ ਦਿੰਦਿਆਂ ਪੁਲਿਸ ਸੱਦਣ ਦੀ ਹਦਾਇਤ ਦਿਤੀ ਗਈ। ਫਲਾਈਟ ਅਵੇਅਰ ਦੇ ਅੰਕੜਿਆਂ ਮੁਤਾਬਕ ਬਲੈਕ ਫਰਾਈਡੇਅ ਦੀ ਗਹਿਮਾ ਗਹਿਮੀ ਦੌਰਾਨ 100 ਤੋਂ ਵੱਧ ਫਲਾਈਟਸ ਰੱਦ ਹੋਈਆਂ ਜਦਕਿ 4 ਹਜ਼ਾਰ ਦੇ ਰਵਾਨਾ ਹੋਣ ਜਾਂ ਪੁੱਜਣ ਵਿਚ ਦੇਰ ਹੋਈ। ਉਧਰ ਫਿਲਾਡੈਲਫ਼ੀਆ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇਕ ਜਹਾਜ਼ ਵਿਚ ਖ਼ਤਰੇ ਬਾਰੇ ਜਾਣਕਾਰੀ ਮਿਲਣ ਮਗਰੋਂ ਇਸ ਦੀ ਡੂੰਘਾਈ ਨਾਲ ਤਲਾਸ਼ੀ ਲਈ ਗਈ ਅਤੇ ਕੁਝ ਵੀ ਸ਼ੱਕੀ ਬਰਾਮਦ ਨਾ ਹੋਣ ’ਤੇ ਐਮਰਜੰਸੀ ਐਲਰਟ ਰੱਦ ਕਰ ਦਿਤਾ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਿਊ ਯਾਰਕ ਦੇ ਲਾਗੁਆਰਡੀਆ ਏਅਰਪੋਰਟ ’ਤੇ ਡੈਲਟਾ ਏਅਰਲਾਈਨਜ਼ ਦੀ ਫਲਾਈਟ ਵਿਚ ਬੰਬ ਦੀ ਧਮਕੀ ਮਿਲੀ ਸੀ ਅਤੇ ਵੱਡੇ ਖ਼ਤਰੇ ਦੇ ਮੱਦੇਨਜ਼ਰ ਦਰਜਨਾਂ ਮੁਸਾਫ਼ਰਾਂ ਨੂੰ ਫੌਰੀ ’ਤੇ ਜਹਾਜ਼ ਵਿਚੋਂ ਉਤਾਰਿਆ ਗਿਆ ਜਦਕਿ ਦੂਜੇ ਪਾਸੇ ਵਾਸ਼ਿੰਗਟਨ ਡੀ.ਸੀ. ਦੇ ਰਿਗਨ ਵਾਸ਼ਿੰਗਟਨ ਨੈਸ਼ਨਲ ਏਅਰਪੋਰਟ ’ਤੇ ਵੀ ਬਿਲਕੁਲ ਇਸੇ ਕਿਸਮ ਦੇ ਹਾਲਾਤ ਸਾਹਮਣੇ ਆ ਚੁੱਕੇ ਸਨ।
ਫ਼ਿਲਾਡੈਲਫ਼ੀਆ ਏਅਰਪੋਰਟ ’ਤੇ ਬੰਬ ਦੀ ਧਮਕੀ ਨੇ ਪਾਇਆ ਭੜਥੂ
ਇਸੇ ਦੌਰਾਨ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਵੱਲੋਂ ਛੁੱਟੀਆਂ ਤੋਂ ਪਰਤ ਰਹੇ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਤੇਜ਼ ਹਵਾਵਾਂ ਕਾਰਨ ਬੋਸਟਨ, ਨਿਊ ਯਾਰਕ, ਵਾਸ਼ਿੰਗਟਨ ਡੀ.ਸੀ. ਅਤੇ ਫਿਲਾਡੈਲਫੀਆ ਹਵਾਈ ਅੱਡਿਆਂ ’ਤੇ ਫਲਾਈਟਸ ਪ੍ਰਭਾਵਤ ਹੋ ਸਕਦੀਆਂ ਹਨ। ਦੂਜੇ ਪਾਸੇ ਸਿਐਟਲ, ਸੈਨ ਫਰਾਂਸਿਸਕੋ, ਲੌਸ ਐਂਜਲਸ ਅਤੇ ਸੈਨ ਡਿਐਗੋ ਵਿਖੇ ਹੇਠਲੇ ਪੱਧਰ ’ਤੇ ਬੱਦਲਵਾਈ ਹੋਣ ਕਰ ਕੇ ਏਅਰ ਟ੍ਰੈਫ਼ਿਕ ਵਿਚ ਅੜਿੱਕੇ ਆ ਸਕਦੇ ਹਨ। ਬੰਬ ਦੀਆਂ ਧਮਕੀਆਂ ਅਤੇ ਮੌਸਮ ਦੀ ਖਰਾਬ ਨਾਲ ਸਬੰਧਤ ਸਮੱਸਿਆਵਾਂ ਅਜਿਹੇ ਸਮੇਂ ਸਾਹਮਣੇ ਆਈਆਂ ਜਦੋਂ ਏਅਰ ਬੱਸ ਦੀ ਚਿਤਾਵਨੀ ਨੇ ਪੂਰੀ ਦੁਨੀਆਂ ਵਿਚ ਹਲਚਲ ਪੈਦਾ ਕਰ ਦਿਤੀ। ਏ-320 ਜਹਾਜ਼ਾਂ ਤੋਂ ਇਲਾਵਾ ਏ-319 ਅਤੇ ਏ-321 ਜਹਾਜ਼ਾਂ ਨੂੰ ਵੀ ਚਿਤਾਵਨੀ ਦੇ ਘੇਰੇ ਵਿਚ ਰੱਖਿਆ ਗਿਆ ਜਦਕਿ ਜ਼ਿਆਦਾਤਰ ਨਵੇਂ ਜਹਾਜ਼ਾਂ ਵਿਚ ਸਿਰਫ਼ ਸਾਫ਼ਟਵੇਅਰ ਅਪਡੇਟ ਨਾਲ ਹੀ ਮਸਲਾ ਹੱਲ ਹੋ ਜਾਣਾ ਸੀ। ਅਮਰੀਕਾ ਦੀ ਸਾਊਥ ਵੈਸਟ ਏਅਰਲਾਈਨਜ਼ ਹੀ ਚਿਤਾਵਨੀ ਦੇ ਘੇਰੇ ਤੋਂ ਬਾਹਰ ਰਹੀ ਕਿਉਂਕਿ ਇਸ ਵੱਲੋਂ ਬੋਇੰਗ 737 ਜਹਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ।
2 ਹਵਾਈ ਅੱਡਿਆਂ ’ਤੇ ਪਹਿਲਾਂ ਵੀ ਵਾਪਰ ਚੁੱਕੀਆਂ ਘਟਨਾਵਾਂ
ਏਅਰਬੱਸ ਦੀ ਚਿਤਾਵਨੀ ਹੋਰ ਵੀ ਅਹਿਮ ਹੋ ਗਈ ਕਿਉਂਕਿ ਬੀਤੀ 30 ਅਕਤੂਬਰ ਨੂੰ ਮੈਕਸੀਕੋ ਤੋਂ ਨਿਊ ਜਰਸੀ ਆ ਰਹੀ ਜੈਟ ਬਲੂ ਦੀ ਫਲਾਈਟ 7 ਸੈਕਿੰਡ ਬੇਕਾਬੂ ਰਹਿੰਦਿਆਂ ਤਕਰੀਬਨ 100 ਫੁੱਟ ਹੇਠਾਂ ਗਈ। ਫਲਾਈਟ ਰਾਡਾਰ ਦੇ ਅੰਕੜਿਆਂ ਮੁਤਾਬਕ ਹਾਲਾਤ ਦੀ ਨਜ਼ਾਕਤ ਨੂੰ ਵੇਖਦਿਆਂ ਜਹਾਜ਼ ਨੂੰ ਫਲੋਰੀਡਾ ਵਿਖੇ ਲੈਂਡ ਕਰਵਾਇਆ ਗਿਆ ਅਤੇ ਹਾਦਸੇ ਦੌਰਾਨ 15 ਤੋਂ 20 ਮੁਸਾਫ਼ਰ ਜ਼ਖਮੀ ਹੋਏ ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਕਰਵਾਉਣ ਦੀ ਰਿਪੋਰਟ ਸਾਹਮਣੇ ਆਈ। ਏਅਰਬੱਸ ਵੱਲੋਂ ਤਾਜ਼ਾ ਮਸਲੇ ਨੂੰ ਸੋਲਰ ਰੇਡੀਏਸ਼ਨ ਨਾਲ ਜੋੜਿਆ ਗਿਆ ਜਿਸ ਕਰ ਕੇ ਫਲਾਈਟ ਕੰਟਰੋਲ ਕਰਨ ਵਾਲਾ ਡਾਟਾ ਕੁਰੱਪਟ ਹੋ ਸਕਦਾ ਹੈ। ਉਧਰ ਭਾਰਤ ਵਿਚ ਏਅਰਬੱਸ ਏ-320 ਜਹਾਜ਼ਾਂ ਦੀ ਗਿਣਤੀ 338 ਦੱਸੀ ਜਾ ਰਹੀ ਹੈ ਜਿਨ੍ਹਾਂ ਵਿਚੋਂ 189 ਦਾ ਸਾਫ਼ਟਵੇਅਰ ਅਪਡੇਟ ਮੁਕੰਮਲ ਹੋ ਗਿਆ ਹੈ ਅਤੇ ਬਾਕੀ ਹਵਾਈ ਜਹਾਜ਼ਾਂ ਵਿਚ 30 ਨਵੰਬਰ ਨੂੰ ਸਵੇਰੇ ਸਾਢੇ ਪੰਜ ਵਜੇ ਤੱਕ ਮੁਕੰਮਲ ਹੋ ਜਾਵੇਗਾ।