ਇਟਲੀ : 10 ਪੰਜਾਬੀਆਂ ਦੀ ਗੱਡੀ ਦੇ ਉਡੇ ਪਰਖੱਚੇ
ਇਟਲੀ ਵਿਚ 10 ਪੰਜਾਬੀਆਂ ਨੂੰ ਲਿਜਾ ਰਹੀ ਗੱਡੀ ਦੇ ਪਰਖੱਚੇ ਉਡ ਗਏ ਜਦੋਂ ਇਕ ਬੇਕਾਬੂ ਟਰੱਕ ਨੇ ਇਸ ਨੂੰ ਟੱਕਰ ਮਾਰ ਦਿਤੀ
ਰੋਮ : ਗੁਰਸ਼ਰਨ ਸਿੰਘ ਸੋਨੀ : ਇਟਲੀ ਵਿਚ 10 ਪੰਜਾਬੀਆਂ ਨੂੰ ਲਿਜਾ ਰਹੀ ਗੱਡੀ ਦੇ ਪਰਖੱਚੇ ਉਡ ਗਏ ਜਦੋਂ ਇਕ ਬੇਕਾਬੂ ਟਰੱਕ ਨੇ ਇਸ ਨੂੰ ਟੱਕਰ ਮਾਰ ਦਿਤੀ। ਦੱਖਣੀ ਇਟਲੀ ਦੇ ਮਾਤੇਰਾ ਸ਼ਹਿਰ ਨੇੜੇ ਵਾਪਰੇ ਹੌਲਨਾਕ ਹਾਦਸੇ ਦੌਰਾਨ ਚਾਰ ਪੰਜਾਬੀ ਨੌਜਵਾਨਾਂ ਨੇ ਦਮ ਤੋੜ ਦਿਤਾ ਜਿਨ੍ਹਾਂ ਦੀ ਸ਼ਨਾਖ਼ਤ ਹਰਵਿੰਦਰ ਸਿੰਘ, ਜਸਕਰਨ ਸਿੰਘ, ਸੁਰਜੀਤ ਸਿੰਘ ਅਤੇ ਮਨੋਜ ਕੁਮਾਰ ਵਜੋਂ ਕੀਤੀ ਗਈ ਹੈ। ਦੂਜੇ ਪਾਸੇ 6 ਪੰਜਾਬੀਆਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਏਅਰ ਐਂਬੁਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ 7 ਮੁਸਾਫ਼ਰਾਂ ਦੇ ਬੈਠਣ ਦੀ ਸਮਰੱਥਾ ਵਾਲੀ ਰੈਨੋ ਸੀਨਿਕ ਗੱਡੀ ਵਿਚ ਸਵਾਰ ਪੰਜਾਬੀ ਨੌਜਵਾਨ ਖੇਤਾਂ ਵਿਚ ਦਿਹਾੜੀ ਲਾ ਕੇ ਪਰਤ ਰਹੇ ਸਨ ਅਤੇ ਇਟਲੀ ਦੇ ਮੀਡੀਆ ਮੁਤਾਬਕ ਇਨ੍ਹਾਂ ਵਿਚੋਂ ਕੋਈ ਵੀ ਮੁਲਕ ਵਿਚ ਪੱਕਾ ਨਹੀਂ।
4 ਜਣਿਆਂ ਨੇ ਮੌਕੇ ’ਤੇ ਦਮ ਤੋੜਿਆ, 6 ਦੀ ਹਾਲਤ ਨਾਜ਼ੁਕ
ਪੰਜਾਬੀ ਨੌਜਵਾਨ ਮੈਟਾਪੌਂਟੋ ਇਲਾਕੇ ਦੇ ਖੇਤਾਂ ਵਿਚ ਸਟ੍ਰਾਅਬਰੀਜ਼ ਤੋੜਨ ਦਾ ਕੰਮ ਕਰਦੇ ਸਨ ਅਤੇ ਆਪਣੇ ਰਿਹਾਇਸ਼ ’ਤੇ ਪਰਤਣ ਦਾ ਕੋਈ ਹੋਰ ਸਾਧਨ ਨਾ ਹੋਣ ਕਾਰਨ ਅਕਸਰ ਹੀ 7 ਸੀਟਰ ਗੱਡੀ ਦੀ ਵਰਤੋਂ ਕਰਦੇ ਸਨ। ਹਾਦਸਾ ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਟਰੱਕ ਦਾ ਖੱਬਾ ਹਿੱਸਾ ਕਾਰ ਵਿਚ ਵੱਜਿਆ ਅਤੇ ਇਹ ਕਈ ਪਲਟੀਆਂ ਖਾਂਦੀ ਹੋਈ ਖਤਾਨਾਂ ਵਿਚ ਜਾ ਡਿੱਗੀ। ਚਾਰ ਜਣਿਆਂ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ ਜਿਨ੍ਹਾਂ ਵਿਚੋਂ 31 ਸਾਲ ਦਾ ਹਰਵਿੰਦਰ ਸਿੰਘ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਸੀ ਜਦਕਿ 20 ਸਾਲ ਦੇ ਜਸਕਰਨ ਦਾ ਪਿੰਡ ਰੋਪੜ ਜ਼ਿਲ੍ਹੇ ਵਿਚ ਪੈਂਦਾ ਹੈ। 33 ਸਾਲ ਦਾ ਸੁਰਜੀਤ ਸਿੰਘ ਮੋਗਾ ਜ਼ਿਲ੍ਹੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਜਦਕਿ ਮਨੋਜ ਕੁਮਾਰ ਆਦਮਪੁਰ ਦਾ ਰਹਿਣ ਵਾਲਾ ਸੀ। ਪੁਲਿਸ ਮੁਤਾਬਕ ਹਾਦਸੇ ਦੌਰਾਨ ਟਰੱਕ ਡਰਾਈਵਰ ਨੂੰ ਕੋਈ ਸੱਜ ਨਹੀਂ ਲੱਗੀ ਅਤੇ ਉਹ ਮੌਕੇ ’ਤੇ ਮੌਜੂਦ ਰਿਹਾ। ਹਾਦਸੇ ਦੀ ਗੰਭੀਰਤਾ ਨੂੰ ਵੇਖਦਿਆਂ ਫਾਇਰ ਫਾਈਟਰਜ਼ ਵੀ ਮੌਕੇ ’ਤੇ ਪੁੱਜੇ ਅਤੇ ਗੱਡੀ ਦਾ ਇਕ ਪਾਸਾ ਵੱਢ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ।
ਦਿਹਾੜੀ ਤੋਂ ਪਰਤਣ ਵੇਲੇ ਤੇਜ਼ ਰਫ਼ਤਾਰ ਟਰੱਕ ਨੇ ਮਾਰੀ ਟੱਕਰ
ਪਬਲਿਕ ਪ੍ਰੌਸੀਕਿਊਟਰ ਦੇ ਦਫ਼ਤਰ ਮੁਤਾਬਕ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਧਰ ਮਾਤੇਰਾ ਸ਼ਹਿਰ ਦੇ ਮੇਅਰ ਨੇ 4 ਜਣਿਆਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਨ੍ਹਾਂ ਦੀਆਂ ਦੇਹਾਂ ਭਾਰਤ ਭੇਜਣ ਵਿਚ ਮਦਦ ਕੀਤੀ ਜਾਵੇਗੀ। ਇਥੇ ਦਸਣਾ ਬਣਦਾ ਹੈ ਕਿ ਸ਼ਨਿੱਚਰਵਾਰ ਨੂੰ ਵਾਪਰੇ ਹੌਲਨਾਕ ਹਾਦਸੇ ਤੋਂ ਦੋ ਦਿਨ ਪਹਿਲਾਂ ਹੀ ਇਟਲੀ ਵਿਚ ਸੈਰ ਸਪਾਟਾ ਕਰਨ ਪੁੱਜੇ ਭਾਰਤੀ ਪਰਵਾਰ ਦੇ ਦੋ ਜੀਆਂ ਨੇ ਸੜਕ ਹਾਦਸੇ ਦੌਰਾਨ ਦਮ ਤੋੜ ਦਿਤਾ ਜਦਕਿ ਤਿੰਨ ਬੱਚੇ ਗੰਭੀਰ ਜ਼ਖਮੀ ਹੋ ਗਏ। 55 ਸਾਲ ਦਾ ਜਾਵੇਦ ਅਖਤਰ ਮਹਾਰਾਸ਼ਟਰ ਦਾ ਨਾਮੀ ਹੋਟਲ ਕਾਰੋਬਾਰੀ ਸੀ। ਉਹ ਆਪਣੀ ਪਤਨੀ ਆਰਜ਼ੂ ਅਖਤਰ ਅਤੇ ਬੱਚਿਆਂ ਨਾਲ ਯੂਰਪ ਦੀ ਸੈਰ ਕਰ ਰਿਹਾ ਸੀ ਜਦੋਂ ਗ੍ਰੌਸੈਟੋ ਨੇੜੇ ਔਰੇਲੀਆ ਹਾਈਵੇਅ ’ਤੇ ਜਾਨਲੇਵਾ ਹਾਦਸਾ ਵਾਪਰ ਗਿਆ।