ਅਮਰੀਕਾ ਤੋਂ ਸੈਲਫ਼ ਡਿਪੋਰਟ ਹੋਏ 10 ਲੱਖ ਪ੍ਰਵਾਸੀ
ਅਮਰੀਕਾ ਤੋਂ ਸੈਲਫ਼ ਡਿਪੋਰਟ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ 10 ਲੱਖ ਤੋਂ ਟੱਪ ਚੁੱਕੀ ਹੈ ਅਤੇ ਇਸ ਦਾ ਸਿੱਧਾ ਫਾਇਦਾ ਸਥਾਨਕ ਕਿਰਤੀਆਂ ਨੂੰ ਹੋਇਆ ਹੈ ਜਿਨ੍ਹਾਂ ਦੀਆਂ ਉਜਰਤਾਂ ਦਰਾਂ ਵਿਚ ਵਾਧਾ ਦਰਜ ਕੀਤਾ ਗਿਆ ਹੈ।
ਵਾਸ਼ਿੰਗਟਨ : ਅਮਰੀਕਾ ਤੋਂ ਸੈਲਫ਼ ਡਿਪੋਰਟ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ 10 ਲੱਖ ਤੋਂ ਟੱਪ ਚੁੱਕੀ ਹੈ ਅਤੇ ਇਸ ਦਾ ਸਿੱਧਾ ਫਾਇਦਾ ਸਥਾਨਕ ਕਿਰਤੀਆਂ ਨੂੰ ਹੋਇਆ ਹੈ ਜਿਨ੍ਹਾਂ ਦੀਆਂ ਉਜਰਤਾਂ ਦਰਾਂ ਵਿਚ ਵਾਧਾ ਦਰਜ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਿਦੇਸ਼ਾਂ ਵਿਚ ਜੰਮੇ ਕਿਰਤੀਆਂ ਦੀ ਗਿਣਤੀ ਵਿਚ 7 ਲੱਖ 73 ਹਜ਼ਾਰ ਤੋਂ 10 ਲੱਖ ਤੱਕ ਦੀ ਕਮੀ ਆਉਣ ਦੇ ਸੰਕੇਤ ਮਿਲ ਰਹੇ ਹਨ ਜਦਕਿ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਵਿਚ ਸਾਫ਼ ਤੌਰ ’ਤੇ ਦੱਸਿਆ ਗਿਆ ਹੈ ਕਿ ਮਾਰਚ ਮਹੀਨੇ ਮਗਰੋਂ 10 ਲੱਖ ਵਿਦੇਸ਼ੀ ਕਾਮੇ ਅਮਰੀਕਾ ਛੱਡ ਕੇ ਜਾ ਚੁੱਕੇ ਹਨ ਅਤੇ ਇਸ ਦਾ ਅਸਰ ਕਿਰਤੀ ਬਾਜ਼ਾਰ ’ਤੇ ਪੈ ਰਿਹਾ ਹੈ।
ਕਿਰਤੀਆਂ ਦੀ ਉਜਰਤ ਦਰ ਵਿਚ ਹੋਇਆ ਵਾਧਾ
ਮਈ ਮਹੀਨੇ ਦੌਰਾਨ ਔਸਤਨ ਪ੍ਰਤੀ ਘੰਟਾ ਉਜਰਤ ਦਰ 36.24 ਡਾਲਰ ਦਰਜੀ ਕੀਤੀ ਗਈ ਜੋ ਅਪ੍ਰੈਲ ਦੇ ਮੁਕਾਬਲੇ ਵੱਧ ਬਣਦੀ ਹੈ। ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਟਰੰਪ ਸਰਕਾਰ ਵੱਲੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਦਿਆਂ ਉਨ੍ਹਾਂ ਦੇ ਜੱਦੀ ਮੁਲਕ ਦਾ ਖਿਆਲ ਨਹੀਂ ਰੱਖਿਆ ਜਾਂਦਾ ਅਤੇ ਕਿਸੇ ਵੀ ਮੁਲਕ ਵੱਲ ਜਹਾਜ਼ ਰਵਾਨਾ ਕਰ ਦਿਤੇ ਜਾਂਦੇ ਹਨ ਜਿਸ ਦੇ ਮੱਦੇਨਜ਼ਰ ਅਮਰੀਕਾ ਵਿਚ ਗੈਰਕਾਨੂੰਨੀ ਤੌਰ ’ਤੇ ਮੌਜੂਦ ਪ੍ਰਵਾਸੀ ਸੈਲਫ਼ ਡਿਪੋਰਟ ਹੋਣ ਨੂੰ ਤਰਜੀਹ ਦੇਣ ਲੱਗੇ ਹਨ। ਸਿਰਫ਼ ਐਨਾ ਹੀ ਨਹੀਂ, ਟਰੰਪ ਸਰਕਾਰ ਸੈਫ਼ਲ ਡਿਪੋਰਟ ਹੋਣ ਵਾਲਿਆਂ ਨੂੰ ਇਕ ਹਜ਼ਾਰ ਡਾਲਰ ਨਕਦ ਅਤੇ ਚਾਰਟਰਡ ਪਲੇਨ ਦੀ ਟਿਕਟ ਵੀ ਮੁਹੱਈਆ ਕਰਵਾਉਂਦੀ ਹੈ। ਇਸ ਤੋਂ ਇਲਾਵਾ ਡਿਪੋਰਟੇਸ਼ਨ ਹੁਕਮ ਜਾਰੀ ਹੋਣ ਦੇ ਬਾਵਜੂਦ ਅਮਰੀਕਾ ਛੱਡ ਕੇ ਨਾ ਜਾਣ ਵਾਲਿਆਂ ਨੂੰ ਮੋਟੇ ਜੁਰਮਾਨੇ ਕਰਨ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ ਅਤੇ ਬਗੈਰ ਇੰਮੀਗ੍ਰੇਸ਼ਨ ਸਟੇਟਸ ਵਾਲੇ ਪ੍ਰਵਾਸੀ ਹੁਣ ਇਥੋਂ ਰਵਾਨਾ ਹੋਣ ਵਿਚ ਹੀ ਬਿਹਤਰੀ ਸਮਝ ਰਹੇ ਹਨ। ਭਾਵੇਂ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਸੱਤਾ ਸੰਭਾਲਦਿਆਂ ਹੀ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ’ਤੇ ਡਿਪੋਰਟ ਕਰਨ ਦਾ ਐਲਾਨ ਕੀਤਾ ਗਿਆ ਪਰ ਅਮਰੀਕਾ ਵਿਚ ਥਾਂ-ਥਾਂ ਛਾਪਿਆਂ ਦੇ ਬਾਵਜੂਦ ਤਸੱਲੀਬਖਸ਼ ਨਤੀਜੇ ਸਾਹਮਣੇ ਨਾ ਆ ਸਕੇ। ਟਰੰਪ ਵੱਲੋਂ ਕੀਤੇ ਵੱਡੇ ਵੱਡੇ ਦਾਅਵਿਆਂ ਦੇ ਉਲਟ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਮਾਮਲੇ ਵਿਚ ਬਰਾਕ ਓਬਾਮਾ ਨੂੰ ਅੱਜ ਤੱਕ ਕੋਈ ਟੱਕਰ ਨਹੀਂ ਦੇ ਸਕਿਆ। 2013 ਦੌਰਾਨ ਬਰਾਕ ਓਬਾਮਾ ਦੀ ਸਰਕਾਰ ਨੇ 4 ਲੱਖ 38 ਹਜ਼ਾਰ ਤੋਂ ਵੱਧ ਲੋਕਾਂ ਨੂੰ ਡਿਪੋਰਟ ਕੀਤਾ ਅਤੇ ਅਮਰੀਕਾ ਦੇ ਇਤਿਹਾਸ ਵਿਚ ਕੋਈ ਰਾਸ਼ਟਰਪਤੀ ਐਨੀ ਵੱਡਾ ਅੰਕੜਾ ਹਾਸਲ ਨਾ ਕਰ ਸਕਿਆ।
ਓਬਾਮਾ ਨੇ ਇਕ ਸਾਲ ਵਿਚ 4 ਲੱਖ 38 ਹਜ਼ਾਰ ਪ੍ਰਵਾਸੀ ਕੀਤੇ ਸਨ ਡਿਪੋਰਟ
ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫ਼ੋਰਸਮੈਂਟ ਵਾਲੇ ਐਨੇ ਵੱਡੇ ਪੱਧਰ ’ਤੇ ਡਿਪੋਰਟੇਸ਼ਨ ਮੁਹਿੰਮ ਨਾ ਚਲਾ ਸਕੇ। ਬਰਾਕ ਓਬਾਮਾ ਨਾਲ ਸਬੰਧਤ ਇੰਮੀਗ੍ਰੇਸ਼ਨ ਅੰਕੜਿਆਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅੱਠ ਸਾਲ ਦੇ ਕਾਰਜਕਾਲ ਦੌਰਾਨ ਤਕਰੀਬਨ 20 ਲੱਖ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ। ਓਬਾਮਾ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਮੈਕਸੀਕੋ ਦੇ ਰਸਤੇ ਅਮਰੀਕਾ ਦਾਖਲ ਹੋਣ ਵਾਲਿਆਂ ਨੂੰ ਸਵੈ-ਇੱਛਾ ਨਾਲ ਵਾਪਸ ਜਾਣ ਦੀ ਇਜਾਜ਼ਤ ਮਿਲ ਜਾਂਦੀ ਅਤੇ ਕੋਈ ਕਾਨੂੰਨੀ ਕਾਰਵਾਈ ਵੀ ਨਹੀਂ ਸੀ ਹੁੰਦੀ ਪਰ ਓਬਾਮਾ ਦੇ ਸੱਤਾ ਵਿਚ ਆਉਣ ਮਗਰੋਂ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੇ ਮੁਲਾਜ਼ਮਾਂ ਦੀ ਗਿਣਤੀ ਵਧਾ ਕੇ 22 ਹਜ਼ਾਰ ਕਰ ਦਿਤੀ ਗਈ ਜਿਸ ਦੇ ਸਿੱਟੇ ਵਜੋਂ ਵਾਰ-ਵਾਰ ਬਾਰਡਰ ਪਾਰ ਕਰਨ ਵਾਲਿਆਂ ਦੀ ਗਿਣਤੀ 29 ਫੀ ਸਦੀ ਤੋਂ ਘਟ ਕੇ 14 ਫੀ ਸਦੀ ’ਤੇ ਆ ਗਈ। ਹੁਣ ਟਰੰਪ ਸਰਕਾਰ ਚਾਹ ਕੇ ਵੀ ਓਬਾਮਾ ਸਰਕਾਰ ਵਾਲੀਆਂ ਨੀਤੀਆਂ ਲਾਗੂ ਨਹੀਂ ਕਰ ਸਕਦੀ ਕਿਉਂਕਿ ਕੌਮਾਂਤਰੀ ਬਾਰਡਰ ’ਤੇ ਪੁੱਜਣ ਵਾਲਿਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 95 ਫ਼ੀ ਸਦੀ ਘਟ ਚੁੱਕੀ ਹੈ ਪਰ ਸੈਲਫ਼ ਡਿਪੋਰਟ ਹੋ ਰਹੇ ਪ੍ਰਵਾਸੀਆਂ ਦਾ ਅੰਕੜਾ ਦੇਖਿਆ ਜਾਵੇ ਤਾਂ ਟਰੰਪ ਸਰਕਾਰ ਦੇ ਹੌਸਲੇ ਬੁਲੰਦ ਹੋਣੇ ਲਾਜ਼ਮੀ ਹਨ।