ਰੋਜ਼ਾਨਾ 3 ਹਜ਼ਾਰ ਪ੍ਰਵਾਸੀ ਫੜ ਕੇ ਡਿਪੋਰਟ ਕਰੋ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਰੋਜ਼ਾਨਾ 3 ਹਜ਼ਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰ ਕੇ ਡਿਪੋਰਟ ਕਰਨ ਦੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ

Update: 2025-06-16 12:52 GMT

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਰੋਜ਼ਾਨਾ 3 ਹਜ਼ਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰ ਕੇ ਡਿਪੋਰਟ ਕਰਨ ਦੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਜੀ ਹਾਂ, ਹੁਣ ਤੱਕ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਵੱਲੋਂ ਰੋਜ਼ਾਨਾ ਤਕਰੀਬਨ 650 ਪ੍ਰਵਾਸੀਆਂ ਨੂੰ ਕਾਬੂ ਕੀਤਾ ਜਾ ਰਿਹਾ ਸੀ ਪਰ ਐਤਵਾਰ ਨੂੰ ਟਰੰਪ ਵੱਲੋਂ ਟੀਚਾ ਪੰਜ ਗੁਣਾ ਵਧਾ ਦਿਤਾ ਗਿਆ। ਸੋਸ਼ਲ ਮੀਡੀਆ ਰਾਹੀਂ ਜਾਰੀ ਹੁਕਮਾਂ ਵਿਚ ਟਰੰਪ ਨੇ ਕਿਹਾ ਕਿ ਲੌਸ ਐਂਜਲਸ, ਸ਼ਿਕਾਗੋ ਅਤੇ ਨਿਊ ਯਾਰਕ ਵਰਗੇ ਵੱਡੇ ਸ਼ਹਿਰਾਂ ਵਿਚ ਵੱਧ ਤੋਂ ਵੱਧ ਛਾਪੇ ਮਾਰੇ ਜਾਣ ਜਿਥੇ ਲੱਖਾਂ ਦੀ ਗਿਣਤੀ ਵਿਚ ਗੈਰਕਾਨੂੰਨੀ ਪ੍ਰਵਾਸੀ ਰਹਿ ਰਹੇ ਹਨ।

ਟਰੰਪ ਵੱਲੋਂ ਇੰਮੀਗ੍ਰੇਸ਼ਨ ਅਫ਼ਸਰਾਂ ਨੂੰ ਨਵੇਂ ਹੁਕਮ

ਟਰੰਪ ਨੇ ਦਾਅਵਾ ਕੀਤਾ ਹੈ ਕਿ ਉਹ ਅਮਰੀਕਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਡਿਪੋਰਟੇਸ਼ਨ ਮੁਹਿੰਮ ਚਲਾਉਣ ਦੇ ਇੱਛਕ ਹਨ। ਹਾਲਾਂਕਿ ਟਰੰਪ ਅਜਿਹੇ ਦਾਅਵੇ ਆਪਣਾ ਦੂਜਾ ਕਾਰਜਕਾਲ ਆਰੰਭ ਹੋਣ ਮੌਕੇ ਵੀ ਕਰ ਚੁੱਕੇ ਹਨ। ਸਹੁੰ ਚੁੱਕਣ ਮਗਰੋਂ ਟਰੰਪ ਵੱਲੋਂ 10 ਲੱਖ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪਹਿਲੇ ਸਾਲ ਡਿਪੋਰਟ ਕਰਨ ਦਾ ਟੀਚਾ ਰੱਖਿਆ ਗਿਆ ਪਰ ਅਮਰੀਕਾ ਦੇ ਕੋਨੇ ਕੋਨੇ ਵਿਚ ਛਾਪੇ ਮਾਰਨ ਤੋਂ ਬਾਅਦ ਵੀ ਇੱਛਤ ਨਤੀਜੇ ਸਾਹਮਣੇ ਨਾ ਆ ਸਕੇ। ਟਰੰਪ ਦੀਆਂ ਇਨ੍ਹਾਂ ਆਪਹੁਦਰੀਆਂ ਵਿਰੁੱਧ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਹਿੰਸਕ ਰੋਸ ਵਿਖਾਵੇ ਸਾਹਮਣੇ ਆਏ ਅਤੇ ਸ਼ਨਿੱਚਰਵਾਰ ਨੂੰ ਵੀ ਕਈ ਥਾਵਾਂ ’ਤੇ ਮੁਜ਼ਾਹਰਿਆਂ ਦਾ ਸਿਲਸਿਲਾ ਜਾਰੀ ਰਿਹਾ। ਟਰੰਪ ਦੇ ਤਾਜ਼ਾ ਹੁਕਮਾਂ ਵਿਚ ਡੈਮੋਕ੍ਰੈਟਿਕ ਪਾਰਟੀ ਨਾਲ ਸਬੰਧਤ ਮੇਅਰਾਂ ਵਾਲੇ ਸ਼ਹਿਰਾਂ ਨੂੰ ਨਿਸ਼ਾਨਾ ਬਣਾਉਣ ਵੱਲ ਇਸ਼ਾਰਾ ਕੀਤਾ ਗਿਆ ਹੈ ਜਿਨ੍ਹਾਂ ਨੂੰ ਗੈਰਕਾਨੂੰਨੀ ਪ੍ਰਵਾਸੀਆਂ ਦੀ ਪਨਾਹਗਾਹ ਮੰਨਿਆ ਜਾਂਦਾ ਹੈ।

ਅਮਰੀਕਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਡਿਪੋਰਟੇਸ਼ਨ ਮੁਹਿੰਮ

ਦੂਜੇ ਪਾਸੇ ਟਰੰਪ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਅਧਿਕਾਰੀਆਂ ਨੂੰ ਵੱਖਰੀਆਂ ਹਦਾਇਤਾਂ ਜਾਰੀ ਕਰਦਿਆਂ ਖੇਤਾਂ, ਰੈਸਟੋਰੈਂਟਾਂ ਅਤੇ ਹੋਟਲਾਂ ਵਿਚ ਛਾਪੇ ਰੋਕਣ ਵਾਸਤੇ ਆਖਿਆ ਗਿਆ ਹੈ। ਇਸ ਨੀਤੀ ਪਿੱਛੇ ਦਲੀਲ ਇਹ ਦਿਤੀ ਜਾ ਰਹੀ ਹੈ ਕਿ ਫਲ-ਸਬਜ਼ੀਆਂ ਦੀ ਤੁੜਾਈ ਦਾ ਸੀਜ਼ਨ ਸਿਖਰਾਂ ’ਤੇ ਹੈ ਅਤੇ ਕਿਸਾਨਾਂ ਨੂੰ ਆਪਣੀ ਜ਼ਰੂਰਤ ਮੁਤਾਬਕ ਮਜ਼ਦੂਰ ਨਹੀਂ ਮਿਲ ਰਹੇ। ਸਮੇਂ ਸਿਰ ਫਸਲਾਂ ਦੀ ਸੰਭਾਲ ਨਾ ਕੀਤੀ ਗਈ ਤਾਂ ਅਮਰੀਕਾ ਦੀ ਆਰਥਿਕਤਾ ਨੂੰ ਵੱਡੀ ਢਾਹ ਲੱਗ ਸਕਦੀ ਹੈ। ਇੰਮੀਗ੍ਰੇਸ਼ਨ ਛਾਪਿਆਂ ਦਾ ਡਰ ਮਜ਼ਦੂਰਾਂ ਦੇ ਮਨ ਵਿਚੋਂ ਨਿਕਲ ਜਾਵੇਗਾ ਤਾਂ ਉਹ ਮਨ ਲਾ ਕੇ ਆਪਣਾ ਕੰਮ ਕਰ ਸਕਣਗੇ। ਬਿਲਕੁਲ ਇਹੋ ਵਰਤਾਰਾ ਹੋਟਲਾਂ ਅਤੇ ਰੈਸਟੋਰੈਂਟਾਂ ਦੇ ਮਾਮਲੇ ਵਿਚ ਸਾਹਮਣੇ ਆਇਆ ਜਿਥੇ ਇੰਮੀਗ੍ਰੇਸ਼ਨ ਛਾਪਿਆਂ ਦੇ ਡਰੋਂ ਕਿਰਤੀਆਂ ਨੇ ਆਉਣਾ ਹੀ ਬੰਦ ਕਰ ਦਿਤਾ। ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਬਗੈਰ ਅਪਰਾਧਕ ਪਿਛੋਕੜ ਵਾਲੇ ਖੇਤ ਮਜ਼ਦੂਰਾਂ ਅਤੇ ਹੋਟਲ ਤੇ ਰੈਸਟੋਰੈਂਟ ਕਾਮਿਆਂ ਦੀ ਫੜੋ ਫੜੀ ਨਹੀਂ ਕੀਤੀ ਜਾਵੇਗੀ, ਭਾਵੇਂ ਉਹ ਬਗੈਰ ਦਸਤਾਵੇਜ਼ਾਂ ਤੋਂ ਅਮਰੀਕਾ ਵਿਚ ਰਹਿ ਰਹੇ ਹੋਣ।

Tags:    

Similar News