ਆਯੁੱਧਿਆ ਨਾਲ ਕੀ ਐ ਸਿੱਖਾਂ ਦਾ ਨਾਤਾ?

ਮੰਨਿਆ ਜਾਂਦਾ ਏ ਕਿ ਗੁਰੂ ਨਾਨਕ ਦੇਵ ਜੀ ਆਪਣੀਆਂ ਯਾਤਰਾਵਾਂ ਦੇ ਤਹਿਤ ਪਾਣੀ ਦੇ ਰਸਤੇ ਨਾਨਕਮੱਤਾ ਹੁੰਦੇ ਹੋਏ ਆਯੁੱਧਿਆ ਪਹੁੰਚੇ ਸਨ। ਉਨ੍ਹਾਂ ਨੇ ਆਪਣੇ ਨਾਲ ਸਫ਼ਰ ਕਰ ਰਹੇ ਭਾਈ ਮਰਦਾਨਾ ਜੀ ਨੂੰ ਆਯੁੱਧਿਆ ਦੀ ਜਾਣ ਪਛਾਣ ਸ੍ਰੀ ਰਾਮ ਚੰਦਰ ਦੀ ਨਗਰੀ ਵਜੋਂ ਕਰਵਾਈ ਸੀ।;

Update: 2025-01-22 07:13 GMT

ਆਯੁੱਧਿਆ : ਆਯੁੱਧਿਆ ਦੇ ਸ੍ਰੀ ਰਾਮ ਮੰਦਰ ਵਿਚ ਸ੍ਰੀ ਰਾਮ ਲੱਲਾ ਦੀ ਮੂਰਤੀ ਸਥਾਪਨਾ ਅੱਜ ਇਕ ਸਾਲ ਪੂਰਾ ਹੋ ਗਿਆ ਏ। ਜੇਕਰ ਪਿਛਲੇ ਸਾਲ ਦੀ ਗੱਲ ਕਰੀਏ ਤਾਂ 19 ਜਨਵਰੀ 2024 ਨੂੰ ਆਯੁੱਧਿਆ ਸਥਿਤ ਗੁਰਦੁਆਰਾ ਬ੍ਰਹਮ ਕੁੰਡ ਸਾਹਿਬ ਵਿਚ ਤਿੰਨ ਦਿਨਾ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ ਸੀ, ਜਿਸ ਦਾ ਭੋਗ 21 ਜਨਵਰੀ 2024 ਨੂੰ ਪਾਇਆ ਗਿਆ ਸੀ। ਇਸ ਤੋਂ ਬਾਅਦ 22 ਜਨਵਰੀ 2024 ਨੂੰ ਰਾਮ ਮੰਦਰ ਵਿਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਈ ਸੀ। ਇੱਥੇ ਹੀ ਬਸ ਨਹੀਂ, ਸਿੱਖਾਂ ਵੱਲੋਂ ਆਯੁੱਧਿਆ ਵਿਖੇ ਲੰਗਰ ਵੀ ਲਗਾਇਆ ਗਿਆ ਸੀ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਸਿੱਖਾਂ ਵੱਲੋਂ ਆਯੁੱਧਿਆ ਵਿਚ ਕਿਉਂ ਕੀਤਾ ਜਾ ਰਿਹਾ ਸੀ ਆਖੰਡ ਪਾਠ ਅਤੇ ਕੀ ਐ ਸਿੱਖਾਂ ਦਾ ਆਯੁੱਧਿਆ ਨਾਲ ਨਾਤਾ?

Full View

ਆਯੁੱਧਿਆ ਵਿਚ ਪਿਛਲੇ ਸਾਲ 22 ਜਨਵਰੀ 2024 ਨੂੰ ਰਾਮ ਮੰਦਰ ਵਿਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਹੋਈ ਕੀਤੀ ਗਈ ਸੀ। ਭਾਜਪਾ ਅਤੇ ਉਤਰ ਪ੍ਰਦੇਸ਼ ਸਰਕਾਰ ਵੱਲੋਂ ਇਸ ਪ੍ਰੋਗਰਾਮ ਨੂੰ ਸ਼ਾਨਦਾਰ ਬਣਾਉਣ ਲਈ ਹਰ ਸੰਭਵ ਤਿਆਰੀਆਂ ਕੀਤੀਆਂ ਗਈਆਂ ਸੀ। ਰਾਮ ਮੰਦਰ ਵਿਖੇ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਸਿੱਖਾਂ ਵੱਲੋਂ ਆਯੁੱਧਿਆ ਦੇ ਗੁਰਦੁਆਰਾ ਬ੍ਰਹਮ ਕੁੰਡ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਵੀ ਕੀਤਾ ਗਿਆ ਸੀ। ਅਖੰਡ ਸਾਹਿਬ ਸਿੱਖ ਧਰਮ ਦਾ ਇਕ ਪਵਿੱਤਰ ਧਾਰਮਿਕ ਕਾਰਜ ਹੁੰਦਾ ਐ। ਸਿੱਖਾਂ ਵਿਚ ਇਸ ਦੀ ਡੂੰਘਾ ਅਧਿਆਤਮਕ ਮਹੱਤਵ ਮੰਨਿਆ ਜਾਂਦਾ ਏ। ਇਸ ਦੌਰਾਨ ਸਿੱਖਾਂ ਦੇ ਪਵਿੱਤਰ ਧਾਰਮਿਕ ਗ੍ਰੰਥ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਲਗਾਤਾਰ ਪਾਠ ਕੀਤਾ ਜਾਂਦਾ ਏ।

ਸਿੱਖ ਧਰਮਾ ਆਰਗੇਨਾਈਜੇਸ਼ਨ ਵੈਬਸਾਈਟ ਦੇ ਮੁਤਾਬਕ ਅਜਿਹਾ ਕਿਹਾ ਜਾਂਦਾ ਏ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਕਲਨ ਪੂਰਾ ਕੀਤਾ ਸੀ, ਉਦੋਂ ਪੰਜ ਪਿਆਰਿਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਲਗਾਤਾਰ ਪੂਰਾ ਪੜ੍ਹਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਖੜ੍ਹੇ ਹੋ ਕੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਨੂੰ ਸੁਣਿਆ। ਇਹ ਪਹਿਲਾ ਅਖੰਡ ਪਾਠ ਸੀ। ਇਹ ਪਾਠ ਘੱਟ ਤੋਂ ਘੱਟ 48 ਘੰਟੇ ਤੱਕ ਚਲਦਾ ਏ, ਜਿਸ ਵਿਚ ਇਕੱਠੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਏ। ਇਸ ਦੌਰਾਨ ਇਹ ਯਕੀਨੀ ਕੀਤਾ ਜਾਂਦਾ ਏ ਕਿ ਅਖੰਡ ਪਾਠ ਸਾਹਿਬ ਸਮਾਪਤ ਹੋਣ ਤੱਕ ਵਿਚਕਾਰ ਕੋਈ ਰੁਕਾਵਟ ਨਾ ਆਵੇ ਅਤੇ ਪਾਠ ਕਰਨ ਵਾਲੇ ਲਗਾਤਾਰ ਇਸ ਦਾ ਪਾਠ ਕਰਦੇ ਰਹਿਣ।


ਜੇਕਰ ਸਿੱਖਾਂ ਦੇ ਆਯੁੱਧਿਆ ਨਾਲ ਸਬੰਧਾਂ ਬਾਰੇ ਗੱਲ ਕੀਤੀ ਜਾਵੇ ਤਾਂ ਇਸ ਸਬੰਧੀ ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਦਾ ਕਹਿਣਾ ਏ ‘‘ਸਿੱਖਾਂ ਦਾ ਆਯੁੱਧਿਆ ਅਤੇ ਭਗਵਾਨ ਰਾਮ ਦੇ ਨਾਲ ਜੁੜਾਅ ਦਾ ਇਕ ਮਹਾਨ ਇਤਿਹਾਸ ਐ। ਸਾਲ 1510 ਈਸਵੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਰਾਮ ਮੰਦਰ ਦੀ ਯਾਤਰਾ ਕਰਨ ਦਾ ਜ਼ਿਕਰ ਐ ਜੋ ਰਾਮ ਮੰਦਰ ਦੇ ਪੱਖ ਵਿਚ ਫ਼ੈਸਲੇ ਦਾ ਇਕ ਆਧਾਰ ਬਣਿਆ ਸੀ। ਨਿਹੰਗ 1858 ਵਿਚ ਰਾਮ ਮੰਦਰ ਦੇ ਅੰਦਰ ਵੀ ਗਏ ਸਨ, ਜਿੱਥੇ ਉਨ੍ਹਾਂ ਨੇ ਹਵਨ ਕੀਤਾ ਸੀ ਅਤੇ ਅੰਦਰ ਦੀ ਕੰਧ ’ਤੇ ‘ਰਾਮ’ ਲਿਖਿਆ ਸੀ।

ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ, ਅਜਿਹਾ ਮੰਨਿਆ ਜਾਂਦਾ ਏ ਕਿ 15ਵੀਂ ਸਦੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਆਯੁੱਧਿਆ ਵਿਚ ਰਾਮ ਜਨਮ ਭੂਮੀ ਦੇ ਦਰਸ਼ਨ ਕਰਨ ਲਈ ਗਏ ਸੀ। ਮੰਨਿਆ ਜਾਂਦਾ ਏ ਕਿ ਗੁਰੂ ਨਾਨਕ ਦੇਵ ਜੀ ਆਪਣੀਆਂ ਯਾਤਰਾਵਾਂ ਦੇ ਤਹਿਤ ਪਾਣੀ ਦੇ ਰਸਤੇ ਨਾਨਕਮੱਤਾ ਹੁੰਦੇ ਹੋਏ ਆਯੁੱਧਿਆ ਪਹੁੰਚੇ ਸਨ। ਉਨ੍ਹਾਂ ਨੇ ਆਪਣੇ ਨਾਲ ਸਫ਼ਰ ਕਰ ਰਹੇ ਭਾਈ ਮਰਦਾਨਾ ਜੀ ਨੂੰ ਆਯੁੱਧਿਆ ਦੀ ਜਾਣ ਪਛਾਣ ਸ੍ਰੀ ਰਾਮ ਚੰਦਰ ਦੀ ਨਗਰੀ ਵਜੋਂ ਕਰਵਾਈ ਸੀ।

ਰਾਮ ਮੰਦਰ ਜਨਮ ਸਥਾਨ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਸਾਲ 2019 ਵਿਚ ਆਪਣੇ ਇਤਿਹਾਸਕ ਫ਼ੈਸਲੇ ਵਿਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਸ ਯਾਤਰਾ ਦਾ ਜ਼ਿਕਰ ਕੀਤਾ ਸੀ। ਅਦਾਲਤ ਦਾ ਕਹਿਣਾ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਸਾਲ 1510-11 ਵਿਚ ਆਯੁੱਧਿਆ ਦੀ ਯਾਤਰਾ ਕੀਤੀ ਸੀ। ਉਨ੍ਹਾਂ ਦੀ ਯਾਤਰਾ ਨਾਲ ਹਿੰਦੂ ਸਮਾਜ ਦੀ ਇਸ ਆਸਥਾ ਅਤੇ ਵਿਸ਼ਵਾਸ ਨੂੰ ਮਜ਼ਬੂਤੀ ਮਿਲਦੀ ਐ ਕਿ ਵਿਵਾਦਤ ਜ਼ਮੀਨ ਹੀ ਭਗਵਾਨ ਸ੍ਰੀ ਰਾਮ ਦਾ ਜਨਮ ਅਸਥਾਨ ਐ। ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਵਿਚ ਆਖਿਆ ਸੀ ਕਿ ਜਨਮ ਸਾਖੀ ਵਿਚ ਇਸ ਗੱਲ ਦਾ ਜ਼ਿਕਰ ਐ ਕਿ ਗੁਰੂ ਨਾਨਕ ਦੇਵ ਜੀ ਆਯੁੱਧਿਆ ਗਏ ਸੀ। ਇਸ ਘਟਨਾ ਤੋਂ ਸਾਫ਼ ਐ ਕਿ ਸਾਲ 1528 ਤੋਂ ਪਹਿਲਾ ਉਥੇ ਰਾਮ ਜਨਮ ਭੂਮੀ ਦੀ ਹੋਂਦ ਸੀ ਅਤੇ ਸ਼ਰਧਾਲੂ ਉਥੇ ਦਰਸ਼ਨ ਕਰਨ ਲਈ ਜਾਂਦੇ ਹੁੰਦੇ ਸੀ।

ਇਸੇ ਤਰ੍ਹਾਂ ਰਾਮ ਮੰਦਰ ਦੇ ਅੰਦੋਲਨ ਵਿਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਨਿਹੰਗ ਬਾਬਾ ਫਤਿਹ ਸਿੰਘ ਦੀ 8ਵੀਂ ਪੀੜ੍ਹੀ ਦੇ ਬਾਬਾ ਹਰਜੀਤ ਸਿੰਘ ਰਸੂਲਪੁਰ ਵੱਲੋਂ ਵੀ ਪਿਛਲੇ ਸਾਲ ਆਯੁੱਧਿਆ ਨਗਰੀ ਵਿਚ ਲੰਗਰ ਲਗਾਇਆ ਗਿਆ ਸੀ। ਲੰਗਰ ਦੇ ਉਦਘਾਟਨ ਮੌਕੇ ਭਾਜਪਾ ਦੀ ਰਾਸ਼ਟਰੀ ਬੁਲਾਰਾ ਮੀਨਾਕਸ਼ੀ ਲੇਖੀ ਦੇ ਨਾਲ ਪ੍ਰਮੁੱਖ ਹਿੰਦੂ ਮਹੰਤ ਮੌਜੂਦ ਸਨ। ਬਾਬਾ ਹਰਜੀਤ ਸਿੰਘ ਰਸੂਲਪੁਰ ਦਾ ਕਹਿਣਾ ਏ ਕਿ ਬਾਬਰੀ ਮਸਜਿਦ ’ਤੇ ਸਭ ਤੋਂ ਪਹਿਲਾਂ ਨਿਹੰਗ ਸਿੰਘਾਂ ਨੇ ਹੀ ਕਬਜ਼ਾ ਕੀਤਾ ਸੀ।

ਉਨ੍ਹਾਂ ਮੁਤਾਬਕ 1858 ਵਿਚ ਨਿਹੰਗ ਬਾਬਾ ਫਤਿਹ ਸਿੰਘ ਦੀ ਅਗਵਾਈ ਵਿਚ 25 ਨਿਹੰਗ ਸਿੰਘਾਂ ਨੇ ਬਾਬਰੀ ਮਸਜਿਦ ’ਤੇ ਕਬਜ਼ਾ ਕਰਕੇ ਉਸ ਵਿਚ ਹਵਨ ਕੀਤਾ ਅਤੇ ਨਾਲ ਹੀ ਕੰਧਾਂ ’ਤੇ ‘ਰਾਮ-ਰਾਮ’ ਲਿਖਦੇ ਹੋਏ ਭਗਵਾ ਝੰਡਾ ਲਹਿਰਾਇਆ ਸੀ। ਇਸ ਤੋਂ ਬਾਅਦ 25 ਨਿਹੰਗਾਂ ਦੇ ਖ਼ਿਲਾਫ਼ ਬਾਬਰੀ ਮਸਜਿਦ ਦੇ ਤਤਕਾਲੀਨ ਮੁਅੱਜਿਮ ਦੀ ਸ਼ਿਕਾਇਤ ’ਤੇ ਅਵਧ ਦੇ ਥਾਣੇਦਾਰ ਨੇ 30 ਨਵੰਬਰ 1858 ਨੂੰ ਮਾਮਲਾ ਵੀ ਦਰਜ ਕੀਤਾ ਸੀ।

ਸੋ ਸਿੱਖਾਂ ਦੇ ਆਯੁੱਧਿਆ ਨਗਰੀ ਨਾਲ ਜੋੜੇ ਗਏ ਇਸ ਇਤਿਹਾਸ ਨੂੰ ਲੈ ਕੇ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News