ਕੁੰਭ ਮੇਲਾ : ਜਦੋਂ ਖ਼ੂਨ ਨਾਲ ਲਾਲ ਹੋ ਗਿਆ ਸੀ ਗੰਗਾ ਦਾ ਪਾਣੀ

ਮੁਗ਼ਲ ਕਾਲ ਸਮੇਂ ਇਕ ਵਾਰ ਵੱਡੀ ਘਟਨਾ ਕੁੰਭ ਮੇਲੇ ’ਚ ਵਾਪਰ ਗਈ ਸੀ, ਜਦੋਂ ਗੰਗਾ ਦਾ ਪਾਣੀ ਖ਼ੂਨ ਦੇ ਨਾਲ ਲਾਲ ਹੋ ਗਿਆ ਸੀ। ਸੋ ਆਓ ਤੁਹਾਨੂੰ ਦੱਸਦੇ ਆਂ 12 ਸਾਲ ਬਾਅਦ ਆਉਣ ਵਾਲੇ ਮਹਾਂ ਕੁੰਭ ਦੀ ਕਹਾਣੀ।;

Update: 2025-01-14 14:57 GMT

ਪ੍ਰਯਾਗਰਾਜ : ਪ੍ਰਯਾਗਰਾਜ ਵਿਖੇ ਚੱਲ ਰਹੇ ਮਹਾਂਕੁੰਭ ਵਿਚ ਜੂਨਾ ਅਖਾੜਾ ਸਮੇਤ ਸਾਰੇ 13 ਅਖਾੜਿਆਂ ਦੇ ਸੰਤ ਇਸ਼ਨਾਨ ਕਰ ਚੁੱਕੇ ਨੇ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ 3.5 ਕਰੋੜ ਸ਼ਰਧਾਲੂ ਸੰਗਮ ਵਿਚ ਆਸਥਾ ਦੀ ਡੁਬਕੀ ਲਗਾ ਚੁੱਕੇ ਨੇ, ਜਿਨ੍ਹਾਂ ’ਤੇ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਕੁੰਭ ਮੇਲੇ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਪੁਰਾਣਾ ਐ ਪਰ ਅਸੀਂ ਇਸ ਮੇਲੇ ਨਾਲ ਜੁੜੀਆਂ ਕੁੱਝ ਘਟਨਾਵਾਂ ਦਾ ਜ਼ਿਕਰ ਕਰਾਂਗੇ। ਮੁਗ਼ਲ ਕਾਲ ਸਮੇਂ ਇਕ ਵਾਰ ਵੱਡੀ ਘਟਨਾ ਕੁੰਭ ਮੇਲੇ ’ਚ ਵਾਪਰ ਗਈ ਸੀ, ਜਦੋਂ ਗੰਗਾ ਦਾ ਪਾਣੀ ਖ਼ੂਨ ਦੇ ਨਾਲ ਲਾਲ ਹੋ ਗਿਆ ਸੀ। ਸੋ ਆਓ ਤੁਹਾਨੂੰ ਦੱਸਦੇ ਆਂ 12 ਸਾਲ ਬਾਅਦ ਆਉਣ ਵਾਲੇ ਮਹਾਂ ਕੁੰਭ ਦੀ ਕਹਾਣੀ।


ਪਿਛਲੇ ਕਈ ਦਿਨਾਂ ਤੋਂ ਉਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਖੇ ਕੁੰਭ ਦਾ ਮੇਲਾ ਚੱਲ ਰਿਹਾ ਏ, ਜਿੱਥੇ ਕਰੋੜਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਵੱਲੋਂ ਇਸ਼ਨਾਨ ਕੀਤਾ ਜਾਂਦਾ ਏ। ਕੁੰਭ ਨਾਲ ਜੁੜੇ ਇਤਿਹਾਸ ਦੀਆਂ ਕੁੱਝ ਘਟਨਾਵਾਂ ’ਤੇ ਝਾਤ ਮਾਰੀਏ ਤਾਂ 1796 ਅਤੇ 1808 ਵਿਚ 25 ਲੱਖ ਲੋਕ ਕੁੰਭ ਮੇਲੇ ਵਿਚ ਆਏ ਸੀ ਪਰ 1892 ਤੋਂ 1908 ਦੇ ਵਿਚਕਾਰ ਵੱਡੇ ਵੱਡੇ ਅਕਾਲ ਪੈਣ, ਪਲੇਗ ਵਰਗੀਆ ਮਹਾਮਾਰੀਆਂ ਕਾਰਨ ਇਸ ਗਿਣਤੀ ਵਿਚ ਕਾਫ਼ੀ ਕਮੀ ਆ ਗਈ ਸੀ, ਜਿਸ ਨਾਲ ਇਹ ਗਿਣਤੀ ਘਟ ਕੇ 3 ਲੱਖ ਤੋਂ 4 ਲੱਖ ਤੱਕ ਸਿਮਟ ਕੇ ਰਹਿ ਗਈ। ਅੰਗਰੇਜ਼ ਹਕੂਮਤ ਹਮੇਸ਼ਾਂ ਤੋਂ ਕੁੰਭ ਮੇਲੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੀ ਸੀ, ਉਹ ਸੋਚਦੇ ਸੀ ਕਿ ਆਖ਼ਰਕਾਰ ਇੰਨੀ ਵੱਡੀ ਗਿਣਤੀ ਵਿਚ ਇਹ ਭੀੜ ਕਿਵੇਂ ਇਕੱਠੀ ਹੋ ਜਾਂਦੀ ਐ?


ਕਾਮਾ ਅਤੇ ਮੈਗਲੀਅਨ ਦੀ ਕਿਤਾਬ ‘ਪਿਲ ਗਿਰਮੇਜ਼ ਐਂਡ ਪਾਵਰ : ਦਿ ਕੁੰਭ ਮੇਲਾ ਇਨ ਅਲਾਹਾਬਾਦ’ ਦੇ ਅਨੁਸਾਰ ਕੁੰਭ ਮੇਲੇ ਨਾਲ ਜੁੜਿਆ ਪ੍ਰਯਾਗਵਾਲ ਸਮਾਜ ਉਨ੍ਹਾਂ ਲੋਕਾਂ ਵਿਚੋਂ ਇਕ ਸੀ, ਜਿਨ੍ਹਾਂ ਨੇ ਉਪ ਨਿਵੇਸ਼ਕ ਸ਼ਾਸਨ ਦੇ ਖ਼ਿਲਾਫ਼ ਬਦਲੇ ਅਤੇ 1857 ਦੇ ਵਿਦਰੋਹ ਨੂੰ ਜਨਮ ਦਿੱਤਾ ਸੀ। ਉਸ ਸਮੇਂ ਪ੍ਰਯਾਗਵਾਲਾਂ ਨੇ ਸਰਕਾਰ ਸਮਰਥਿਤ ਇਸਾਈ ਮਿਸ਼ਨਰੀਆਂ ਅਤੇ ਅਧਿਕਾਰੀਆਂ ਦੇ ਖ਼ਿਲਾਫ਼ ਵਿਆਪਕ ਮੁਹਿੰਮ ਵਿੱਢੀ ਸੀ। ਇਹੀ ਵਜ੍ਹਾ ਸੀ ਕਿ 1857 ਦੇ ਵਿਦਰੋਹ ਦੌਰਾਨ ਕਰਨਲ ਨੀਲ ਨੇ ਕੁੰਭ ਮੇਲੇ ਦੇ ਅਸਥਾਨ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਖੇਤਰ ’ਤੇ ਬੰਬਾਰੀ ਕਰਵਾ ਦਿੱਤੀ ਸੀ। ਪ੍ਰਯਾਗਵਾਲ ਸਮਾਜ ਨੂੰ ਤਬਾਹ ਕਰ ਦਿੱਤਾ ਗਿਆ, ਕਈਆਂ ਨੂੰ ਦੋਸ਼ੀ ਠਹਿਰਾ ਕੇ ਬਾਅਦ ਵਿਚ ਫਾਂਸੀ ’ਤੇ ਲਟਕਾ ਦਿੱਤਾ ਗਿਆ ਸੀ। ਗੰਗਾ ਯਮਨਾ ਸੰਗਮ ਦੇ ਕੋਲ ਕੁੰਭ ਮੇਲੇ ਦੀ ਜ਼ਮੀਨ ਦੇ ਵੱਡੇ ਹਿੱਸੇ ਨੂੰ ਜ਼ਬਤ ਕਰ ਲਿਆ ਗਿਆ ਸੀ।


ਕਿਤਾਬ ਵਿਚ ਇਹ ਵੀ ਜ਼ਿਕਰ ਕੀਤਾ ਗਿਆ ਏ ਕਿ 1796 ਦੇ ਸਮੇਂ ਲੱਗੇ ਕੁੰਭ ਦੀ ਸ਼ੁਰੂਆਤ ਵਿਚ ਹੀ 10 ਹਜ਼ਾਰ ਲੋਕਾਂ ਦੇ ਇਕੱਠ, 50 ਹਾਥੀ ਅਤੇ 25 ਊਠਾਂ ਨੂੰ ਦੇਖ ਕੇ ਲੰਡਨ ਵਿਚ ਬੈਠੀ ਬ੍ਰਿਟਿਸ਼ ਸਰਕਾਰ ਨੂੰ ਇਹ ਟੈਂਸ਼ਨ ਹੋ ਗਈ ਸੀ ਕਿ ਆਖ਼ਰ ਬਿਨਾਂ ਕਿਸੇ ਬੁਲਾਵੇ ਦੇ ਇੰਨੇ ਲੋਕ ਕਿਵੇਂ ਜਮ੍ਹਾਂ ਹੋ ਗਏ? ਇਨ੍ਹਾਂ ਵਿਚੋਂ ਜ਼ਿਆਦਾਤਰ ਨਾਗਾ ਸਾਧੂ ਸਨ। ਉਂਝ ਕਿਹਾ ਤਾਂ ਇਹ ਵੀ ਜਾਂਦਾ ਏ ਕਿ 1857 ਦੀ ਕ੍ਰਾਂਤੀ ਦੌਰਾਨ ਲੋਕਾਂ ਨੂੰ ਇਕਜੁੱਟ ਕਰਨ ਦਾ ਕੰਮ ਵੀ ਇਨ੍ਹਾਂ ਨਾਗਾ ਸੰਨਿਆਸੀਆਂ ਵੱਲੋਂ ਕੀਤਾ ਗਿਆ ਸੀ, ਜੋ ਰੋਟੀ ਅਤੇ ਕਮਲ ਦੇ ਫੁੱਲ ਦੇ ਨਾਲ ਸਨਾਤਨ ਦਾ ਪ੍ਰਚਾਰ ਕਰ ਰਹੇ ਸੀ। ਬਿਕਮ ਚੰਦਰ ਚੈਟਰਜੀ ਦੇ ਨਾਵਲ ਆਨੰਦ ਮੱਠ ਵਿਚ ਵੀ ਇਸ ਘਟਨਾ ਦਾ ਜ਼ਿਕਰ ਮਿਲਦਾ ਏ।


ਕਾਮਾ ਅਤੇ ਮੈਗਲੀਅਨ ਦੀ ਕਿਤਾਬ ਵਿਚ ਕਿਹਾ ਗਿਆ ਏ ਕਿ ਅੰਗਰੇਜ਼ੀ ਹਕੂਮਤ ਦੂਜੇ ਵਿਸ਼ਵ ਯੁੱਧ ਦੌਰਾਨ ਜਰਮਨੀ, ਇਟਲੀ ਅਤੇ ਰੂਸ ਵਰਗੇ ਦੁਸ਼ਮਣ ਦੇਸ਼ਾਂ ਦੇ ਨਾਲ ਲੜਾਈ ਵਿਚ ਉਲਝੀ ਹੋਈ ਸੀ, ਅਜਿਹੇ ਵਿਚ ਲੰਡਨ ਵਿਚ ਬੈਠੀ ਬ੍ਰਿਟਿਸ਼ ਸਰਕਾਰ ਨੇ ਕੁੰਭ ਮੇਲੇ ’ਤੇ ਰੋਕ ਲਗਾ ਦਿੱਤੀ ਸੀ। ਉਸ ਸਮੇਂ ਇਹ ਅਫਵਾਹ ਫੈਲਾਅ ਦਿੱਤੀ ਗਈ ਕਿ ਜਪਾਨ ਕੁੰਭ ਦੇ ਮੇਲੇ ’ਤੇ ਬੰਬ ਵਰ੍ਹਾਉਣ ਵਾਲਾ ਐ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਮਾਰੇ ਜਾਣ।

ਇਹੀ ਵਜ੍ਹਾ ਸੀ ਕਿ 1942 ਦੇ ਕੁੰਭ ਮੇਲੇ ਵਿਚ ਪਹਿਲਾਂ ਦੇ ਮੁਤਾਬਲੇ ਘੱਟ ਭੀੜ ਇਕੱਠੀ ਹੋ ਸਕੀ ਸੀ। ਇਹ ਗਿਣਤੀ ਕਰੀਬ 20 ਲੱਖ ’ਤੇ ਹੀ ਸਿਮਟ ਗਈ ਸੀ। ਹੋਰ ਤਾਂ ਹੋਰ ਇਨ੍ਹਾਂ ਅਫਵਾਹਾਂ ਦਾ ਹਵਾਲਾ ਦਿੰਦਿਆਂ ਬ੍ਰਿਟਿਸ਼ ਸਰਕਾਰ ਨੇ ਕੁੰਭ ਮੇਲੇ ’ਤੇ ਰੋਕ ਤੱਕ ਲਗਾ ਦਿੱਤੀ ਸੀ। ਕਿਹਾ ਜਾਂਦਾ ਏ ਕਿ ਅਫ਼ਵਾਹ ਖ਼ੁਦ ਬ੍ਰਿਟਿਸ਼ ਸਰਕਾਰ ਵੱਲੋਂ ਹੀ ਫੈਲਾਈ ਗਈ ਸੀ ਤਾਂ ਕਿ ਲੋਕ ਅੰਗਰੇਜ਼ੀ ਸਰਕਾਰ ਦੇ ਖਿਲਾਫ਼ ਇਕਜੁੱਟ ਨਾ ਹੋ ਸਕਣ।


ਇਕ ਹੋਰ ਘਟਨਾ ਦਾ ਜ਼ਿਕਰ ਕਰਦੇ ਆਂ। ਫਾਰਸੀ ਇਤਿਹਾਸਕਾਰ ਸ਼ਰਫੂਦੀਨ ਅਲੀ ਯਜ਼ਦੀ ਨੇ ਤੁਰਕ ਮੰਗੋਲ ਹਮਲਾਵਰ ਤੈਮੂਰ ਦਾ ਇਤਿਹਾਸ ਲਿਖਿਆ ਸੀ ਜੋ ਜਫ਼ਰਨਾਮਾ ਦੇ ਨਾਂਅ ਨਾਲ ਮਸ਼ਹੂਰ ਐ। ਇਸ ਇਤਿਹਾਸ ਵਿਚ ਉਹ ਲਿਖਦਾ ਏ ਕਿ ਤੈਮੂਰ ਦੀਆਂ ਫ਼ੌਜਾਂ ਨੇ 1399 ਵਿਚ ਹਰਿਦੁਆਰ ਵਿਚ ਲੱਗੇ ਕੁੰਭ ਮੇਲੇ ਵਿਚ ਆਏ ਸ਼ਰਧਾਲੂਆਂ ਦਾ ਵੱਡੇ ਪੱਧਰ ’ਤੇ ਕਤਲੇਆਮ ਕੀਤਾ ਸੀ। ਕਿਹਾ ਜਾਂਦਾ ਏ ਕਿ ਤੈਮੂਰ ਦੇ ਇਸ ਅੱਤਿਆਚਾਰ ਦੌਰਾਨ ਗੰਗਾ ਦਾ ਪਾਣੀ ਖ਼ੂਨ ਨਾਲ ਲਾਲ ਹੋ ਗਿਆ ਸੀ। ਉਸ ਸਮੇਂ ਹਰਿਦੁਆਰ ਨੂੰ ਮਾਇਆਪੁਰੀ ਕਿਹਾ ਜਾਂਦਾ ਸੀ।

ਇੱਥੇ ਹੀ ਬਸ ਨਹੀਂ,,, ਕੁੰਭ ਦੇ ਪਿਛੋਕੜ ਇਤਿਹਾਸ ’ਤੇ ਝਾਤ ਮਾਰੀਏ ਤਾਂ ਇਸ ਮੇਲੇ ਦੌਰਾਨ ਕਈ ਵਾਰ ਭਗਦੜਾਂ ਵੀ ਮੱਚੀਆਂ। ਸੰਨ 1820 ਵਿਚ ਹਰਿਦੁਆਰ ਵਿਚ ਕੁੰਭ ਮੇਲੇ ਦੌਰਾਨ ਅਜਿਹੀ ਭਗਦੜ ਮੱਚੀ ਸੀ ਕਿ ਸਰਕਾਰੀ ਅੰਕੜਿਆਂ ਮੁਤਾਬਕ 485 ਲੋਕਾਂ ਦੀ ਜਾਨ ਚਲੀ ਗਈ ਸੀ। ਅਜਿਹੀ ਹੀ ਇਕ ਭਗਦੜ ਸੰਨ 1986 ਵਿਚ ਵੀ ਮੱਚੀ ਸੀ, ਜਦੋਂ 50 ਲੋਕਾਂ ਦੀ ਮੌਤ ਹੋ ਗਈ ਸੀ।


ਉਕਤ ਕਿਤਾਬ ਵਿਚ ਲਿਖੇ ਇਤਿਹਾਸ ਮੁਤਾਬਕ ਇਕ ਹੋਰ ਘਟਨਾ ਦਾ ਜ਼ਿਕਰ ਕਰਦੇ ਆਂ ਜੋ 1885 ਵਿਚ ਵਾਪਰੀ ਸੀ। ਉਸ ਸਮੇਂ ਅੰਗਰੇਜ਼ ਹਕੂਮਤ ਨੇ ਇਕ ਮੁਸਲਿਮ ਅਧਿਕਾਰੀ ਹੁਸੈਨ ਨੂੰ ਕੁੰਭ ਮੇਲੇ ਦਾ ਮੈਨੇਜਰ ਬਣਾ ਦਿੱਤਾ ਸੀ। ਉਸ ਸਮੇਂ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਹੁਸੈਨ ਨੇ ਯੂਰਪ ਦੇ ਲੋਕਾਂ ਨੂੰ ਖ਼ੁਸ਼ ਕਰਨ ਦੇ ਲਈ ਕਿਸ਼ਤੀਆਂ ਦਾ ਇਕ ਵੱਡਾ ਬੇੜਾ ਤਿਆਰ ਕੀਤਾ ਸੀ, ਜਿਨ੍ਹਾਂ ਵਿਚ ਡਾਂਸਰ ਕੁੜੀਆਂ, ਸ਼ਰਾਬ ਅਤੇ ਨਾਨਵੈੱਜ ਪਰੋਸਿਆ ਜਾਂਦਾ ਸੀ। ਇਸ ਰਿਪੋਰਟ ਤੋਂ ਬਾਅਦ ਉਸ ਸਮੇਂ ਦੀ ਸਰਕਾਰ ਨੂੰ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਕਿਹਾ ਜਾਂਦਾ ਏ ਕਿ 20ਵੀਂ ਸਦੀ ਵਿਚ ਪ੍ਰਯਾਗਰਾਜ ਦੇ ਕੁੰਭ ਮੇਲੇ ਦੀ ਭੀੜ ਦੇਖ ਕੇ ਅੰਗਰੇਜ਼ੀ ਹਕੂਮਤ ਦੰਗ ਰਹਿ ਗਈ ਸੀ। ਖ਼ਾਸ ਕਰਕੇ ਅਖਾੜਿਆਂ ਨੂੰ ਦੇਖ ਕੇ,,, ਜਦੋਂ ਵੀ ਅਖਾੜਿਆਂ ਦੀ ਵਿਸ਼ਾਲ ਯਾਤਰਾ ਨਿਕਲਦੀ ਤਾਂ ਅੰਗਰੇਜ਼ ਅਫ਼ਸਰ ਮਹਾਂ ਮੰਡਲੇਸ਼ਵਰ ਅਤੇ ਮੁਖੀਆਂ ਨੂੰ ਸੋਨੇ ਦੇ ਨਾਲ ਲੱਦਿਆ ਦੇਖ ਕੇ ਹੈਰਾਨ ਰਹਿ ਜਾਂਦੇ ਸੀ। ਦੱਸ ਦਈਏ ਕਿ ਐਟਲਸ ਆਫ਼ ਹਿਊਮੈਨਿਟੀ ਦੇ ਅਨੁਸਾਰ ਭਾਰਤ ਵਿਚ ਅੰਦਾਜ਼ਨ 50 ਲੱਖ ਦੇ ਕਰੀਬ ਸਾਧੂ ਨੇ ਜੋ ਦੇਸ਼ ਵਿਚ ਫੈਲੇ ਹੋਏ ਨੇ ਜੋ ਬਿਨਾਂ ਕਿਸੇ ਸੱਦੇ ਬੁਲਾਵੇ ਤੋਂ ਕੁੰਭ ਮੇਲੇ ’ਤੇ ਪਹੁੰਚ ਜਾਂਦੇ ਨੇ।


ਸੋ ਕੁੰਭ ਮੇਲੇ ਦੇ ਇਤਿਹਾਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News