ਜਾਣੋ ਕੌਣ ਸੀ ਮੇਵਾ ਸਿੰਘ ਲੋਪੋਕੇ? ਹਿਲਾਤੀ ਸੀ ਕੈਨੇਡਾ ਸਰਕਾਰ
ਮੌਜੂਦਾ ਸਮੇਂ ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਦੀ ਨਵੀਂ ਆ ਰਹੀ ਫਿਲਮ ‘ਗੁਰੂ ਨਾਨਕ ਜਹਾਜ਼’ ਦੀ ਕਾਫ਼ੀ ਚਰਚਾ ਹੋ ਰਹੀ ਐ, ਫਿਲਮ ਵਿਚ ਜੱਸੜ ਦੀ ਲੁੱਕ ਦੀਆਂ ਤਸਵੀਰਾਂ ਵੀ ਕਾਫ਼ੀ ਵਾਇਰਲ ਹੋ ਰਹੀਆਂ ਨੇ, ਜਿਸ ਵਿਚ ਤਰਸੇਮ ਜੱਸੜ ਇਕ ਸਿੱਖ ਕਿਰਦਾਰ ਦੀ ਭੂਮਿਕਾ ਵਿਚ ਦਿਖਾਈ ਦੇ ਰਹੇ ਨੇ।;
ਚੰਡੀਗੜ੍ਹ : ਮੌਜੂਦਾ ਸਮੇਂ ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਦੀ ਨਵੀਂ ਆ ਰਹੀ ਫਿਲਮ ‘ਗੁਰੂ ਨਾਨਕ ਜਹਾਜ਼’ ਦੀ ਕਾਫ਼ੀ ਚਰਚਾ ਹੋ ਰਹੀ ਐ, ਫਿਲਮ ਵਿਚ ਜੱਸੜ ਦੀ ਲੁੱਕ ਦੀਆਂ ਤਸਵੀਰਾਂ ਵੀ ਕਾਫ਼ੀ ਵਾਇਰਲ ਹੋ ਰਹੀਆਂ ਨੇ, ਜਿਸ ਵਿਚ ਤਰਸੇਮ ਜੱਸੜ ਇਕ ਸਿੱਖ ਕਿਰਦਾਰ ਦੀ ਭੂਮਿਕਾ ਵਿਚ ਦਿਖਾਈ ਦੇ ਰਹੇ ਨੇ। ਦਰਅਸਲ ਇਹ ਫਿਲਮ ਮੇਵਾ ਸਿੰਘ ਲੋਪੋਕੇ ’ਤੇ ਬਣਾਈ ਜਾ ਰਹੀ ਐ ਅਤੇ ਤਰਸੇਮ ਜੱਸੜ ਵੱਲੋਂ ਉਨ੍ਹਾਂ ਦਾ ਹੀ ਕਿਰਦਾਰ ਨਿਭਾਇਆ ਜਾ ਰਿਹਾ ਏ। ਅਜਿਹੇ ਵਿਚ ਹਰ ਕੋਈ ਮੇਵਾ ਸਿੰਘ ਲੋਪੋਕੇ ਦੇ ਬਾਰੇ ਜਾਣਨਾ ਚਾਹੁੰਦਾ ਏ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕੌਣ ਸਨ ਮੇਵਾ ਸਿੰਘ ਲੋਪੋਕੇ ਅਤੇ ਕੀ ਐ ਉਨ੍ਹਾਂ ਦਾ ਇਤਿਹਾਸ?
ਸਿੱਖ ਇਤਿਹਾਸ ਅਨੇਕਾਂ ਸੰਘਰਸ਼ੀ ਯੋਧਿਆਂ ਨਾਲ ਭਰਿਆ ਹੋਇਆ ਏ ਅਤੇ ਇਨ੍ਹਾਂ ਵਿਚ ਮੇਵਾ ਸਿੰਘ ਲੋਪੋਕੇ ਵੀ ਅਜਿਹੀ ਸਿੱਖ ਸਖ਼ਸ਼ੀਅਤ ਰਹੇ ਨੇ, ਜਿਨ੍ਹਾਂ ਦਾ ਨਾਮ ਸਿੱਖ ਪੰਥ ਵਿਚ ਬਹੁਤ ਹੀ ਅਦਬ ਤੇ ਸਤਿਕਾਰ ਨਾਲ ਲਿਆ ਜਾਂਦਾ ਏ। ਉਹ ਪਹਿਲੇ ਅਜਿਹੇ ਸਿੱਖ ਸਨ, ਜਿਨ੍ਹਾਂ ਨੂੰ 11 ਜਨਵਰੀ 1915 ਨੂੰ ਕੈਨੇਡਾ ਵਿਚ ਫਾਂਸੀ ਦਿੱਤੀ ਗਈ ਸੀ। ਦਰਅਸਲ ਮੇਵਾ ਸਿੰਘ ਲੋਪੋਕੇ ਨੇ ਕੈਨੇਡਾ ਦੇ ਪਰਵਾਸ ਮਾਮਲਿਆਂ ਦੇ ਅਫ਼ਸਰ ਵਿਲੀਅਮ ਸੀ ਹੌਪਕਿਨਸਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਮੇਵਾ ਸਿੰਘ ਲੋਪੋਕੇ ਦੇ ਮੁਤਾਬਕ ਹੌਪਕਿਨਸਨ ਭਾਰਤੀਆਂ ਖ਼ਾਸ ਕਰਕੇ ਸਿੱਖਾਂ ਦੇ ਨਾਲ ਵਿਤਕਰਾ ਕਰਦਾ ਸੀ।
ਮੇਵਾ ਸਿੰਘ ਲੋਪੋਕੇ ਦਾ ਜਨਮ ਸੰਨ 1880 ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਲੋਪੋਕੇ ਵਿਖੇ ਹੋਇਆ ਸੀ, ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਨੰਦ ਸਿੰਘ ਸੀ। ਸੰਨ 1906 ਦੀ ਗੱਲ ਐ ਜਦੋਂ ਮੇਵਾ ਸਿੰਘ ਲੋਪੋਕੇ ਰੋਜ਼ੀ ਰੋਟੀ ਦੀ ਭਾਲ ਵਿਚ ਕੈਨੇਡਾ ਚਲੇ ਗਏ ਸੀ। ਇਕ ਜਾਣਕਾਰੀ ਅਨੁਸਾਰ ਉਸ ਸਮੇਂ ਕੈਨੇਡਾ ਜਾਣ ਵਾਲਿਆਂ ਦੀ ਗਿਣਤੀ ਮਹਿਜ਼ 5 ਹਜ਼ਾਰ ਦੇ ਕਰੀਬ ਸੀ। ਮੇਵਾ ਸਿੰਘ ਨੂੰ ਕੈਨੇਡਾ ਵਿਖੇ ਇਕ ਮਿੱਲ ਵਿਚ ਕੰਮ ਮਿਲ ਗਿਆ ਅਤੇ ਉਹ ਮਿਹਨਤ ਅਤੇ ਤਨਦੇਹੀ ਨਾਲ ਕੰਮ ਕਰਨ ਲੱਗੇ,, ਪਰ ਕੰਮ ਤੋਂ ਵਿਹਲੇ ਹੋ ਕੇ ਉਹ ਵੈਨਕੂਵਰ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਵਜੋਂ ਵੀ ਸੇਵਾ ਨਿਭਾਉਂਦੇ ਸੀ।
ਇਸੇ ਦੌਰਾਨ ਉਹ ਬ੍ਰਿਟਿਸ਼ ਸਰਕਾਰ ਦੇ ਖ਼ਿਲਾਫ਼ ਇਕਜੁੱਟ ਹੁੰਦੇ ਪੰਜਾਬੀਆਂ ਦੇ ਨਾਲ ਵੀ ਮਿਲਦੇ ਜੁਲਦੇ ਰਹਿੰਦੇ ਸੀ। ਇਕ ਜਾਣਕਾਰੀ ਦੇ ਅਨੁਸਾਰ ਕੈਨੇਡਾ ਦਾ ਪਹਿਲਾ ਗੁਰੂ ਘਰ ਸਥਾਪਿਤ ਕਰਨ ਵਿਚ ਵੀ ਉਨ੍ਹਾਂ ਦਾ ਕਾਫ਼ੀ ਯੋਗਦਾਨ ਐ। ਇਸੇ ਦੌਰਾਨ 21 ਜੂਨ 1908 ਨੂੰ ਉਹ ਵੈਨਕੂਵਰ ਦੇ ਗੁਰੂ ਘਰ ਵਿਚ ਹੋਏ ਅੰਮ੍ਰਿਤ ਸੰਚਾਰ ਦੇ ਇਕ ਧਾਰਮਿਕ ਸਮਾਰੋਹ ਦੌਰਾਨ ਅੰਮ੍ਰਿਤ ਛਕ ਕੇ ਸਿੰਘ ਸਜ ਗਏ।
ਇਕ ਜਾਣਕਾਰੀ ਦੇ ਅਨੁਸਾਰ ਇਸੇ ਦੌਰਾਨ ਸੰਨ 1908 ਵਿਚ ਬ੍ਰਿਟਿਸ਼ ਕੋਲੰਬੀਆ ਵਿਚ ਸਿੱਖਾਂ ਦੀ ਆਬਾਦੀ ਕਾਫ਼ੀ ਜ਼ਿਆਦਾ ਘਟਣੀ ਸ਼ੁਰੂ ਹੋ ਗਈ,, ਦੋ ਸਾਲਾਂ ਬਾਅਦ ਇਹ ਗਿਣਤੀ ਮਹਿਜ਼ 2200 ਹੀ ਰਹਿ ਗਈ ਸੀ। ਇਹ ਸਮਾਂ ਅਜਿਹਾ ਸੀ ਜਦੋਂ ਸਿੱਖਾਂ ਨਾਲ ਕਾਫ਼ੀ ਥਾਵਾਂ ’ਤੇ ਵਿਤਕਰੇਬਾਜ਼ੀ ਵੀ ਹੁੰਦੀ ਸੀ, ਅਜਿਹੀਆਂ ਘਟਨਾਵਾਂ ਬਾਰੇ ਪੜ੍ਹ ਸੁਣ ਕੇ ਮੇਵਾ ਸਿੰਘ ਲੋਪੋਕੇ ਦਾ ਮਨ ਬਹੁਤ ਜ਼ਿਆਦਾ ਦੁਖੀ ਹੁੰਦਾ ਸੀ, ਪਰ ਇਸ ਸਭ ਦੇ ਬਾਵਜੂਦ ਉਨ੍ਹਾਂ ਨੇ ਕੈਨੇਡਾ ਨੂੰ ਨਹੀਂ ਛੱਡਿਆ।
ਸਮਾਂ ਇਸੇ ਤਰ੍ਹਾਂ ਗੁਜ਼ਰਦਾ ਜਾ ਰਿਹਾ ਸੀ, ਇਸੇ ਦੌਰਾਨ 23 ਮਈ 1914 ਵਿਚ ਕਾਮਾਗਾਟਾਮਾਰੂ ਜਹਾਜ਼ ਵਾਲੀ ਘਟਨਾ ਵਾਪਰੀ ਜਦੋਂ ਬਾਬਾ ਗੁਰਦਿੱਤ ਸਿੰਘ 376 ਯਾਤਰੀਆਂ ਨੂੰ ਨਾਲ ਲੈ ਕੇ ਵੈਨਕੂਵਰ ਦੇ ਕੰਢੇ ਪੁੱਜੇ ਪਰ ਲੱਖ ਬੇਨਤੀਆਂ ਦੇ ਬਾਵਜੂਦ ਸਰਕਾਰ ਲੇ ਉਨ੍ਹਾਂ ਨੂੰ ਕੈਨੇਡਾ ਵਿਚ ਉਤਰਨ ਨਹੀਂ ਦਿੱਤਾ। ਇਸ ਘਟਨਾ ਨੇ ਮੇਵਾ ਸਿੰਘ ਲੋਪੋਕੇ ਸਮੇਤ ਉਤਰੀ ਅਮਰੀਕਾ ਵਿਚ ਵਸਦੇ ਸਿੱਖਾਂ ਅੰਦਰ ਕੈਨੇਡਾ ਸਰਕਾਰ ਦੇ ਇਸ ਘਟੀਆ ਰਵੱਈਏ ਵਿਰੁੱਧ ਰੋਸ ਦੀ ਲਹਿਰ ਪੈਦਾ ਕਰ ਦਿੱਤੀ। ਇਸ ਦੇ ਵਿਰੋਧ ਵਿਚ ਲਹਿਰ ਨੂੰ ਮਜ਼ਬੂਤ ਕਰਨ ਲਈ ਕੋਸ਼ਿਸ਼ਾਂ ਹੋਣ ਲੱਗ ਪਈਆਂ।
ਜੁਲਾਈ 1914 ਮੇਵਾ ਸਿੰਘ ਲੋਪੋਕੇ ਆਪਣੇ ਕੁੱਝ ਹੋਰ ਸਾਥੀਆਂ ਨਾਲ ਮਿਲ ਕੇ ਗੁਰੂ ਨਾਨਕ ਜਹਾਜ਼ ਦੇ ਸੰਘਰਸ਼ ਸਬੰਧੀ ਪ੍ਰੋਗਰਾਮ ਉਲੀਕਣ ਵਾਸਤੇ ਐਬਟਸਫੋਰਡ ਤੋਂ ਬਾਰਡਰ ਪਾਰ ਕੇ ਕਰਕੇ ਅਮਰੀਕਾ ਵਿਚ ਪਹੁੰਚ ਗਏ,, ਪਰ ਵਾਪਸੀ ਸਮੇਂ ਉਨ੍ਹਾਂ ਦੇ ਤਿੰਨ ਸਾਥੀਆਂ ਨੂੰ ਅਮਰੀਕੀ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਜੇਲ੍ਹ ਵਿਚ ਡੱਕ ਦਿੱਤੇ। ਭਾਵੇਂ ਕਿ ਮੇਵਾ ਸਿੰਘ ਲੋਪੋਕੇ ਸਰਹੱਦ ਪਾਰ ਕਰਕੇ ਕੈਨੇਡਾ ਦਾਖ਼ਲ ਹੋਣ ਵਿਚ ਕਾਮਯਾਬ ਹੋ ਗਏ ਪਰ ਉਨ੍ਹਾਂ ਨੂੰ ਇੱਧਰ ਕੈਨੇਡਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਕੋਲੋਂ ਦੋ ਰਿਵਾਲਵਰ ਅਤੇ 500 ਗੋਲੀਆਂ ਬਰਾਮਦ ਹੋਈਆਂ। ਇਨ੍ਹਾਂ ਹਥਿਆਰਾਂ ਦੀ ਵਰਤੋਂ ਕਿੱਥੇ ਕੀਤੀ ਜਾਣੀ ਸੀ, ਇਸ ਬਾਰੇ ਕੁੱਝ ਪਤਾ ਨਹੀਂ ਚੱਲ ਸਕਿਆ।
ਫਿਰ ਵਿਲੀਅਮ ਹੌਪਕਿਨਸਨ ਅਤੇ ਇਮੀਗ੍ਰੇਸ਼ਨ ਹੈੱਡ ਮੈਲਕਮ ਨੇ ਮੇਵਾ ਸਿੰਘ ’ਤੇ ਇਹ ਬਿਆਨ ਦੇਣ ਵਾਸਤੇ ਦਬਾਅ ਪਾਇਆ ਕਿ ਉਹ ਸਿੱਖ ਆਗੂਆਂ ਵਿਰੁੱਧ ਇਹ ਬਿਆਨ ਦੇਣ ਕਿ ਇਹ ਹਥਿਆਰ ਉਨ੍ਹਾਂ ਵੱਲੋਂ ਵਰਤੇ ਜਾਣੇ ਸੀ,, ਪਰ ਮੇਵਾ ਸਿੰਘ ਨੇ ਅਜਿਹਾ ਬਿਆਨ ਦੇਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ। ਆਖ਼ਰਕਾਰ 7 ਅਗਸਤ 1914 ਨੂੰ ਅਦਾਲਤ ਨੇ ਮੇਵਾ ਸਿੰਘ ਨੂੰ 50 ਡਾਲਰ ਦਾ ਜੁਰਮਾਨਾ ਲਗਾ ਕੇ ਰਿਹਾਅ ਕਰ ਦਿੱਤਾ। ਇਹ ਉਹ ਸਮਾਂ ਸੀ ਜਦੋਂ ਅਮਰੀਕਾ ਵਿਚ ਗ਼ਦਰ ਪਾਰਟੀ ਹੋਂਦ ਵਿਚ ਆ ਚੁੱਕੀ ਸੀ ਅਤੇ ਇਸ ਦਾ ਅਸਰ ਕੈਨੇਡਾ ਵਿਚ ਵੀ ਦਿਸਣਾ ਸ਼ੁਰੂ ਹੋ ਗਿਆ ਸੀ। ਕੈਨੇਡਾ ਦਾ ਪਰਵਾਸ ਅਫ਼ਸਰ ਵਿਲੀਅਮ ਹੌਪਕਿਨਸਨ ਇਸ ਲਹਿਰ ਨੂੰ ਖ਼ਤਮ ਕਰਨਾ ਚਾਹੁੰਦਾ ਸੀ, ਜਿਸ ਦੇ ਚਲਦਿਆਂ ਉਸ ਨੇ 5 ਸਤੰਬਰ 1914 ਨੂੰ ਆਪਣੇ ਇਕ ਕਰੀਬੀ ਸਾਥੀ ਤੋਂ ਦੋ ਸਿੱਖਾਂ ਦਾ ਕਤਲ ਕਰਵਾ ਦਿੱਤਾ।
ਵਿਲੀਅਮ ਦਾ ਇਹ ਕਹਿਰ ਇੱਥੇ ਹੀ ਨਹੀਂ ਰੁਕਿਆ, ਦੋ ਸਿੱਖਾਂ ਦੇ ਕਤਲ ਨੂੰ ਹਾਲੇ ਕੁੱਝ ਦਿਨ ਹੀ ਹੋਏ ਸੀ ਕਿ ਮੇਵਾ ਸਿੰਘ ਨੂੰ ਵੀ ਹੌਪਕਿਨਸਨ ਤੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਵੈਨਕੂਵਰ ਦੀ ਅਦਾਲਤ ਵਿਚ ਸਿੱਖਾਂ ਦੇ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ। ਮੇਵਾ ਸਿੰਘ ਹਰੇਕ ਪੇਸ਼ੀ ’ਤੇ ਪਹੁੰਚਦੇ ਸੀ। ਇਸੇ ਦੌਰਾਨ 21 ਅਕਤੂਬਰ 1914 ਨੂੰ ਵੀ ਮੇਵਾ ਸਿੰਘ ਆਮ ਵਾਂਗ ਹੀ ਪੇਸ਼ੀ ’ਤੇ ਅਦਾਲਤ ਵਿਚ ਗਏ ਸੀ ਪਰ ਜਿਵੇਂ ਹੀ ਉਹ ਕੋਰਟ ਵਿਚ ਦਾਖ਼ਲ ਹੋਣ ਲੱਗੇ ਤਾਂ ਵਿਲੀਅਮ ਹੌਪਕਿਨਸਨ ਦਰਵਾਜ਼ੇ ਦੇ ਨੇੜੇ ਹੀ ਖੜ੍ਹਾ ਹੋਇਆ ਸੀ। ਮੇਵਾ ਸਿੰਘ ਨੇ ਕੋਈ ਹਲਚਲ ਨਹੀਂ ਕੀਤੀ, ਉਹ ਬਹੁਤ ਸ਼ਾਂਤ ਚਿੱਤ ਨਾਲ ਹੌਪਕਿਨਸਨ ਦੇ ਕੋਲ ਪੁੱਜੇ ਅਤੇ ਆਪਣੀ ਪੈਂਟ ਵਿਚੋਂ ਪਿਸਤੌਲ ਕੱਢ ਕੇ ਹੌਪਕਿਨਸਨ ਦੇ ਗੋਲੀਆਂ ਮਾਰ ਦਿੱਤੀਆਂ। ਬਸ ਫਿਰ ਕੀ ਸੀ,, ਅਦਾਲਤ ਵਿਚ ਭਗਦੜ ਮੱਚ ਗਈ।
ਮੇਵਾ ਸਿੰਘ ਲੋਪੋਕੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਕੋਲ ਦਿੱਤੇ ਬਿਆਨ ਵਿਚ ਮੇਵਾ ਸਿੰਘ ਲੋਪੋਕੇ ਨੇ ਧੜੱਨੇ ਨਾਲ ਬਿਆਨ ਦਿੱਤਾ ਕਿ ਉਹ ਤਾਂ ਮੈਲਕਮ ਰੀਡ ਨੂੰ ਵੀ ਮਾਰਨਾ ਚਾਹੁੰਦਾ ਸੀ ਪਰ ਛੁੱਟੀ ’ਤੇ ਹੋਣ ਕਰਕੇ ਉਹ ਬਚ ਗਿਆ। ਕੈਨੇਡੀਅਨ ਅਧਿਕਾਰੀਆਂ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮੇਵਾ ਸਿੰਘ ਨੇ ਇਹ ਕਤਲ ਗ਼ਦਰ ਪਾਰਟੀ ਦੇ ਪ੍ਰਭਾਵ ਹੇਠ ਆ ਕੇ ਕੀਤਾ ਪਰ ਮੇਵਾ ਸਿੰਘ ਨੇ ਅਜਿਹਾ ਨਹੀਂ ਹੋਣ ਦਿੱਤਾ, ਕਤਲ ਦੀ ਪੂਰੀ ਜ਼ਿੰਮੇਵਾਰੀ ਖ਼ੁਦ ਕਬੂਲ ਕੀਤੀ।
ਇਸ ਘਟਨਾ ਨੇ ਪੂਰੇ ਕੈਨੇਡਾ ਵਿਚ ਤਰਥੱਲੀ ਮਚਾ ਕੇ ਰੱਖ ਦਿੱਤੀ ਸੀ। 30 ਅਕਤੂਬਰ 1914 ਨੂੰ ਇਸ ਮਾਮਲੇ ਦੀ ਅਦਾਲਤੀ ਕਾਰਵਾਈ ਸ਼ੁਰੂ ਹੋਈ ਅਤੇ ਕਰੀਬ ਢਾਈ ਮਹੀਨੇ ਬਾਅਦ 11 ਜਨਵਰੀ 1915 ਨੂੰ ਸਮਾਪਤ ਹੋਈ। ਭਾਵੇਂ ਕਿ ਮੇਵਾ ਸਿੰਘ ਲੋਪੋਕੇ ਵੱਲੋਂ ਅਦਾਲਤ ਵਿਚ ਸਿੱਖਾਂ ਅਤੇ ਹੋਰ ਪਰਵਾਸੀਆਂ ਨਾਲ ਵਿਤਕਰੇ ਦੀ ਗੱਲ ਧੜੱਲੇ ਨਾਲ ਉਠਾਈ ਗਈ ਪਰ ਉਨ੍ਹਾਂ ਦੀ ਗੱਲ ਦਾ ਕੋਈ ਅਸਰ ਨਹੀਂ ਹੋਇਆ। ਆਖ਼ਰਕਾਰ ਅਦਾਲਤ ਨੇ ਮੇਵਾ ਸਿੰਘ ਲੋਪੋਕੇ ਨੂੰ ਫਾਂਸੀ ਦੇਣ ਦੇ ਹੁਕਮ ਸੁਣਾ ਦਿੱਤੇ ਅਤੇ 11 ਜਨਵਰੀ 1915 ਨੂੰ ਨਿਊ ਵੈਸਟ ਮਿਨਸਟਰ ਵਿਖੇ ਸਵੇਰੇ ਸਵਾ ਸੱਤ ਵਜੇ ਇਸ ਸਿੱਖ ਯੋਧੇ ਨੂੰ ਫਾਂਸੀ ’ਤੇ ਲਟਕਾ ਦਿੱਤਾ ਗਿਆ।
ਮੇਵਾ ਸਿੰਘ ਲੋਪੋਕੇ ਦੀ ਮ੍ਰਿਤਕ ਦੇਹ ਲੈਣ ਵਾਸਤੇ 400 ਦੇ ਕਰੀਬ ਸਿੱਖ ਪੁੱਜੇ ਹੋਏ ਸੀ, ਜਿਨ੍ਹਾਂ ਨੇ ਸ਼ਹਿਰ ਵਿਚ ਇਕ ਵੱਡਾ ਰੋਸ ਮਾਰਚ ਕੱਢਿਆ ਅਤੇ ਫਰੇਜ਼ਰ ਮਿੱਲਜ਼ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਹੁਣ ਜਦੋਂ ਮੇਵਾ ਸਿੰਘ ਲੋਪੋਕੇ ਦੀ ਜ਼ਿੰਦਗੀ ’ਤੇ ਫਿਲਮ ਆਉਣ ਜਾ ਰਹੀ ਐ ਤਾਂ ਸਿੱਖ ਨੌਜਵਾਨ ਪੀੜ੍ਹੀ ਇਸ ਸਿੱਖ ਯੋਧੇ ਦੇ ਇਤਿਹਾਸ ਤੋਂ ਜਾਣੂ ਹੋ ਸਕੇਗੀ।
ਸੋ ਮਹਾਨ ਸਿੱਖ ਯੋਧੇ ਮੇਵਾ ਸਿੰਘ ਲੋਪੋਕੇ ਦੇ ਜੀਵਨ ’ਤੇ ਫਿਲਮ ਬਣਾਉਣ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ