ਨਵੇਂ ਧੜੇ ’ਚ ਮਰਜ਼ ਹੋਵੇਗਾ ਸੁਖਬੀਰ ਧੜਾ? ਜਾਣੋ, ਕੀ ਕਹਿੰਦਾ ਇਤਿਹਾਸ

ਪੰਜਾਬ ਦੀ ਪੰਥਕ ਪਾਰਟੀ ਮੰਨਿਆ ਜਾਂਦਾ ਸ਼੍ਰੋਮਣੀ ਅਕਾਲੀ ਦਲ ਹੁਣ ਪੂਰੀ ਤਰ੍ਹਾਂ ਦੋ ਧੜਿਆਂ ਵਿਚ ਵੰਡਿਆ ਗਿਆ ਕਿਉਂਕਿ ਅਕਾਲ ਤਖ਼ਤ ਸਾਹਿਬ ਦੀ ਭਰਤੀ ਕਮੇਟੀ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਅਤੇ ਬੀਬੀ ਸਤਵੰਤ ਕੌਰ ਨੂੰ ਪੰਥਕ ਕਮੇਟੀ ਦੀ ਚੇਅਰਪਰਸਨ ਐਲਾਨ ਦਿੱਤਾ।

Update: 2025-08-12 12:48 GMT

ਚੰਡੀਗੜ੍ਹ : ਪੰਜਾਬ ਦੀ ਪੰਥਕ ਪਾਰਟੀ ਮੰਨਿਆ ਜਾਂਦਾ ਸ਼੍ਰੋਮਣੀ ਅਕਾਲੀ ਦਲ ਹੁਣ ਪੂਰੀ ਤਰ੍ਹਾਂ ਦੋ ਧੜਿਆਂ ਵਿਚ ਵੰਡਿਆ ਗਿਆ ਕਿਉਂਕਿ ਅਕਾਲ ਤਖ਼ਤ ਸਾਹਿਬ ਦੀ ਭਰਤੀ ਕਮੇਟੀ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਅਤੇ ਬੀਬੀ ਸਤਵੰਤ ਕੌਰ ਨੂੰ ਪੰਥਕ ਕਮੇਟੀ ਦੀ ਚੇਅਰਪਰਸਨ ਐਲਾਨ ਦਿੱਤਾ। ਉਂਝ ਅਕਾਲੀ ਦਲ ਵਿਚ ਇਹ ਹਾਲਾਤ ਕੋਈ ਪਹਿਲੀ ਵਾਰ ਨਹੀਂ ਬਣੇ, ਬਲਕਿ ਇਸ ਤੋਂ ਪਹਿਲਾਂ ਸੰਨ 1980 ਵਿਚ ਵੀ ਅਜਿਹਾ ਹੀ ਕੁੱਝ ਹੋਇਆ ਸੀ ਜਦੋਂ ਅਕਾਲੀ ਦਲ ਤੋਂ ਵੱਖ ਹੋ ਕੇ ਬਣੀ ਪਾਰਟੀ ਨੇ ਲੋਕਾਂ ਵਿਚ ਆਪਣੀ ਪਛਾਣ ਬਣਾਈ ਸੀ ਅਤੇ ਆਖ਼ਰ ਵਿਚ ਕੁਰਸੀ ਨਾਲ ਚਿੰਬੜੇ ਅਕਾਲੀ ਖੇਮੇ ਨੂੰ ਨਵੀਂ ਪਾਰਟੀ ਨਵੀਂ ਪਾਰਟੀ ਵਿਚ ਮਰਜ਼ ਹੋਣਾ ਪਿਆ ਸੀ। ਫਿਲਹਾਲ ਬਾਦਲ ਅਤੇ ਬਾਗ਼ੀ ਧੜੇ ਵਿਚਾਲੇ ਛਿੜੀ ਲੜਾਈ ਲੰਬੀ ਚੱਲੇਗੀ ਜਾਂ ਫਿਰ ਪੈਚਅੱਪ ਹੋਵੇਗਾ,, ਇਸ ਬਾਰੇ ਕੀ ਕਹਿੰਦੇ ਨੇ ਪੰਜਾਬ ਦੇ ਸਿਆਸੀ ਮਾਹਿਰ,, ਦੇਖੋ ਸਾਡੀ ਇਹ ਖ਼ਾਸ ਰਿਪੋਰਟ।

Full View

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਭਰਤੀ ਕਮੇਟੀ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ। ਬਿਲਕੁਲ ਇਹੋ ਜਿਹੇ ਹਾਲਾਤ ਸੰਨ 1980 ਵਿਚ ਵੀ ਬਣੇ ਸੀ ਜਦੋਂ ਅਕਾਲੀ ਦਲ ਕਾਫ਼ੀ ਡਾਊਨਫਾਲ ’ਤੇ ਚਲਾ ਗਿਆ ਸੀ। ਉਸ ਸਮੇਂ ਪ੍ਰਧਾਨ ਦੇ ਅਹੁਦੇ ’ਤੇ ਜਗਦੇਵ ਸਿੰਘ ਤਲਵੰਡੀ ਸਨ। ਹਾਲਾਤ ਇਹ ਬਣ ਗਏ ਸੀ ਕਿ ਪਾਰਟੀ ਦੇ ਅੰਦਰ ਵਿਰੋਧੀ ਸੁਰ ਉਠਣ ਲੱਗੇ ਅਤੇ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਉਠਣ ਲੱਗੀ,, ਪਰ ਜਗਦੇਵ ਸਿੰਘ ਤਲਵੰਡੀ ਪ੍ਰਧਾਨਗੀ ਛੱਡਣ ਲਈ ਤਿਆਰ ਨਹੀਂ ਸਨ। ਜਦੋਂ ਉਨ੍ਹਾਂ ਨੇ ਆਪਣੀ ਅੜੀ ਨਾ ਛੱਡੀ ਤਾਂ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਹੋਂਦ ਵਿਚ ਆਇਆ, ਜਿਸ ਦੀ ਕਮਾਨ ਹਰਚੰਦ ਸਿੰਘ ਲੌਂਗੋਵਾਲ ਨੇ ਸੰਭਾਲੀ। ਉਨ੍ਹਾਂ ਨੇ ਲੋਕਾਂ ਵਿਚ ਜਾ ਕੇ ਆਪਣੀ ਪਕੜ ਬਣਾਈ, ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਭਰੋਸਾ ਵੀ ਉਨ੍ਹਾਂ ਨੂੰ ਮਿਲਣ ਲੱਗਿਆ। ਆਖ਼ਰਕਾਰ ਤਲਵੰਡੀ ਗੁੱਟ ਨੂੰ ਆਪਣੀ ਅੜੀ ਛੱਡ ਕੇ ਲੌਂਗੋਵਾਲ ਦੇ ਨਾਲ ਮਰਜ਼ ਹੋਣਾ ਪਿਆ।


ਅੱਜ ਵੀ ਉਹੀ ਹਾਲਾਤ ਬਣੇ ਹੋਏ ਨੇ। ਅਕਾਲੀ ਦਲ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਲੜਾਈ ਚੱਲ ਰਹੀ ਐ। ਸਾਲ 2017 ਤੋਂ ਲਗਾਤਾਰ ਅਕਾਲੀ ਦਲ ਨੂੰ ਚੋਣਾਂ ਵਿਚ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਏ ਪਰ ਇਸ ਦੇ ਬਾਵਜੂਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਬਣੇ ਹੋਏ ਨੇ। ਉਨ੍ਹਾਂ ਇਕ ਵਾਰ ਨਹੀਂ ਸੋਚਿਆ ਕਿ ਜੇਕਰ ਉਨ੍ਹਾਂ ਦੀ ਪ੍ਰਧਾਨਗੀ ਵਿਚ ਪਾਰਟੀ ਨੂੰ ਸਫ਼ਲਤਾ ਨਹੀਂ ਮਿਲ ਰਹੀ ਤਾਂ ਇਹ ਅਹੁਦਾ ਕਿਸੇ ਹੋਰ ਨੂੰ ਦੇ ਕੇ ਦੇਖਿਆ ਜਾਵੇ,, ਕੀ ਪਤਾ ਗੱਲ ਬਣ ਹੀ ਜਾਂਦੀ,,, ਪਰ ਨਹੀਂ,, ਉਹ ਤਾਂ ਪ੍ਰਧਾਨਗੀ ਦੀ ਕੁਰਸੀ ਨੂੰ ਚੁੰਬਕ ਦੀ ਤਰ੍ਹਾਂ ਚਿੰਬੜ ਕੇ ਬੈਠ ਗਏ ਨੇ। ਇਸ ਸਥਿਤੀ ਦੇ ਚਲਦਿਆਂ ਪਾਰਟੀ ਵਿਚ ਬਗ਼ਾਵਤ ਸ਼ੁਰੂ ਹੋਈ,, ਜਿਸ ਤੋਂ ਬਾਅਦ ਹੁਣ ਬਾਗ਼ੀ ਧੜੇ ਨੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣਾ ਪ੍ਰਧਾਨ ਚੁਣ ਲਿਆ। ਨਵੇਂ ਧੜੇ ਦੇ ਲਈ ਅਗਲੇ 6 ਮਹੀਨੇ ਬਹੁਤ ਹੀ ਜ਼ਿਆਦਾ ਅਹਿਮ ਹੋਣਗੇ ਕਿਉਂਕਿ ਅਗਲੇ 6 ਮਹੀਨੇ ਦੌਰਾਨ ਹੀ ਪਤਾ ਚੱਲ ਜਾਵੇਗਾ ਕਿ ਨਵਾਂ ਅਕਾਲੀ ਦਲ ਕਿੰਨੇ ਕੁ ਪਾਣੀ ਵਿਚ ਐ।


ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਉਂਝ ਪਹਿਲਾਂ ਵੀ ਕਈ ਅਕਾਲੀ ਦਲ ਬਣੇ ਅਤੇ ਖ਼ਤਮ ਹੁੰਦੇ ਰਹੇ ਅਤੇ ਕੁੱਝ ਲੱਤਾਂ ਘੜੀਸ ਘੜੀਸ ਕੇ ਚੱਲ ਰਹੇ ਨੇ,, ਦਰਅਸਲ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਮਰਥਨ ਹਾਸਲ ਨਹੀਂ ਸੀ, ਪਰ ਇਸ ਵਾਰ ਜੋ ਅਕਾਲੀ ਦਲ ਬਣਿਆ ਹੋਇਆ ਏ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਨਿਕਲਿਆ ਕਹਿ ਸਕਦੇ ਹਾਂ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਪੰਜ ਮੈਂਬਰੀ ਕਮੇਟੀ ਨੂੰ ਆਦੇਸ਼ ਹੋਇਆ ਸੀ। ਭਰਤੀ ਕਮੇਟੀ ਵੱਲੋਂ 15 ਲੱਖ ਮੈਂਬਰ ਸ਼ਨਾਖ਼ਤੀ ਕਾਰਡ ਨਾਲ ਲਗਾ ਕੇ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਏ ਅਤੇ ਜੋ ਲੋਕ ਵੀ ਇਸ ਮੈਂਬਰ ਬਣੇ ਨੇ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਮੰਨ ਕੇ ਹੀ ਬਣੇ ਨੇ। ਅਜਿਹੇ ਵਿਚ ਉਨ੍ਹਾਂ ਦਾ ਵਾਪਸ ਜਾਣਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਖ਼ਿਲਾਫ਼ ਹੋਵੇਗਾ,, ਯਾਨੀ ਕਿ ਜੇਕਰ ਵਾਕਈ 15 ਲੱਖ ਮੈਂਬਰ ਬਣੇ ਨੇ,, ਤਾਂ ਉਹ ਨਵੇਂ ਅਕਾਲੀ ਦਲ ਨਾਲ ਡਟ ਕੇ ਖੜ੍ਹਨਗੇ।

ਇਹ ਵੀ ਦੇਖੋ : 

Full View

ਨਵੇਂ ਧੜੇ ਵੱਲੋਂ ਪ੍ਰਧਾਨਗੀ ਦੀ ਚੋਣ ਦੌਰਾਨ ਬਹੁਤ ਸਾਰੀਆਂ ਉਨ੍ਹਾਂ ਗੱਲਾਂ ਦਾ ਧਿਆਨ ਰੱਖਿਆ ਗਿਆ ਏ, ਜੋ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਿਚ ਸਹਾਈ ਹੋਣਗੀਆਂ। ਅਕਸਰ ਹੀ ਅਕਾਲੀ ਦਲ ’ਤੇ ਇਲਜ਼ਾਮ ਲਗਦੇ ਰਹੇ ਨੇ ਕਿ ਰਾਜਨੀਤੀ ਧਰਮ ’ਤੇ ਹਾਵੀ ਹੁੰਦੀ ਰਹੀ ਐ, ਜਿਸ ਕਾਰਨ ਮਰਿਆਦਾਵਾਂ ਨੂੰ ਛਿੱਕੇ ਟੰਗਿਆ ਜਾਂਦਾ ਹੈ,, ਪਰ ਭਰਤੀ ਕਮੇਟੀ ਨੇ ਧਰਮ ਅਤੇ ਰਾਜਨੀਤੀ ਨੂੰ ਵੱਖ-ਵੱਖ ਰੱਖ ਕੇ ਇਹ ਸਾਰਾ ਝੰਬੇਲਾ ਖ਼ਤਮ ਕਰਨ ਦਾ ਯਤਨ ਕੀਤਾ ਹੈ। ਭਰਤੀ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਏ ਕਿ ਰਾਜਨੀਤਕ ਚਿਹਰੇ ਧਰਮ ਦੇ ਕੰਮਾਂ ਅਤੇ ਧਰਮ ਨਾਲ ਜੁੜੇ ਰਾਜਨੀਤਕ ਕੰਮਾਂ ਵਿਚ ਦਖ਼ਲ ਨਹੀਂ ਦੇਣਗੇ। ਯਕੀਨਨ ਤੌਰ ’ਤੇ ਇਹ ਕਦਮ ਲੋਕਾਂ ਦਾ ਵਿਸ਼ਵਾਸ ਜਿੱਤਣ ਵਿਚ ਮਦਦ ਕਰਨਗੇ, ਜਦਕਿ ਸੁਖਬੀਰ ਧੜੇ ਵੱਲੋਂ ਲੋਕਾਂ ਦੀ ਮੰਗ ਪੂਰੀ ਕਰਨ ਲਈ ਅਜਿਹਾ ਕੁੱਝ ਨਹੀਂ ਕੀਤਾ ਗਿਆ।


ਹੋਰ ਤਾਂ ਹੋਰ ਭਰਤੀ ਕਮੇਟੀ ਨੇ ਲਿਫ਼ਾਫ਼ਾ ਕਲਚਰ ਵੀ ਸਦਾ ਲਈ ਖ਼ਤਮ ਕਰ ਦਿੱਤਾ, ਜਿਸ ਨੂੰ ਲੈ ਕੇ ਕਿਹਾ ਜਾਂਦਾ ਸੀ ਕਿ ਐਸਜੀਪੀਸੀ ਪ੍ਰਧਾਨ ਤੋਂ ਲੈ ਕੇ ਜਥੇਦਾਰ ਤੱਕ ਸਭ ਲਿਫ਼ਾਫ਼ੇ ਵਿਚੋਂ ਨਿਕਲਦੇ ਨੇ ਪਰ ਜੋ 14 ਮਤੇ ਭਰਤੀ ਕਮੇਟੀ ਵੱਲੋਂ ਬੀਤੇ ਕੱਲ੍ਹ ਪੇਸ਼ ਕੀਤੇ ਗਏ, ਉਨ੍ਹਾਂ ਵਿਚ ਹਰ ਕਦਮ ’ਤੇ ਵਿਧੀ ਵਿਧਾਨ ਦਾ ਜ਼ਿਕਰ ਕੀਤਾ ਗਿਆ ਏ,, ਯਾਨੀ ਕਿ ਹਰ ਅਹੁਦੇ ’ਤੇ ਲੋਕਤੰਤਰਿਤ ਤਰੀਕੇ ਨਾਲ ਭਰਿਆ ਜਾਵੇਗਾ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਅਕਾਲੀ ਦਲ ਦਾ ਇਕੋ ਪ੍ਰਧਾਨ 6 ਸਾਲ ਤੋਂ ਵੱਧ ਨਹੀਂ ਰਹਿ ਸਕੇਗਾ,,ਯਕੀਨਨ ਤੌਰ ’ਤੇ ਅਜਿਹੇ ਐਲਾਨ ਲੋਕਾਂ ਦਾ ਭਰੋਸਾ ਜਿੱਤਣ ਵਿਚ ਸਹਾਈ ਸਿੱਧ ਹੋਣਗੇ।


ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਬੇਸ਼ੱਕ ਭਰਤੀ ਕਮੇਟੀ ਨੇ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਏ ਪਰ ਆਉਣ ਵਾਲੇ ਕੁੱਝ ਮਹੀਨੇ ਨਵੇਂ ਧੜੇ ਵਾਸਤੇ ਕਾਫ਼ੀ ਸੰਵੇਦਨਸ਼ੀਲ ਰਹਿਣਗੇ,,,ਕਿਉਂਕਿ ਹੁਣ ਦੋਵੇਂ ਧੜਿਆਂ ਵਿਚਾਲੇ ਅਸਲੀ ਨਕਲੀ ਦੀ ਜੰਗ ਸ਼ੁਰੂ ਹੋ ਜਾਵੇਗੀ ਜੋ ਗਿਆਨੀ ਹਰਪ੍ਰੀਤ ਸਿੰਘ ਧੜੇ ਦੇ ਲਈ ਵੱਡੀ ਚੁਣੌਤੀ ਹੋਵੇਗੀ। ਇਹ ਕੁੱਝ ਚੁਣੌਤੀਆਂ ਨੇ, ਜਿਨ੍ਹਾਂ ਨੂੰ ਲੈ ਕੇ ਦੋਵੇਂ ਧੜਿਆਂ ਵਿਚ ਲੜਾਈ ਹੋਰ ਤੇਜ਼ ਹੋਵੇਗੀ।


ਪਹਿਲੀ ਚੁਣੌਤੀ : ਅਕਾਲੀ ਦਲ ਦੇ ਨਾਮ ਨੂੰ ਲੈ ਕੇ ਲੜਾਈ ਸ਼ੁਰੂ ਹੋਵੇਗੀ। ਦੋਵੇਂ ਪੱਖ ਆਪਣੇ ਅਸਲੀ ਅਕਾਲੀ ਦਲ ਹੋਣ ਦਾ ਦਾਅਵਾ ਕਰਨਗੇ। ਮਾਮਲਾ ਕੋਰਟ ਤੱਕ ਵੀ ਪਹੁੰਚੇਗਾ, ਹੋ ਸਕਦਾ ਏ ਕਿ ਸੜਕਾਂ ’ਤੇ ਰੋਸ ਪ੍ਰਦਰਸ਼ਨ ਵੀ ਹੋਣ,, ਪਰ ਚੋਣ ਕਮਿਸ਼ਨ ਉਸ ਨੂੰ ਹੀ ਅਸਲੀ ਅਕਾਲੀ ਦਲ ਮੰਨੇਗਾ, ਜਿਸ ’ਤੇ ਕੋਰਟ ਆਪਣਾ ਫ਼ੈਸਲਾ ਸੁਣਾਏਗਾ।


ਦੂਜੀ ਚੁਣੌਤੀ : ਦੋਵੇਂ ਧੜਿਆਂ ਵੱਲੋਂ ਆਪਣਾ ਵੋਟ ਬੈਂਕ ਬਚਾਉਣਾ ਅਤੇ ਵਧਾਉਣਾ ਵੱਡੀ ਚੁਣੌਤੀ ਹੋਵੇਗਾ ਕਿਉਂਕਿ ਅਕਾਲੀ ਦਲ ਦਾ ਇਕ ਵੋਟ ਬੈਂਕ ਪਹਿਲਾਂ ਤੋਂ ਹੀ ਪਿੰਡਾਂ ਵਿਚ ਮੌਜੂਦ ਐ। ਪਹਿਲਾਂ ਅਕਾਲੀ ਦਲ ਤੋਂ ਨਰਾਜ਼ ਵੱਡੇ ਵੋਟ ਬੈਂਕ ਨੇ ਆਮ ਆਦਮੀ ਪਾਰਟੀ ਦਾ ਰੁਖ਼ ਕਰ ਲਿਆ ਸੀ, ਇਸੇ ਵਜ੍ਹਾ ਕਰਕੇ ਸਾਲ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ।


ਤੀਜੀ ਚੁਣੌਤੀ : ਜੇਕਰ ਅਕਾਲੀ ਦਲ ਦੇ ਕੇਡਰ ਨੇ ਵਾਪਸੀ ਕੀਤੀ ਤਾਂ ਉਹ ਅਕਾਲੀ ਦਲ ਬਾਦਲ ਅਤੇ ਭਰਤੀ ਕਮੇਟੀ ਧੜੇ ਵਿਚ ਵੰਡਿਆ ਜਾਵੇਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਰਤੀ ਕਮੇਟੀ ਧੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਹੀ ਅੱਗੇ ਰੱਖ ਕੇ ਚੱਲਣਗੇ। ਦੋਵੇਂ ਧੜਿਆਂ ਲਈ ਚੁਣੌਤੀ ਹੋਵੇਗੀ ਕਿ ਉਹ ਵੋਟ ਬੈਂਕ ਵਿਚ ਕਿਵੇਂ ਆਪਣੇ ਪਾਲ਼ੇ ਵਿਚ ਲੈਕੇ ਆਉਣਗੇ।

ਚੌਥੀ ਚੁਣੌਤੀ : ਦੋਵੇਂ ਧੜਿਆਂ ਦੀ ਲੜਾਈ ਵਿਚਾਲੇ ਭਾਜਪਾ ਪਿੰਡਾਂ ਦਾ ਰੁਖ਼ ਕਰ ਰਹੀ ਐ,, ਜੋ ਚੋਣਾਂ ਸਮੇਂ ਦੋਵੇਂ ਧੜਿਆਂ ਲਈ ਵੱਡੀ ਚੁਣੌਤੀ ਬਣ ਸਕਦੀ ਐ ਕਿਉਂਕਿ ਹੁਣ ਭਾਜਪਾ ਦੇ ਕੋਲ ਵੀ ਕਈ ਸਿੱਖ ਚਿਹਰੇ ਆ ਚੁੱਕੇ ਨੇ ਜੋ ਪਿੰਡਾਂ ਵਿਚ ਜਾ ਕੇ ਅਕਾਲੀ ਦਲ ਦੇ ਵੋਟ ਬੈਂਕ ਨੂੰ ਆਪਣੇ ਪੱਖ ਵਿਚ ਕਰ ਸਕਦੇ ਨੇ।


ਉਧਰ ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਕੋਲ ਹੁਣ ਗਠਜੋੜ ਕਰਨ ਦੇ ਲਈ ਹੁਣ ਦੋ ਬਦਲ ਹੋ ਗਏ ਨੇ,,, ਬਾਦਲ ਧੜਾ ਤਾਂ ਭਾਵੇਂ ਬਿਨਾਂ ਸ਼ਰਤ ਗਠਜੋੜ ਲਈ ਤਿਆਰ ਹੋ ਸਕਦਾ ਏ ਪਰ ਜੇਕਰ ਨਵੇਂ ਧੜੇ ਨੂੰ ਮਜ਼ਬੂਤੀ ਮਿਲੀ ਤਾਂ ਉਹ ਭਾਜਪਾ ਨਾਲ ਗਠਜੋੜ ਕਰਨ ਲਈ ਸੌ ਵਾਰ ਸੋਚੇਗਾ। ਭਾਜਪਾ ਬੇਸ਼ੱਕ ਨਵਾਂ ਗੁੱਟ ਬਣਨ ’ਤੇ ਕਿੰਨੀ ਹੀ ਖ਼ੁਸ਼ੀ ਮਨਾਈ ਜਾਵੇ ਪਰ ਨਵੇਂ ਧੜੇ ਨਾਲ ਗਠਜੋੜ ਇੰਨਾ ਸੌਖਾ ਕੰਮ ਨਹੀਂ ਹੋਵੇਗਾ,, ਬੇਸ਼ੱਕ ਉਨ੍ਹਾਂ ਦੇ ਬਾਗ਼ੀ ਲੀਡਰਾਂ ਨਾਲ ਕਿੰਨੇ ਹੀ ਚੰਗੇ ਸੰਪਰਕ ਕਿਉਂ ਨਾ ਹੋਣ। ਬਾਦਲ ਧੜਾ ਤਾਂ ਪਹਿਲਾਂ ਹੀ ਭਾਜਪਾ ਵਿਚ ਜਾਣ ਲਈ ਕਾਹਲਾ ਹੋਇਆ ਪਿਆ ਏ, ਪਰ ਭਾਜਪਾ ਬਾਦਲ ਧੜੇ ਨਾਲ ਗਠਜੋੜ ਕਰਕੇ ਮਰਿਆ ਸੱਪ ਆਪਣੇ ਗਲੇ ਨਹੀਂ ਪਾਉਣਾ ਚਾਹੁੰਦੀ।


ਦਰਅਸਲ ਪੰਜਾਬ ਵਿਚ ਅਕਾਲੀ ਦਲ ਤੋਂ ਨਰਾਜ਼ਗੀ ਦੇ ਦੋ ਸਭ ਤੋਂ ਅਹਿਮ ਕਾਰਨ ਬੇਅਦਬੀ ਅਤੇ ਦੂਜਾ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਕਦਮ ਨਾ ਉਠਾਉਣਾ ਸੀ, ਪਰ ਭਰਤੀ ਕਮੇਟੀ ਧੜੇ ਨੇ ਇਨ੍ਹਾਂ ਦੋਵੇਂ ਮੁੱਦਿਆਂ ਨੂੰ ਅਹਿਮ ਜਗ੍ਹਾ ਦੇ ਦਿੱਤੀ ਐ। ਇਨ੍ਹਾਂ ਵਿਚੋਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕੇਂਦਰ ਨਾਲ ਜੁੜਿਆ ਹੋਇਆ ਏ, ਜੇਕਰ ਬਾਗ਼ੀ ਕੇਂਦਰ ਤੱਕ ਪਹੁੰਚ ਕਰਕੇ ਆਉਣ ਵਾਲੇ ਇਕ ਸਾਲ ਦੇ ਅੰਦਰ ਬੰਦੀ ਸਿੰਘਾਂ ਨੂੰ ਰਿਹਾਅ ਕਰਵਾ ਦੇਣਗੇ ਤਾਂ ਸੂਬੇ ਵਿਚ ਉਨ੍ਹਾਂ ਨੂੰ ਮਜ਼ਬੂਤੀ ਮਿਲੇਗੀ। ਬੇਅਦਬੀ ਵਾਲੇ ਮੁੱਦੇ ’ਤੇ ਤਸਵੀਰ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸਾਫ਼ ਹੋ ਚੁੱਕੀ ਐ,, ਕਿਸੇ ਨੂੰ ਕੋਈ ਸ਼ੱਕ ਸੁਬ੍ਹਾ ਨਹੀਂ ਰਹਿ ਗਿਆ,, ਉਹ ਕਬੂਲਨਾਮਾ ਸਭ ਦੇ ਸਾਹਮਣੇ ਹੀ ਐ।


ਖ਼ੈਰ,,, ਮੌਜੂਦਾ ਸਮੇਂ ਸਾਰੇ ਪੰਜਾਬੀ ਵੀ ਇਹੀ ਚਾਹੁੰਦੇ ਨੇ ਕਿ ਉਨ੍ਹਾਂ ਦੀ ਕੋਈ ਆਪਣੀ ਖੇਤਰੀ ਪਾਰਟੀ ਹੋਵੇ,, ਬੇਸ਼ੱਕ 2022 ਵਿਚ ਪੰਜਾਬੀਆਂ ਨੇ ਆਪ ਨੂੰ ਵੱਡਾ ਫ਼ਤਵਾ ਦੇ ਕੇ ਨਿਵਾਜ਼ਿਆ ਪਰ ਉਹ ਸਭ ਕੁੱਝ ਖੇਤਰੀ ਪਾਰਟੀ ਦੀ ਕਮਜ਼ੋਰੀ ਕਾਰਨ ਹੋਇਆ। ਅਜਿਹੇ ਵਿਚ ਜੇਕਰ ਨਵਾਂ ਧੜਾ ਲੋਕਾਂ ਵਿਚ ਆਪਣਾ ਭਰੋਸਾ ਜਗਾਉਣ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ 2027 ਦੀਆਂ ਚੋਣਾਂ ਦਾ ਨਜ਼ਾਰਾ ਕੁੱਝ ਹੋਰ ਹੀ ਹੋਵੇਗਾ।

ਸੋ ਤੁਹਾਡਾ ਇਸ ਨੂੰ ਲੈਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News