ਵਿਕਾਸ ਬੱਗਾ ਕਤਲ ਕਾਂਡ ਦਾ ਭਗੌੜਾ ਮੁਕੁਲ ਮਿਸ਼ਰਾ ਕਾਬੂ
ਕਾਊਂਟਰ ਇੰਟੈਲੀਜੈਂਸ ਲੁਧਿਆਣਾ ਅਤੇ ਜ਼ਿਲ੍ਹਾ ਪੁਲਿਸ ਟੀਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਪੁਲਿਸ ਟੀਮ ਨੇ ਪੰਜਾਬ ਵਿਚ ਨੰਗਲ ਇਕਾਈ ਦੇ ਪ੍ਰਧਾਨ ਵਿਕਾਸ ਬੱਗਾ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਮੁਲਜ਼ਮ ਮੁਕੁਲ ਮਿਸ਼ਰਾ ਨੂੰ ਕਾਬੂ ਕਰ ਲਿਆ।
ਲੁਧਿਆਣਾ : ਕਾਊਂਟਰ ਇੰਟੈਲੀਜੈਂਸ ਲੁਧਿਆਣਾ ਅਤੇ ਜ਼ਿਲ੍ਹਾ ਪੁਲਿਸ ਟੀਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਪੁਲਿਸ ਟੀਮ ਨੇ ਪੰਜਾਬ ਵਿਚ ਨੰਗਲ ਇਕਾਈ ਦੇ ਪ੍ਰਧਾਨ ਵਿਕਾਸ ਬੱਗਾ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਕਾਤਲਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਮੁਲਜ਼ਮ ਮੁਕੁਲ ਮਿਸ਼ਰਾ ਨੂੰ ਕਾਬੂ ਕਰ ਲਿਆ।
ਪੁਲਿਸ ਟੀਮ ਨੇ ਮੁਕੁਲ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਲੁਧਿਆਣਾ ਦੇ ਟਰਾਂਸਪੋਰਟ ਨਗਰ ਵਿਖੇ ਘੁੰਮ ਰਿਹਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਇਸ ਮਾਮਲੇ ਵਿਚ ਹੁਣ ਧਮੇਂਦਰ ਨਾਂ ਦੇ ਵਿਅਕਤੀ ਦੀ ਭਾਲ ਕਰ ਰਹੀ ਹੈ। ਗ੍ਰਿਫ਼ਤਾਰ ਕੀਤਾ ਗਿਆ ਮੁਕੁਲ ਮਿਸ਼ਰਾ ਉੱਤਰ ਪ੍ਰਦੇਸ਼ ਵਿੱਚ ਵੀ ਲੋੜੀਂਦਾ ਸੀ, ਜਿਸ ਨੂੰ ਲੱਭਣ ਲਈ ਉਥੋਂ ਦੀ ਪੁਲਿਸ ਵੀ ਲੱਗੀ ਹੋਈ ਸੀ ਪਰ ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਪੁਲਿਸ ਨੇ ਇਕ ਸਾਂਝੇ ਅਪਰੇਸ਼ਨ ਦੋਰਾਨ ਮੁਕੁਲ ਨੂੰ ਕਾਬੂ ਕਰ ਲਿਆ।
ਜਾਣਕਾਰੀ ਅਨੁਸਾਰ 13 ਅਪ੍ਰੈਲ ਨੂੰ ਹਿੰਦੂ ਆਗੂ ਵਿਕਾਸ ਬੱਗਾ ਰੇਲਵੇ ਰੋਡ ’ਤੇ ਸਥਿਤ ਆਪਣੀ ਮਠਿਆਈਆਂ ਦੀ ਦੁਕਾਨ ’ਤੇ ਬੈਠਾ ਸੀ ਕਿ ਸ਼ਾਮ 5 ਵਜੇ ਦੇ ਕਰੀਬ ਦੋ ਨੌਜਵਾਨ ਆਏ ਅਤੇ ਉਨ੍ਹਾਂ ਦੇ ਸਿਰ ’ਚ ਗੋਲੀ ਮਾਰ ਕੇ ਫ਼ਰਾਰ ਹੋ ਗਏ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਸ ਨੇ ਕੁੱਝ ਚਿਰ ਮਗਰੋਂ ਦਮ ਤੋੜ ਦਿੱਤਾ ਸੀ।
ਇਸ ਵਾਰਦਾਤ ਦਾ ਇਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਸੀ, ਜਿਸ ਵਿਚ ਦੋ ਨੌਜਵਾਨ ਬਿਨਾਂ ਨੰਬਰ ਪਲੇਟ ਦੇ ਸਕੂਟਰ ’ਤੇ ਆਉਂਦੇ ਦੇਖੇ ਗਏ ਸੀ, ਜਿਨ੍ਹਾਂ ਵਿਚੋਂ ਇਕ ਨੇ ਹੈਲਮੇਟ ਪਹਿਨਿਆ ਹੋਇਆ ਸੀ ਜਦਕਿ ਦੂਜੇ ਨੇ ਆਪਣਾ ਚਿਹਰਾ ਛੁਪਾਇਆ ਹੋਇਆ ਸੀ। ਹੈਲਮੇਟ ਪਹਿਨੇ ਨੌਜਵਾਨ ਨੇ ਦੁਕਾਨ ਦੇ ਅੰਦਰ ਜਾ ਕੇ ਗੋਲੀਆਂ ਚਲਾ ਦਿੱਤੀਆਂ ਸੀ ਅਤੇ ਫਿਰ ਦੋਵੇਂ ਜਣੇ ਸਕੂਟਰ ’ਤੇ ਫ਼ਰਾਰ ਹੋ ਗਏ ਸੀ।