ਚੰਡੀਗੜ੍ਹ ਦੇ ਸਕੂਲਾਂ ਨੂੰ ਬੰਬ ਨਾਲ਼ ਉਡਾਉਣ ਦੀ ਧਮਕੀ, ਆਖ਼ਰ ਕਿਉਂ ਮਿਲ਼ ਰਹੀਆਂ ਅਜਿਹੀਆਂ ਧਮਕੀਆਂ?

ਚੰਡੀਗੜ੍ਹ ਦੇ ਸਕੂਲਾਂ ਨੂੰ ਬੰਬ ਨਾਲ਼ ਉਡਾਉਣ ਦੀ ਧਮਕੀ ਮਿਲ਼ੀ ਹੈ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਚੰਡੀਗੜ੍ਹ ਦੇ 27, 32 ਅਤੇ 38 ਸੈਕਟਰਾਂ ਵਿੱਚ ਸਥਿਤ ਸਕੂਲਾਂ ਨੂੰ ਅਜਿਹੀਆਂ ਧਮਕੀਆਂ ਮਿਲ਼ੀਆਂ ਹਨ। ਇਨ੍ਹਾਂ ਸਾਰੇ ਸਕੂਲਾਂ ਦੀ ਬਹੁਤ ਬਾਰੀਕਬੀਨੀ ਨਾਲ਼ ਜਾਂਚ ਚੱਲ ਰਹੀ ਹੈ

Update: 2026-02-27 08:01 GMT

ਆਮ ਜਨਤਾ ਨੂੰ ਜਾਗਰੂਕ ਕਰਨ ਦੀ ਜ਼ਰੂਰਤ

ਚੰਡੀਗੜ੍ਹ: ਚੰਡੀਗੜ੍ਹ ਦੇ ਸਕੂਲਾਂ ਨੂੰ ਬੰਬ ਨਾਲ਼ ਉਡਾਉਣ ਦੀ ਧਮਕੀ ਮਿਲ਼ੀ ਹੈ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਚੰਡੀਗੜ੍ਹ ਦੇ 27, 32 ਅਤੇ 38 ਸੈਕਟਰਾਂ ਵਿੱਚ ਸਥਿਤ ਸਕੂਲਾਂ ਨੂੰ ਅਜਿਹੀਆਂ ਧਮਕੀਆਂ ਮਿਲ਼ੀਆਂ ਹਨ। ਇਨ੍ਹਾਂ ਸਾਰੇ ਸਕੂਲਾਂ ਦੀ ਬਹੁਤ ਬਾਰੀਕਬੀਨੀ ਨਾਲ਼ ਜਾਂਚ ਚੱਲ ਰਹੀ ਹੈ। ਸੁਰੱਖਿਆ ਏਜੰਸੀਆਂ ਇਸ ਵੇਲੇ 'ਹਾਈ ਅਲਰਟ' 'ਤੇ ਹਨ।

ਪਿਛਲੇ ਸਮੇਂ ਦੌਰਾਨ ਪੰਜਾਬ ਦੇ ਵੀ ਪਟਿਆਲ਼ਾ, ਲੁਧਿਆਣਾ, ਜਲੰਧਰ, ਗੁਰਦਾਸਪੁਰ ਤੇ ਅੰਮ੍ਰਿਤਸਰ ਜਿਹੇ ਕਈ ਸ਼ਹਿਰਾਂ ਦੇ ਸਕੂਲਾਂ ਨੂੰ ਵੀ ਬਿਲਕੁਲ ਇਵੇਂ ਹੀ ਬੰਬ ਨਾਲ਼ ਉਡਾਉਣ ਦੀਆਂ ਧਮਕੀਆਂ ਮਿਲ਼ ਚੁੱਕੀਆਂ ਹਨ।

ਅਜਿਹੀਆਂ ਧਮਕੀਆਂ ਅਕਸਰ ਝੂਠੀਆਂ ਹੀ ਨਿੱਕਲਦੀਆਂ ਰਹੀਆਂ ਹਨ। ਕਈ ਵਾਰ ਬੱਚੇ ਜਾਂ ਨੌਜਵਾਨ ਮਜ਼ਾਕ ਵਜੋਂ ਅਜਿਹਾ ਕਰਦੇ ਹਨ। ਧਮਕੀਆਂ ਅਕਸਰ ਵੀਪੀਐੱਨ ਭਾਵ ਵਰਚੁਅਲ ਪ੍ਰਾਈਵੇਟ ਨੈੱਟਵਰਕ ਰਾਹੀਂ ਭੇਜੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਟਰੇਸ ਕਰਨਾ ਔਖਾ ਹੁੰਦਾ ਹੈ। ਰੂਸੀ ਈਮੇਲ ਸਰਵਿਸ ਜਾਂ ਪ੍ਰੋਟੌਨ–ਮੇਲ ਦੀ ਵਰਤੋਂ ਕੀਤੀ ਜਾਂਦੀ ਹੈ।

ਕੁਝ ਮਾਮਲਿਆਂ ਵਿੱਚ ਪਾਕਿਸਤਾਨੀ ਖ਼ੁਫ਼ੀਆ ਏਜੰਸੀ ISI ਜਾਂ ISIS ਵਰਗੇ ਮਾਡਿਊਲ ਵੀ ਅਜਿਹੀਆਂ ਸਾਜ਼ਿਸ਼ਾਂ ਪਿੱਛੇ ਹੋ ਸਕਦੇ ਹਨ।

ਸਮਾਜ ਵਿਰੋਧੀ ਅਨਸਰ ਅਜਿਹੀਆਂ ਹਰਕਤਾਂ ਕਈ ਵਾਰ ਮਜ਼ਾਕ, ਧਿਆਨ ਖਿੱਚਣ ਜਾਂ ਮਾਨਸਿਕ ਸਿਹਤ ਦੇ ਵਿਗਾੜ ਕਾਰਣ ਵਾਪਰ ਰਹੀਆਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਕੁਝ ਵਪਾਰਕ ਕਾਰਣਾਂ ਕਰ ਕੇ ਜਾਂ ਸਿਆਸੀ ਨੁਕਸਾਨ ਪਹੁੰਚਾਉਣ ਲਈ ਵੀ ਅਜਿਹਾ ਕੁਝ ਕੀਤਾ ਹੋ ਸਕਦਾ ਹੈ। ਅਜਿਹੇ ਅਨਸਰ ਅਸਲ ਵਿੱਚ ਆਮ ਤੌਰ ਉਤੇ ਸਮਾਜ ਵਿੱਚ ਦਹਿਸ਼ਤ ਪੈਦਾ ਕਰਨਾ ਚਾਹੁੰਦੇ ਹਨ।

ਭਾਰਤ ਵਿੱਚ ਝੂਠੀਆਂ ਬੰਬ ਧਮਕੀਆਂ ਦੀ ਲਹਿਰ 2024 ਤੋਂ ਵਧੀ ਹੈ, ਜਿਸ ਵਿੱਚ ਸਕੂਲ, ਹਵਾਈ ਅੱਡੇ ਅਤੇ ਹਸਪਤਾਲ ਸਮੇਤ ਕਈ ਖੇਤਰ ਪ੍ਰਭਾਵਿਤ ਹੋਏ ਹਨ। ਇਹ ਨਾ ਸਿਰਫ਼ ਰੋਜ਼ਾਨਾ ਜੀਵਨ ਨੂੰ ਰੋਕਦੀਆਂ ਹਨ ਬਲਕਿ ਇੱਕ ਵੱਡੀ ਸਾਜ਼ਿਸ਼ ਵਜੋਂ ਭਾਰਤ ਨੂੰ ਕਮਜ਼ੋਰ ਕਰਨ ਦਾ ਸਾਧਨ ਬਣ ਸਕਦੀਆਂ ਹਨ। ਇਹ ਹਾਈਬ੍ਰਿਡ ਵਾਰਫੇਅਰ ਦਾ ਹਿੱਸਾ ਹੋ ਸਕਦੀਆਂ ਹਨ, ਜਿੱਥੇ ਅੱਤਵਾਦੀ ਜਾਂ ਵਿਦੇਸ਼ੀ ਤਾਕਤਾਂ ਬਿਨਾਂ ਸਿੱਧੇ ਹਮਲੇ ਤੋਂ ਨੁਕਸਾਨ ਪਹੁੰਚਾਉਂਦੀਆਂ ਹਨ।

ਵਾਰ–ਵਾਰ ਧਮਕੀਆਂ ਨਾਲ ਲੋਕਾਂ ਵਿੱਚ ਡਰ ਅਤੇ ਅਸੁਰੱਖਿਆ ਦੀ ਭਾਵਨਾ ਪੈਦਾ ਹੁੰਦੀ ਹੈ। ਸਕੂਲਾਂ ਵਿੱਚ ਮਾਪੇ ਬੱਚਿਆਂ ਨੂੰ ਭੇਜਣ ਤੋਂ ਡਰਦੇ ਹਨ, ਜਿਸ ਨਾਲ ਸਿੱਖਿਆ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ। ਇਹ ਰਾਸ਼ਟਰੀ ਮਨੋਬਲ ਨੂੰ ਘਟਾਉਂਦੀ ਹੈ।

ਹਰੇਕ ਧਮਕੀ ਨਾਲ ਲੱਖਾਂ ਰੁਪਏ ਬਰਬਾਦ ਹੁੰਦੇ ਹਨ। ਉਦਾਹਰਨ ਵਜੋਂ, ਏਅਰਲਾਈਨਜ਼ ਵਿੱਚ ਅਕਤੂਬਰ 2024 ਵਿੱਚ 500 ਤੋਂ ਵੱਧ ਧਮਕੀਆਂ ਨਾਲ ਅਰਬਾਂ ਦਾ ਨੁਕਸਾਨ ਹੋਇਆ। ਸਕੂਲਾਂ ਵਿੱਚ ਇਮਤਿਹਾਨ ਰੱਦ ਹੋਣ ਨਾਲ ਵਿਦਿਆਰਥੀਆਂ ਦਾ ਸਮਾਂ ਅਤੇ ਸਰੋਤ ਨਸ਼ਟ ਹੁੰਦੇ ਹਨ।

ਪੁਲਿਸ, ਬੰਬ ਸਕੁਐਡ ਅਤੇ ਏਜੰਸੀਆਂ ਨੂੰ ਵਾਰ–ਵਾਰ ਇੱਧਰ–ਉਧਰ ਜਾਣਾ ਪੈਂਦਾ ਹੈ, ਜਿਸ ਨਾਲ ਅਸਲ ਖਤਰਿਆਂ ਲਈ ਸਰੋਤ ਘੱਟ ਜਾਂਦੇ ਹਨ। ਇਸ ਨਾਲ਼ ਏਜੰਸੀਆਂ ਬਿਨਾ ਵਜ੍ਹਾ ਥੱਕ ਜਾਂਦੀਆਂ ਹਨ।

ਇਸ ਤੋਂ ਇਲਾਵਾ ਦੁਨੀਆ ਭਰ 'ਚ ਭਾਰਤ ਦਾ ਅਕਸ ਖ਼ਰਾਬ ਹੁੰਦਾ ਹੈ। ਕੌਮਾਂਤਰੀ ਸੈਲਾਨੀ ਤੇ ਹੋਰ ਲੋਕ ਇਹ ਸਮਝਦੇ ਹਨ ਕਿ ਭਾਰਤ ਇੱਕ ਬਹੁਤ ਅਸੁਰੱਖਿਅਤ ਦੇਸ਼ ਹੈ।

ਆਮ ਲੋਕਾਂ ਨੂੰ ਇਸ ਮਾਮਲੇ 'ਚ ਜਾਗਰੂਕ ਕਰਨ ਦੀ ਜ਼ਰੂਰਤ ਹੈ। ਅਜਿਹੇ ਅਨਸਰਾਂ ਬਾਰੇ ਕੋਈ ਵੀ ਜਾਣਕਾਰੀ ਤੁਰੰਤ ਪੁਲਿਸ ਜਾਂ ਹੋਰ ਏਜੰਸੀਆਂ ਨੂੰ ਦੇਣ ਲਈ ਲੋਕਾਂ ਨੂੰ ਹੱਲਾਸ਼ੇਰੀ ਦੇਵੋ।

Tags:    

Similar News