ਬੈਕਟੀਰੀਆ ਦੀ ਮਦਦ ਨਾਲ ਬਣੀ ਸਭ ਤੋਂ ਮਜ਼ਬੂਤ ਤਲਵਾਰ, ਗੋਲੀ ਨੂੰ ਕੱਟਣ ਦੀ ਤਾਕਤ
ਕੋਈ ਸਮਾਂ ਸੀ ਜਦੋਂ ਤਲਵਾਰਾਂ ਦੇ ਨਾਲ ਯੁੱਧ ਹੁੰਦਾ ਸੀ, ਉਸ ਸਮੇਂ ਤਲਵਾਰ ਦੀ ਬਹੁਤ ਜ਼ਿਆਦਾ ਮਹੱਤਤਾ ਵੀ ਹੁੰਦੀ ਸੀ। ਯੁੱਧ ਲੜਨ ਵਾਲੇ ਯੋਧਾ ਜਾਂ ਸੈਨਿਕ ਬਿਹਤਰ ਤੋਂ ਬਿਹਤਰ ਤਲਵਾਰਾਂ ਤਿਆਰ ਕਰਵਾਉਂਦੇ ਸੀ। ਉਸ ਦੌਰਾਨ ਜਪਾਨੀ ਤਲਵਾਰਾਂ ਪੂਰੇ ਵਿਸ਼ਵ ’ਚ ਮਸ਼ਹੂਰ ਸਨ,;
ਟੋਕੀਓ : ਕੋਈ ਸਮਾਂ ਸੀ ਜਦੋਂ ਤਲਵਾਰਾਂ ਦੇ ਨਾਲ ਯੁੱਧ ਹੁੰਦਾ ਸੀ, ਉਸ ਸਮੇਂ ਤਲਵਾਰ ਦੀ ਬਹੁਤ ਜ਼ਿਆਦਾ ਮਹੱਤਤਾ ਵੀ ਹੁੰਦੀ ਸੀ। ਯੁੱਧ ਲੜਨ ਵਾਲੇ ਯੋਧਾ ਜਾਂ ਸੈਨਿਕ ਬਿਹਤਰ ਤੋਂ ਬਿਹਤਰ ਤਲਵਾਰਾਂ ਤਿਆਰ ਕਰਵਾਉਂਦੇ ਸੀ। ਉਸ ਦੌਰਾਨ ਜਪਾਨੀ ਤਲਵਾਰਾਂ ਪੂਰੇ ਵਿਸ਼ਵ ’ਚ ਮਸ਼ਹੂਰ ਸਨ, ਅੱਜ ਵੀ ਜਪਾਨ ਦੇ ਮਸ਼ਹੂਰ ਯੋਧਾ ਫੁਕੁਸ਼ਿਮਾ ਮਾਸਾਨੋਰੀ ਦੀ ਤਲਵਾਰ ਓਵੇਂ ਜਿਵੇਂ ਮੌਜੂਦ ਐ, ਜਿਸ ਦੀ ਕੀਮਤ 800 ਕਰੋੜ ਰੁਪਏ ਤੋਂ ਵੀ ਜ਼ਿਆਦਾ ਏ। ਇਹ ਤਲਵਾਰ ਇੰਨੀ ਜ਼ਿਆਦਾ ਮਜ਼ਬੂਤ ਅਤੇ ਤੇਜ਼ ਐ ਕਿ ਗੋਲੀ ਨੂੰ ਵੀ ਅੱਧੇ ਹਿੱਸੇ ਵਿਚ ਕੱਟ ਸਕਦੀ ਐ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਨ੍ਹਾਂ ਤਲਵਾਰਾਂ ਨੂੰ ਬਣਾਉਣ ਲਈ ਜਪਾਨ ਵੱਲੋਂ ਇਕ ਬੈਕਟੀਰੀਆ ਦੀ ਵਰਤੋਂ ਕੀਤੀ ਗਈ ਸੀ ਜੋ ਅੱਜ ਵੀ ਜਾਰੀ ਐ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕਿਵੇਂ ਬਣਦੀਆ ਨੇ ਇਹ ਖ਼ਾਸ ਕਿਸਮ ਦੀਆਂ ਤਲਵਾਰਾਂ ਅਤੇ ਕੀ ਐ ਇਨ੍ਹਾਂ ਨੂੰ ਬਣਾਉਣ ’ਚ ਬੈਕਟੀਰੀਆ ਦਾ ਰੋਲ?
ਜਪਾਨ ਦੇ ਮਸ਼ਹੂਰ ਯੋਧਾ ਮੰਨੇ ਜਾਂਦੇ ਫੁਕਸ਼ਿਮਾ ਮਾਸਾਨੋਰੀ ਦੀ ਤਲਵਾਰ ਵਿਸ਼ਵ ਭਰ ਵਿਚ ਮਸ਼ਹੂਰ ਐ। ਸੋਲਵੀਂ ਸਦੀ ਨਾਲ ਸਬੰਧਤ ਇਸ ਤਲਵਾਰ ਦੀ ਮੌਜੂਦਾ ਸਮੇਂ ਕੀਮਤ 100 ਮਿਲੀਅਨ ਡਾਲਰ ਦੇ ਕਰੀਬ ਦੱਸੀ ਜਾਂਦੀ ਐ ਜੋ ਭਾਰਤੀ ਰੁਪਏ ਵਿਚ 800 ਕਰੋੜ ਤੋਂ ਵੀ ਜ਼ਿਆਦਾ ਬਣਦੀ ਐ। ਹਾਲ ਹੀ ਵਿਚ ਆਈ ‘ਸ਼ੋਗਨ’ ਸੀਰੀਜ਼ ਤੋਂ ਬਾਅਦ ਜਪਾਨੀ ਤਲਵਾਰਾਂ ਇਕ ਵਾਰ ਫਿਰ ਤੋਂ ਚਰਚਾ ਵਿਚ ਆ ਚੁੱਕੀਆਂ ਨੇ, ਜਿਨ੍ਹਾਂ ਦੀ ਦੀਵਾਨਗੀ ਫਿਰ ਤੋਂ ਲੋਕਾਂ ਦੇ ਸਿਰ ਚੜ੍ਹ ਕੇ ਬੋਲਣ ਲੱਗੀ ਐ।
ਕਵਿੰਟਨ ਟੈਰੇਂਟੀਨੋ ਦੀਆਂ ਫਿਲਮਾਂ ਵਿਚ ਵੀ ਇਹ ਤਲਵਾਰਾਂ ਖ਼ੂਬ ਦੇਖਣ ਨੂੰ ਮਿਲਦੀਆ ਨੇ ਪਰ ਇਹ ਤਲਵਾਰ ਕੋਈ ਆਮ ਤਲਵਾਰਾਂ ਨਹੀਂ,, ਇਹ ਇੰਨੀਆਂ ਜ਼ਿਆਦਾ ਮਜ਼ਬੂਤ ਅਤੇ ਤੇਜ਼ ਹੁੰਦੀਆਂ ਨੇ ਕਿ ਗੋਲੀ ਨੂੰ ਵੀ ਅੱਧੇ ਹਿੱਸੇ ਵਿਚ ਕੱਟ ਸਕਦੀਆਂ ਨੇ। ਇਨ੍ਹਾਂ ਤਲਵਾਰਾਂ ਨੂੰ ਬਣਾਉਣ ਦਾ ਤਰੀਕਾ ਸਦੀਆਂ ਤੋਂ ਬਿਲਕੁਲ ਨਹੀਂ ਬਦਲਿਆ। ਯਾਨੀ ਕਿ ਜਿਵੇਂ ਸਦੀਆਂ ਪਹਿਲਾਂ ਇਨ੍ਹਾਂ ਤਲਵਾਰਾਂ ਨੂੰ ਬਣਾਇਆ ਜਾਂਦਾ ਸੀ, ਅੱਜ ਵੀ ਓਵੇਂ ਹੀ ਬਣਾਇਆ ਜਾਂਦਾ ਏ। ਇਸ ਤਕਨੀਕ ਨੂੰ ਟਟਾਰਾ ਮੈਥਡ ਦਾ ਨਾਮ ਦਿੱਤਾ ਜਾਂਦਾ ਏ। ਇਸ ਮੈਥਡ ਰਾਹੀਂ ਬਣਿਆ ਸਟੀਲ ਹੀ ਬਿਹਤਰੀਨ ਜਪਾਨੀ ਤਲਵਾਰਾਂ ਨੂੰ ਬਣਾਉਣ ਦੇ ਲਈ ਵਰਤਿਆ ਜਾਂਦਾ ਏ।
ਤਲਵਾਰਾਂ ਬਣਾਉਣ ਦੀ ਤਕਨੀਕ ਬੇਹੱਦ ਖ਼ਾਸ ਐ...ਭਾਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਏ ਕਿ ਸਟੀਲ ਬਣਾਉਣ ਲਈ ਸਭ ਤੋਂ ਜ਼ਰੂਰੀ ਹੁੰਦਾ ਏ ਲੋਹਾ,, ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਲੋਹਾ ਕਦੇ ਸਮੁੰਦਰ ਵਿਚ ਘੁਲਿਆ ਹੋਇਆ ਸੀ ਅਤੇ ਜਪਾਨੀ ਤਲਵਾਰਾਂ ਤੱਕ ਲੋਹਾ ਪਹੁੰਚਾਉਣ ਵਿਚ ਇਕ ਬੈਕਟੀਰੀਆ ਦੀ ਮਿਹਰਬਾਨੀ ਹੋਈ। ਸੁਣਨ ਵਿਚ ਗੱਲ ਬਹੁਤ ਅਜ਼ੀਬ ਲਗਦੀ ਹੋਵੇ ਪਰ ਇਹੀ ਉਹ ਤਕਨੀਕ ਐ ਜੋ ਇਨ੍ਹਾਂ ਤਲਵਾਰਾਂ ਨੂੰ ਬੇਹੱਦ ਖ਼ਾਸ ਬਣਾਉਂਦੀ ਐ। ਇਸ ਤਕਨੀਕ ਨੂੰ ਜਾਣਨ ਦੇ ਲਈ ਸਾਨੂੰ ਕਰੋੜਾਂ ਸਾਲ ਪਿੱਛੇ ਜਾਣਾ ਪਵੇਗਾ,,, ਕਰੋੜਾਂ ਸਾਲ ਪਹਿਲਾਂ ਲੋਹਾ ਜਾਂ ਆਇਰਨ ਸਮੁੰਦਰ ਵਿਚ ਘੁਲਿਆ ਹੁੰਦਾ ਸੀ, ਜੋ ਸਮੇਂ ਦੇ ਨਾਲ ਪੱਟੀਆਂ ਦੇ ਤੌਰ ’ਤੇ ਸਮੁੰਦਰੀ ਤਲ ਵਿਚ ਜਮ੍ਹਾਂ ਹੁੰਦਾ ਚਲਾ ਗਿਆ। ਵਿਗਿਆਨੀਆਂ ਦੇ ਮੁਤਾਬਕ ਜਿਸ ਸਮੇਂ ਇਹ ਪ੍ਰਕਿਰਿਆ ਹੋਈ, ਉਸ ਸਮੇਂ ਵਾਤਾਵਰਣ ਅਤੇ ਸਮੁੰਦਰ ਵਿਚ ਆਕਸੀਜ਼ਨ ਮੌਜੂਦ ਨਹੀਂ ਸੀ ਕਿਉਂਕਿ ਇਹ ਸਮੁੰਦਰ ਤਲ ’ਤੇ ਜਮੀਆਂ ਹੋਈਆਂ ਪੱਟੀਆਂ ਤੋਂ ਪਤਾ ਚਲਦਾ ਏ।
ਦਰਅਸਲ ਫੋਟੋਸਿੰਥਸਿਸ ਜਾਂ ਪ੍ਰਕਾਸ਼ ਸੰਸਲੇਸ਼ਣ ਕਰਨ ਵਾਲੇ ਬੈਕਟੀਰੀਆ ਪ੍ਰਕਾਸ਼ ਦੀ ਮੌਜੂਦਗੀ ਵਿਚ ਆਕਸੀਜ਼ਨ ਬਣਾ ਰਹੇ ਸੀ। ਦੱਸਿਆ ਜਾਂਦਾ ਏ ਕਿ ਇਹ ਆਕਸੀਜ਼ਨ ਸਮੁੰਦਰ ਦੇ ਪਾਣੀ ਵਿਚ ਘੁਲੇ ਆਇਰਨ ਦੇ ਨਾਲ ਰਿਐਕਟ ਕਰਕੇ ਆਇਰਨ ਆਕਸਾਈਡ ਨਾਂਅ ਦਾ ਮਿਨਰਲ ਬਣਾ ਰਹੀ ਸੀ ਜੋ ਹੌਲੀ ਹੌਲੀ ਸਮੁੰਦਰ ਦੇ ਤਲ ’ਤੇ ਬੈਠਦਾ ਚਲਾ ਗਿਆ, ਜਿਸ ਦੇ ਨਾਲ ਆਇਰਨ ਆਕਸਾਈਡ ਦੀਆਂ ਪੱਟੀਆਂ ਬਣ ਗਈਆਂ। ਇਨ੍ਹਾਂ ਪੱਟੀਆਂ ਨੂੰ ਬੈਂਡੇਡ ਆਇਰਨ ਫਾਰਮੇਸ਼ਨ ਦਾ ਨਾਮ ਦਿੱਤਾ ਜਾਂਦਾ ਏ। ਦੁਨੀਆ ਭਰ ਵਿਚ ਮਿਲਣ ਵਾਲਾ ਕਰੀਬ ਅੱਧਾ ਲੋਹ ਧਾਤੂ ਇਨ੍ਹਾਂ ਬੈਂਡੇਡ ਆਇਰਨ ਫਾਰਮੇਸ਼ਨ ਵਿਚ ਹੀ ਪਾਇਆ ਜਾਂਦਾ ਏ। ਇਸ ਵਿਚ ਲੋਹੇ ਦੇ ਕਣ ਅਤੇ ਸਿਲਕਾ ਦੀਆਂ ਪੱਟੀਆਂ ਇਕ ਤੋਂ ਬਾਅਦ ਇਕ ਬੈਠਦੀਆਂ ਜਾਂਦੀਆ ਨੇ ਅਤੇ ਇਕ ਖ਼ਾਸ ਤਰ੍ਹਾਂ ਦੀ ਚੱਟਾਨ ਵਿਚ ਤਬਦੀਲ ਹੋ ਜਾਂਦੀਆਂ ਨੇ।
ਸਾਨੂੰ ਸੈਂਕੜੇ ਕਰੋੜ ਸਾਲ ਪਹਿਲਾਂ ਦੀ ਇਹ ਨਾਟਕੀ ਕਹਾਣੀ ਦੱਸਦੀ ਐ ਕਿ ਜਦੋਂ ਇਨ੍ਹਾਂ ਬੇਹੱਦ ਛੋਟੇ ਜੀਵਾਂ ਯਾਨੀ ਸਾਇਨੋ ਬੈਕਟੀਰੀਆ ਦਾ ਜਨਮ ਹੋਇਆ ਅਤੇ ਫਿਰ ਇਨ੍ਹਾਂ ਦਾ ਸਾਮਰਾਜ ਖ਼ਤਮ ਵੀ ਹੋਇਆ ਅਤੇ ਇਹ ਵਾਰ ਵਾਰ ਹੁੰਦਾ ਗਿਆ, ਫਿਰ ਕਿਤੇ ਜਾ ਕੇ ਇਹ ਖ਼ਾਸ ਕਿਸਮ ਦੀਆਂ ਪੱਟੀਆਂ ਤਿਆਰ ਹੋਈਆਂ। ਦਰਅਸਲ ਕਰੀਬ ਦੋ ਸੌ ਕਰੋੜ ਸਾਲ ਪਹਿਲਾਂ ਧਰਤੀ ’ਤੇ ਕੋਈ ਪੌਦੇ ਜਾਂ ਜੰਤੂ ਨਹੀਂ ਸੀ। ਝੀਲਾਂ ਅਤੇ ਸਮੁੰਦਰ ’ਤੇ ਇਕ ਕੋਸ਼ਿਕਾ ਵਾਲੇ ਜੀਵਾਂ ਯਾਨੀ ਸਾਇਨੋ ਬੈਕਟੀਰੀਆ ਦਾ ਰਾਜ ਸੀ। ਇਹ ਪੌਦਿਆਂ ਦੀ ਤਰ੍ਹਾਂ ਸੂਰਜ ਦੀ ਰੌਸ਼ਨੀ ਦੀ ਮਦਦ ਨਾਲ ਊਰਜਾ ਬਣਾਉਂਦੇ ਸੀ ਅਤੇ ਰਹਿੰਦ ਖ਼ੂੰਹਦ ਦੇ ਰੂਪ ਵਿਚ ਆਕਸੀਜ਼ਨ ਬਣਦੀ ਸੀ।
ਯਾਨੀ ਕਿ ਜੋ ਚੀਜ਼ ਅੱਜ ਇਨਸਾਨਾਂ ਲਈ ਬੇਹੱਦ ਜ਼ਰੂਰੀ ਐ, ਉਹ ਇਹ ਸਾਇਨੋ ਬੈਕਟੀਰੀਆ ‘ਕਚਰੇ’ ਦੇ ਰੂਪ ਵਿਚ ਕੱਢਦੇ ਸੀ। ਹੌਲੀ ਹੌਲੀ ਇਹ ਸਾਇਨੋ ਬੈਕਟੀਰੀਆ ਆਕਸੀਜ਼ਨ ਬਣਾਉਂਦੇ ਗਏ ਪਰ ਇਕ ਸਮੇਂ ਆਕਸੀਜ਼ਨ ਦਾ ਪੱਧਰ ਇੰਨਾ ਹੋ ਗਿਆ ਕਿ ਆਕਸੀਜ਼ਨ ਦੀ ਵਜ੍ਹਾ ਕਰਕੇ ਇਹ ਸਾਇਨੋ ਬੈਕਟੀਰੀਆ ਖ਼ੁਦ ਹੀ ਮਰਨ ਲੱਗੇ। ਆਕਸੀਜ਼ਨ ਦਾ ਪੱਧਰ ਫਿਰ ਘਟ ਗਿਆ, ਨਵੇਂ ਸਾਇਨੋ ਬੈਕਟੀਰੀਆ ਆਏ ਅਤੇ ਆਕਸੀਜ਼ਨ ਪੱਧਰ ਫਿਰ ਵਧ ਗਿਆ ਜੋ ਆਇਰਨ ਦੇ ਨਾਲ ਰਿਐਕਟ ਕਰਦਾ ਰਿਹਾ ਅਤੇ ਆਇਰਨ ਦੀਆਂ ਤੈਹਾਂ ਬਣਦੀਆਂ ਗਈਆਂ।
ਕਮਾਲ ਦੀ ਗੱਲ ਇਹ ਐ ਕਿ ਇਹ ਪਰਤਾਂ ਆਪਣੇ ਆਪ ਵਿਚ ਇਤਿਹਾਸ ਦੇ ਇਕ ਦੌਰ ਦੇ ਬਾਰੇ ਵਿਚ ਦੱਸਦੀਆ ਨੇ ਕਿ ਕਦੋਂ ਆਕਸੀਜ਼ਨ ਜ਼ਿਆਦਾ ਅਤੇ ਕਦੋਂ ਘੱਟ ਸੀ। ਮਾਹਿਰ ਵੀ ਇਨ੍ਹਾਂ ਤੈਹਾਂ ਦਾ ਆਂਕਲਨ ਕਰਕੇ ਜਾਣਕਾਰੀ ਦਿੰਦੇ ਨੇ। ਖ਼ੈਰ,, ਇਹ ਲੋਹਾ ਚੱਟਾਨਾਂ ਤੱਕ ਤਾਂ ਪਹੁੰਚ ਗਿਆ,, ਹੁਣ ਗੱਲ ਕਰਦੇ ਆਂ ਕਿ ਇਹ ਤਲਵਾਰਾਂ ਤੱਕ ਕਿਵੇਂ ਪਹੁੰਚਿਆ? ਦੱਸਿਆ ਜਾਂਦਾ ਏ ਕਿ ਸਮੇਂ ਦੇ ਨਾਲ ਇਹ ਪੱਥਰ ਟੁੱਟ ਟੁੱਟ ਕੇ ਜਪਾਨ ਦੀਆਂ ਨਦੀਆਂ ਵਿਚ ਰੇਤ ਵਿਚ ਬਦਲਦੇ ਗਏ, ਜਿਸ ਨੂੰ ਆਇਰਨ ਸੈਂਡ ਦਾ ਨਾਮ ਦਿੱਤਾ ਗਿਆ। ਜਪਾਨ ਵਿਚ ਟਟਾਰਾ ਮੈਥਡ ਨਾਲ ਸਟੀਲ ਬਣਾਉਣ ਲਈ ਇਸੇ ਆਇਰਨ ਸੈਂਡ ਦੀ ਵਰਤੋਂ ਕੀਤੀ ਜਾਂਦੀ ਐ। ਯਾਨੀ ਇਸ ਰੇਤ ਵਿਚ ਮੌਜੂਦ ਲੋਹੇ ਅਤੇ ਕੋਇਲੇ ਜਾਂ ਕਾਰਬਨ ਨੂੰ ਮਿਲਾ ਕੇ ਸਟੀਲ ਬਣਾਇਆ ਜਾਂਦਾ ਏ, ਜਿਸ ਨਾਲ ਬਣਦੀਆਂ ਨੇ ਸ਼ਾਨਦਾਰ ਤਲਵਾਰਾਂ,,, ਜੋ ਇੰਨੀਆਂ ਮਜ਼ਬੂਤ ਅਤੇ ਤੇਜ਼ਧਾਰ ਨੇ ਕਿ ਬੰਦੂਕ ਦੀ ਗੋਲੀ ਨੂੰ ਵੀ ਵਿਚਕਾਰੋਂ ਕੱਟ ਸਕਦੀਆਂ ਨੇ।
ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਜ਼ਰੂਰ ਸਾਂਝੀ ਕਰੋ। ਹੋਰ ਦਿਲਚਸਪ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ