ਤਿਆਰ ਹੋਣ ਲੱਗੀ ਅਕਾਲੀ-ਭਾਜਪਾ ਗਠਜੋੜ ਦੀ ‘ਪਿੱਚ’!
ਜਿਵੇਂ ਹੀ ਅਕਾਲੀ ਆਗੂਆਂ ਦੀ ਧਾਰਮਿਕ ਸਜ਼ਾ ਖ਼ਤਮ ਹੋ ਰਹੀ ਐ, ਓਵੇਂ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀ ਸੰਭਾਵਨਾ ਦੀਆਂ ਖ਼ਬਰਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ। ਅਕਾਲੀ ਆਗੂਆਂ ਵੱਲੋਂ ਤਾਂ ਭਾਵੇਂ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਗਿਆ ਪਰ ਭਾਜਪਾ ਇਸ ਮਾਮਲੇ ਵਿਚ ਜ਼ਿਆਦਾ ਹੀ ਫਿਕਰਮੰਦ ਦਿਖਾਈ ਦੇ ਰਹੀ ਐ। ਦਰਅਸਲ ਧਾਰਮਿਕ ਪ੍ਰਕਿਰਿਆ ਪੂਰੀ ਕਰਨ ਮਗਰੋਂ ਅਕਾਲੀ ਆਗੂ ਦਾਗ਼ ਮੁਕਤ ਹੋ ਜਾਣਗੇ ਅਤੇ ਭਾਜਪਾ ਲਈ ਵੀ ਗਠਜੋੜ ਦਾ ਰਾਹ ਸਾਫ਼ ਹੋ ਜਾਵੇਗਾ
ਚੰਡੀਗੜ੍ਹ : ਜਿਵੇਂ ਹੀ ਅਕਾਲੀ ਆਗੂਆਂ ਦੀ ਧਾਰਮਿਕ ਸਜ਼ਾ ਖ਼ਤਮ ਹੋ ਰਹੀ ਐ, ਓਵੇਂ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦੀ ਸੰਭਾਵਨਾ ਦੀਆਂ ਖ਼ਬਰਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ। ਅਕਾਲੀ ਆਗੂਆਂ ਵੱਲੋਂ ਤਾਂ ਭਾਵੇਂ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਗਿਆ ਪਰ ਭਾਜਪਾ ਇਸ ਮਾਮਲੇ ਵਿਚ ਜ਼ਿਆਦਾ ਹੀ ਫਿਕਰਮੰਦ ਦਿਖਾਈ ਦੇ ਰਹੀ ਐ। ਦਰਅਸਲ ਧਾਰਮਿਕ ਪ੍ਰਕਿਰਿਆ ਪੂਰੀ ਕਰਨ ਮਗਰੋਂ ਅਕਾਲੀ ਆਗੂ ਦਾਗ਼ ਮੁਕਤ ਹੋ ਜਾਣਗੇ ਅਤੇ ਭਾਜਪਾ ਲਈ ਵੀ ਗਠਜੋੜ ਦਾ ਰਾਹ ਸਾਫ਼ ਹੋ ਜਾਵੇਗਾ ਕਿਉਂਕਿ ਭਾਜਪਾ ਹਰ ਹੀਲੇ 2027 ਵਿਚ ਪੰਜਾਬ ’ਤੇ ਆਪਣਾ ਪਰਚਮ ਲਹਿਰਾਉਣਾ ਚਾਹੁੰਦੀ ਐ। ਸੋ ਆਓ ਤੁਹਾਨੂੰ ਦੱਸਦੇ ਆਂ, ਕਿਵੇਂ ਅੰਦਰਖ਼ਾਤੇ ਚੱਲ ਰਹੀ ਐ ਦੋਵੇਂ ਪਾਰਟੀਆਂ ਵਿਚਾਲੇ ਗਠਜੋੜ ਕੀਤੇ ਜਾਣ ਦੀ ਤਿਆਰੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇ ਬੀਤੇ ਦੋ ਦਸੰਬਰ ਨੂੰ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾਵਾਂ ਸੁਣਾਉਣ ਦੇ ਨਾਲ ਨਾਲ ਸਾਰੇ ਬਿਖ਼ਰੇ ਅਕਾਲੀ ਆਗੂਆਂ ਨੂੰ ਇਕਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਆਦੇਸ਼ ਦਿੱਤਾ ਸੀ ਪਰ ਅਕਾਲੀ ਆਗੂਆਂ ’ਤੇ ਇਸ ਗੱਲ ਦਾ ਹਾਲੇ ਤੱਕ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ। ਹਾਲਾਂਕਿ ਬਾਗ਼ੀ ਅਕਾਲੀਆਂ ਨੇ ਤਾਂ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਮੁਤਾਬਕ ਅਕਾਲੀ ਦਲ ਸੁਧਾਰ ਲਹਿਰ ਨੂੰ ਭੰਗ ਕਰ ਦਿੱਤਾ ਏ ਪਰ ਹਾਲੇ ਵੀ ਦੋਵੇਂ ਗੁੱਟਾਂ ਵਿਚਾਲੇ ਨਰਮੀ ਦਾ ਰੁਖ਼ ਦਿਖਾਈ ਨਹੀਂ ਦੇ ਰਿਹਾ। ਬਲਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਇੰਝ ਜਾਪਦਾ ਏ ਕਿ ਸਜ਼ਾ ਖ਼ਤਮ ਹੁੰਦੇ ਹੀ ਦੋਵੇਂ ਗੁੱਟਾਂ ਵਿਚਾਲੇ ਫਿਰ ਤੋਂ ਖੁੱਲ੍ਹ ਕੇ ਬਿਆਨਬਾਜ਼ੀਆਂ ਦਾ ਦੌਰ ਸ਼ੁਰੂ ਹੋ ਸਕਦਾ ਏ।
ਅਕਾਲੀ ਦਲ ਨਾਲੋਂ ਤਾਂ ਭਾਜਪਾ ਇਸ ਗੱਲ ਦੇ ਲਈ ਜ਼ਿਆਦਾ ਫ਼ਿਕਰਮੰਦ ਦਿਖਾਈ ਦੇ ਰਹੀ ਐ ਕਿ ਅਕਾਲੀ ਦਲ ਮਜ਼ਬੂਤ ਹੋਵੇ। ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਗੁਨਾਹ ਕਬੂਲ ਲੈਣ ਅਤੇ ਸਜ਼ਾ ਭੁਗਤਣ ਮਗਰੋਂ ਅਕਾਲੀ ਆਗੂ ਦਾਗ਼ ਮੁਕਤ ਹੋ ਕੇ ਸਿਆਸਤ ਵਿਚ ਆਉਣ ਜਾ ਰਹੇ ਨੇ, ਜਿਸ ਕਰਕੇ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗਠਜੋੜ ਦਾ ਰਾਹ ਵੀ ਸਾਫ਼ ਹੋ ਗਿਆ ਏ। ਭਾਵੇਂ ਕਿ ਕਿਸਾਨਾਂ ਦਾ ਮੁੱਦਾ ਹਾਲੇ ਵੀ ਬਰਕਰਾਰ ਐ ਪਰ 2027 ਦੀਆਂ ਚੋਣਾਂ ਤੱਕ ਤਾਂ ਉਸ ਦਾ ਵੀ ਕੋਈ ਨਾ ਕੋਈ ਹੱਲ ਨਿਕਲ ਹੀ ਜਾਵੇਗਾ।
ਪਿਛਲੇ ਸਮੇਂ ਦੌਰਾਨ ਜੇਕਰ ਦੇਖਿਆ ਜਾਵੇ ਤਾਂ ਜਿੰਨਾ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੁੰਦਾ ਚਲਾ ਗਿਆ, ਓਨਾ ਹੀ ਭਾਜਪਾ ਵੱਲੋਂ ਹਰੇਕ ਮਜ਼ਬੂਤੀ ਦੇ ਨਾਲ ਲੜੀ ਗਈ,, ਚਾਹੇ ਉਮੀਦਵਾਰ ਇੱਧਰੋਂ ਉਧਰੋਂ ਹੀ ਲਏ ਗਏ। ਅਸਲ ਵਿਚ ਭਾਜਪਾ ਆਪਣੀ ਸਹਿਯੋਗੀ ਪਾਰਟੀ ਅਕਾਲੀ ਦਲ ਵੱਲੋਂ ਛੱਡੇ ਗਏ ‘ਖਲਾਅ’ ਨੂੰ ਭਰਨ ਦੀ ਕੋਸ਼ਿਸ਼ ਕਰ ਰਹੀ ਐ, ਜਿਸ ਵਿਚ ਉਸ ਨੂੰ ਜਿੱਤ ਤਾਂ ਭਾਵੇਂ ਹਾਸਲ ਨਹੀਂ ਹੋ ਸਕੀ ਪਰ ਉਸ ਦਾ ਵੋਟ ਬੈਂਕ ਪਹਿਲਾਂ ਨਾਲੋਂ ਜ਼ਰੂਰ ਵਧਿਆ ਏ। ਜ਼ਿਮਨੀ ਚੋਣਾਂ ਨਾ ਲੜਨਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਗ਼ਲਤੀ ਸੀ, ਜਿਸ ਵਿਚ ਅਕਾਲੀ ਦਲ ਨੇ ਦੂਜੀਆਂ ਪਾਰਟੀਆਂ ਨੂੰ ‘ਜਿੱਤ’ ਥਾਲੀ ਵਿਚ ਪਰੋਸ ਕੇ ਦਿੱਤੀ।
ਹੁਣ ਜਦੋਂ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਐ ਤਾਂ ਅਕਾਲੀ ਆਗੂ ਖੁੱਲ੍ਹ ਕੇ ਇਹ ਗੱਲ ਆਖ ਰਹੇ ਨੇ ਕਿ ਭਾਜਪਾ ਅਤੇ ਅਕਾਲੀ ਦਲ ਨੂੰ ਫਿਰ ਤੋਂ ਇਕਜੁੱਟ ਹੋਣਾ ਪਵੇਗਾ। ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਆਖਿਆ ਕਿ ਜੇਕਰ ਇਕੱਠੇ ਹੋਵਾਂਗੇ ਤਾਂ 2027 ਵਿਚ ਅਕਾਲੀ ਦਲ ਦੀ ਸਰਕਾਰ ਬਣ ਜਾਵੇਗੀ ਪਰ ਜੇਕਰ ਇਕੱਠੇ ਨਾ ਹੋਏ ਤਾਂ ਕੋਈ ਫ਼ਾਇਦਾ ਨਹੀਂ ਹੋਣਾ। ਉਨ੍ਹਾਂ ਇੱਥੋਂ ਤੱਕ ਆਖ ਦਿੱਤਾ ਕਿ ਅਕਾਲੀ ਦਲ ਅਤੇ ਭਾਜਪਾ ਨੂੰ ਹੁਣ ਇਕੱਠੇ ਹੋ ਜਾਣਾ ਚਾਹੀਦਾ ਏ।
ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੇ ਬਿਆਨ ਤੋਂ ਸਾਫ਼ ਸੰਕੇਤ ਮਿਲ ਰਹੇ ਨੇ ਕਿ ਭਵਿੱਖ ਵਿਚ ਹੁਣ ਗਠਜੋੜ ਦਾ ਰਸਤਾ ਸਾਫ਼ ਹੋ ਗਿਆ ਏ। ਕੁੱਝ ਲੋਕਾਂ ਦਾ ਕਹਿਣਾ ਏ ਕਿ ਮਲੂਕਾ ਸਾਬ੍ਹ ਅੱਧੇ ਅਕਾਲੀ ਨੇ ਅਤੇ ਅੱਧੇ ਭਾਜਪਾਈ,,,ਕਿਉਂਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਦੀ ਨੂੰਹ ਰਾਣੀ ਪਰਮਪਾਲ ਕੌਰ ਭਾਜਪਾ ਉਮੀਦਵਾਰ ਵਜੋਂ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਦੇ ਖ਼ਿਲਾਫ਼ ਖੜ੍ਹੀ ਹੋਈ ਸੀ ਅਤੇ ਮਲੂਕਾ ਸਾਬ੍ਹ ਵੱਲੋਂ ਅਕਾਲੀ ਦਲ ਦੀ ਬਜਾਏ ਡਟ ਕੇ ਆਪਣੀ ਨੂੰਹ ਦੀ ਸੁਪੋਰਟ ਕੀਤੀ ਗਈ। ਇਸ ਸਭ ਦੇ ਬਾਵਜੂਦ ਅਕਾਲੀ ਦਲ ਨੇ ਮਲੂਕਾ ਸਾਬ੍ਹ ’ਤੇ ਕੋਈ ਕਾਰਵਾਈ ਨਹੀਂ ਕੀਤੀ। ਖ਼ੈਰ,,, ਇਹ ਸਭ ਸਿਆਸੀ ਗੱਲਾਂ ਆਮ ਲੋਕਾਂ ਦੀ ਸਮਝ ਤੋਂ ਬਾਹਰ ਨੇ।
ਹੁਣ ਵੀ ਮਲੂਕਾ ਸਾਬ੍ਹ ਨੇ ਇਹ ਬਿਆਨ ਭਾਵੇਂ ਅਕਾਲੀ ਦਲ ਦੀ ਮਜ਼ਬੂਤੀ ਲਈ ਦਿੱਤਾ ਏ ਪਰ ਇਕੱਠੇ ਹੋਣ ’ਤੇ ਫ਼ਾਇਦਾ ਤਾਂ ਦੋਵੇਂ ਪਾਰਟੀਆਂ ਦਾ ਹੀ ਹੋਵੇਗਾ। ਉਂਝ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਕੁੱਝ ਦਿਨ ਪਹਿਲਾਂ ਟਵੀਟ ਕੀਤਾ ਸੀ ਕਿ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਐ। ਉਨ੍ਹਾਂ ਆਖਿਆ ਕਿ ਸੀ ਇਕ ਪੰਜਾਬੀ ਹੋਣ ਦੇ ਨਾਤੇ ਉਨ੍ਹਾਂ ਦਾ ਮੰਨਣਾ ਏ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਲਈ ਓਨਾ ਹੀ ਮਹੱਤਵਪੂਰਨ ਐ, ਜਿੰਨਾ 1920 ਵਿਚ ਸੀ। ਉਨ੍ਹਾਂ ਇਹ ਵੀ ਆਖਿਆ ਸੀ ਕਿ ਪੰਥਕ ਪਾਰਟੀ ਦੀ ਰਾਖੀ ਕਰਨੀ ਜ਼ਰੂਰੀ ਐ।
ਅੱਜ ਪੰਥ ਦੀ ਨੁੰਮਾਇੰਦਗੀ ਕਰਦੇ ਅਕਾਲੀ ਦਲ ਦੀ ਸਥਿਤੀ ਏਨੀ ਮਾੜ੍ਹੀ ਕਿਉਂ ਬਣੀ ਹੋਈ ਹੈ ??
— Sunil Jakhar (@sunilkjakhar) November 7, 2024
ਅਕਾਲੀ ਦਲ ਤੇ ਇਸਦੇ ਪ੍ਰਧਾਨ ਦਾ ਭਵਿੱਖ ਕਿਉਂ ਇਸ ਤਰ੍ਹਾਂ ਆਪਸ ਵਿਚ ਜੁੜਿਆ ਹੋਇਆ ਹੈ ਕਿ ਪਾਰਟੀ ਪ੍ਰਧਾਨ ਨੂੰ ਤਨਖਾਹੀਆਂ ਕਰਾਰ ਦਿੱਤੇ ਹੋਣ ਕਾਰਨ ਪਾਰਟੀ ਆਪਣੇ ਗੜ੍ਹ ਵਿਚ ਵੀ ਜਿਮਨੀ ਚੋਣਾਂ ਲੜਨ ਦੀ ਹਿੰਮਤ ਨਹੀਂ ਕਰ ਸਕੀ ??
ਜਿੱਥੇ ਇਸਦੇ ਕਾਰਨਾਂ ਤੇ…
ਦਰਅਸਲ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਟੁੱਟਿਆ ਏ, ਉਦੋਂ ਤੋਂ ਹੀ ਦੋਵੇਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਏ, ਜਦੋਂ ਦੋਵੇਂ ਪਾਰਟੀਆਂ ਆਪੋ ਆਪਣੇ ਵੋਟ ਬੈਂਕ ਦਾ ਹਿਸਾਬ ਕਿਤਾਬ ਲਗਾ ਕੇ ਦੇਖਿਆ ਤਾਂ ਕਈ ਹਲਕਿਆਂ ਤੋਂ ਉਨ੍ਹਾਂ ਦੇ ਉਮੀਦਵਾਰ ਜਿੱਤਦੇ ਹੋਏ ਦਿਖਾਈ ਦਿੱਤੇ। ਹਾਲੇ ਕੁੱਝ ਸਮਾਂ ਪਹਿਲਾਂ ਚਾਰ ਸੀਟਾਂ ’ਤੇ ਹੋਈਆਂ ਜ਼ਿਮਨੀ ਚੋਣਾਂ ਦੀ ਗੱਲ ਕਰੀਏ ਤਾਂ ਇਕ ਬਰਨਾਲਾ ਸੀਟ ਨੂੰ ਛੱਡ ਕੇ ਬਾਕੀ ਤਿੰਨ ਸੀਟਾਂ ’ਤੇ ਭਾਜਪਾ ਅਤੇ ਆਪ ਵੱਲੋਂ ਖੜ੍ਹੇ ਕੀਤੇ ਉਮੀਦਵਾਰਾਂ ਦਾ ਪਿਛੋਕੜ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਏ। ਗਿੱਦੜਬਾਹਾ ਸੀਟ ਤੋਂ ਜਿੱਤ ਹਾਸਲ ਕਰਨ ਵਾਲੇ ਡਿੰਪੀ ਢਿੱਲੋਂ ਕੱਟੜ ਅਕਾਲੀ ਸੀ ਪਰ ਅਕਾਲੀ ਦਲ ਦੀਆਂ ਗ਼ਲਤ ਨੀਤੀਆਂ ਦੀ ਵਜ੍ਹਾ ਕਰਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਅਤੇ ਸ਼ਾਨਦਾਰ ਜਿੱਤ ਹਾਸਲ ਕੀਤੀ।
ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਤੋਂ ਭਾਜਪਾ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਦਾ ਪਿਛੋਕੜ ਵੀ ਅਕਾਲੀ ਦਲ ਨਾਲ ਜੁੜਿਆ ਹੋਇਆ ਏ,, ਜੋ ਤੀਜੇ ਨੰਬਰ ’ਤੇ ਰਹੇ, ਜਦਕਿ ਪਿਛਲੀਆਂ ਚੋਣਾਂ ਵਿਚ ਮਹਿਜ਼ ਗਿਣਤੀ ਦੀਆਂ ਵੋਟਾਂ ਪਿੱਛੇ ਦੂਜੇ ਨੰਬਰ ’ਤੇ ਰਹਿ ਗਏ ਸੀ। ਜੇਕਰ ਦੋਵੇਂ ਪਾਰਟੀਆਂ ਦਾ ਗਠਜੋੜ ਹੋਇਆ ਹੁੰਦਾ ਤਾਂ ਸ਼ਾਇਦ ਨਤੀਜਾ ਗਠਜੋੜ ਦੇ ਹੱਕ ਵਿਚ ਆ ਜਾਂਦਾ। ਇਸੇ ਤਰ੍ਹਾਂ ਚੱਬੇਵਾਲ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਦਾ ਪਿਛੋਕੜ ਵੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਏ। ਸੋਹਣ ਸਿੰਘ ਠੰਡਲ ਵੀ ਬੇਸ਼ੱਕ ਇਹ ਚੋਣ ਹਾਰ ਗਏ ਪਰ ਆਪਣੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਇਕ ਸ਼ਬਦ ਵੀ ਅਕਾਲੀ ਦਲ ਦੇ ਖ਼ਿਲਾਫ਼ ਨਹੀਂ ਬੋਲਿਆ।
ਇੱਥੋਂ ਤੱਕ ਕਿ ਕੁੱਝ ਦਿਨ ਪਹਿਲਾਂ ਇਕ ਚੈਨਲ ਦੇ ਨਾਲ ਕੀਤੀ ਗਈ ਇੰਟਰਵਿਊ ਵਿਚ ਉਨ੍ਹਾਂ ਸਾਫ਼ ਤੌਰ ‘ਤੇ ਆਖਿਆ ਕਿ ਭਵਿੱਖ ਵਿਚ ਦੋਵੇਂ ਪਾਰਟੀਆਂ ਦੇ ਗਠਜੋੜ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੋ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਮਾਤ ਦੇਣ ਲਈ ਬੇਹੱਦ ਜ਼ਰੂਰੀ ਐ। ਉਨ੍ਹਾਂ ਇਹ ਵੀ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਕਾਂਗਰਸ ਜਾਂ ਆਪ ਦੇ ਨਾਲ ਗਠਜੋੜ ਨਹੀਂ ਹੋ ਸਕਦਾ, ਅਜਿਹੇ ਵਿਚ ਸਿਰਫ਼ ਭਾਜਪਾ ਹੀ ਇਕੋ ਇਕ ਬਦਲ ਰਹਿ ਜਾਂਦੀ ਐ, ਜਿਸ ਨਾਲ ਗਠਜੋੜ ਕੀਤਾ ਜਾ ਸਕਦਾ ਏ। ਉਨ੍ਹਾਂ ਨੇ ਵੀ ਇਹੀ ਆਖਿਆ ਕਿ ਜੇਕਰ ਪਿਛਲੇ ਰਿਕਾਰਡ ’ਤੇ ਝਾਤ ਮਾਰੀ ਜਾਵੇ ਤਾਂ ਕਈ ਖੇਤਰਾਂ ਵਿਚ ਦੋਵੇਂ ਪਾਰਟੀਆਂ ਦੇ ਵੋਟ ਸ਼ੇਅਰ ਨੂੰ ਮਿਲਾ ਕੇ ਕਾਂਗਰਸ ਅਤੇ ਆਪ ਦੇ ਉਮੀਦਵਾਰਾਂ ਤੋਂ ਜ਼ਿਆਦਾ ਬਣਦਾ ਏ। ਹਾਲਾਂਕਿ ਉਨ੍ਹਾਂ ਇਹ ਵੀ ਆਖਿਆ ਕਿ ਇਹ ਉਨ੍ਹਾਂ ਦੇ ਨਿੱਜੀ ਵਿਚਾਰ ਨੇ, ਅੰਤਿਮ ਫ਼ੈਸਲਾ ਤਾਂ ਪਾਰਟੀ ਹਾਈਕਮਾਨ ਕਰੇਗੀ।
ਇਸ ਤੋਂ ਇਲਾਵਾ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲੜਨ ਵਾਲੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦਾ ਪਿਛੋਕੜ ਵੀ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਏ। ਚੋਣ ਬੇਸ਼ੱਕ ਉਹ ਭਾਜਪਾ ਉਮੀਦਵਾਰ ਵਜੋਂ ਲੜ ਰਹੇ ਸੀ ਪਰ ਆਪਣੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਵਾਰ-ਵਾਰ ਆਪਣੇ ਤਾਇਆ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ ਦਾ ਜ਼ਿਕਰ ਕਰਦੇ ਹੋਏ ਸੁਣਿਆ ਗਿਆ। ਭਾਵੇਂ ਕਿ ਉਨ੍ਹਾਂ ਨੇ ਸਾਫ਼ ਤੌਰ ’ਤੇ ਗਠਜੋੜ ਦੀ ਗੱਲ ਤਾਂ ਨਹੀਂ ਆਖੀ, ਪਰ ਗੱਲਾਂ ਗੱਲਾਂ ਵਿਚ ਉਹ ਵੀ ਸੰਕੇਤ ਦੇ ਚੁੱਕੇ ਨੇ ਕਿ ਵਿਰੋਧੀਆਂ ਨੂੰ ਮਾਤ ਦੇਣ ਲਈ ਅਕਾਲੀ ਦਲ ਅਤੇ ਭਾਜਪਾ ਨੂੰ ਮੁੜ ਤੋਂ ਇਕੱਠੇ ਹੋਣਾ ਚਾਹੀਦਾ ਏ।
ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਨਿਗਮ ਅਤੇ ਕੌਂਸਲਾਂ ਦੀਆਂ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਏ ਜੋ ਅਕਾਲੀ ਆਗੂਆਂ ਦੀ ਧਾਰਮਿਕ ਸਜ਼ਾ ਪੂਰੀ ਹੋਣ ਮਗਰੋਂ ਅਕਾਲੀ ਦਲ ਦੀ ਪਹਿਲੀ ਚੋਣ ਹੋਵੇਗੀ। ਇਸ ਚੋਣ ਵਿਚ ਪਤਾ ਚੱਲ ਜਾਵੇਗਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਫਿਰ ਤੋਂ ਵਾਪਸੀ ਚਾਹੁੰਦੇ ਨੇ ਜਾਂ ਨਹੀਂ,, ਪਰ ਇਕ ਗੱਲ ਸਪੱਸ਼ਟ ਐ ਕਿ ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਵਿਚ ਇਕਜੁੱਟਤਾ ਨਹੀਂ ਹੁੰਦੀ, ਉਦੋਂ ਤੱਕ ਵਿਰੋਧੀ ਹੀ ਮਜ਼ਬੂਤ ਹੋਣਗੇ,,, ਅਕਾਲੀ ਦਲ ਨਹੀਂ।
ਸੂਤਰਾਂ ਤੋਂ ਮਿਲੀਆਂ ਖ਼ਬਰਾਂ ਮੁਤਾਬਕ ਪਿਛਲੀਆਂ ਚੋਣਾਂ ਵਿਚ ਅਕਾਲੀ ਦਲ ਵੱਲੋਂ ਭਾਜਪਾ ਨਾਲ ਗਠਜੋੜ ਕਰਨ ਲਈ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਭਾਜਪਾ ਨੇ ਅਕਾਲੀ ਦਲ ਦੇ ਗਠਜੋੜ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਸੀ, ਜਿਸ ਕਾਰਨ ਸੀ ਅਕਾਲੀ ਦਲ ’ਤੇ ਬੇਅਦਬੀ ਸਮੇਤ ਹੋਰ ਗੁਨਾਹਾਂ ਦੇ ਲੱਗੇ ਹੋਏ ਦਾਗ਼ ਸਨ,,, ਪਰ ਹੁਣ ਜਦੋਂ ਅਕਾਲੀ ਦਲ ਦੇ ਆਗੂਆਂ ਨੇ ਧਾਰਮਿਕ ਪ੍ਰਕਿਰਿਆ ਦੌਰਾਨ ਆਪਣੀਆਂ ਗਲਤੀਆਂ ਅਤੇ ਗੁਨਾਹ ਕਬੂਲ ਕਰਕੇ ਧਾਰਮਿਕ ਸ਼ਜਾ ਭੁਗਤ ਲਈ ਐ ਤਾਂ ਫਿਰ ਤੋਂ ਗਠਜੋੜ ਹੋਣ ਦੀ ਸੰਭਾਵਨਾ ਨੇ ਜ਼ੋਰ ਫੜ ਲਿਆ ਏ,,, ਬਲਕਿ ਇਸ ਵਾਰ ਜ਼ਿਆਦਾ ਜ਼ੋਰ ਭਾਜਪਾ ਵੱਲੋਂ ਲਗਾਇਆ ਜਾ ਰਿਹਾ ਏ,,, ਜਿਹੜੀ ਪਹਿਲਾਂ ਅਕਾਲੀ ਦਲ ਨੂੰ ਗਠਜੋੜ ਨੂੰ ਲੈ ਕੇ ਪੈਰਾਂ ’ਤੇ ਪਾਣੀ ਨਹੀਂ ਸੀ ਪੈਣ ਦਿੰਦੀ।
ਮੌਜੂਦਾ ਹਾਲਾਤ ਨੂੰ ਦੇਖਦਿਆਂ ਕੁੱਝ ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਜੇਕਰ ਦੋਵੇਂ ਪਾਰਟੀਆਂ ਵਿਚਾਲੇ ਗਠਜੋੜ ਹੋਣ ਮਗਰੋਂ ਕੇਂਦਰ ਨੇ ਕਿਸਾਨਾਂ ਦਾ ਮਸਲਾ ਹੱਲ ਕਰ ਦਿੱਤਾ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਲਈ ਪੰਜਾਬ ਵਿਚ ਫਿਰ ਤੋਂ ਵੱਡੇ ਰਾਹ ਖੁੱਲ੍ਹ ਸਕਦੇ ਨੇ। ਉਂਝ ਅਪੁਸ਼ਟ ਤੌਰ ’ਤੇ ਕੁੱਝ ਖ਼ਬਰਾਂ ਇਹ ਵੀ ਆ ਰਹੀਆਂ ਨੇ ਕਿ ਭਾਜਪਾ ਵੱਲੋਂ ਕਿਸਾਨਾਂ ਦਾ ਮਸਲਾ ਹੱਲ ਕਰਕੇ ਇਸ ਦਾ ਵੱਡਾ ਲਾਹਾ ਲੈਣ ਲਈ ਵੀ ਰਣਨੀਤੀ ਤਿਆਰ ਕੀਤੀ ਜਾ ਰਹੀ ਐ।
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ