ਦੀਨਾਨਗਰ ’ਚ ਹੋਇਆ ਰਾਸ਼ਟਰੀ ਗੀਤ ਦਾ ਅਪਮਾਨ

ਦੇਸ਼ ਦੇ ਆਜ਼ਾਦੀ ਦਿਹਾੜੇ ਮੌਕੇ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਤੋਂ ਆਮ ਆਦਮੀ ਪਾਰਟੀ ਦੇ ਇਕ ਵਰਕਰ ਵੱਲੋਂ ਗ਼ਲਤ ਤਰੀਕੇ ਨਾਲ ਰਾਸ਼ਟਰੀ ਗੀਤ ਦਾ ਉਚਾਰਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਐ। ਵਿਰੋਧੀ ਆਗੂਆਂ ਵੱਲੋਂ ਇਸ ’ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਐ।;

Update: 2024-08-15 11:56 GMT

ਦੀਨਾਨਗਰ : ਦੇਸ਼ ਦੇ ਆਜ਼ਾਦੀ ਦਿਹਾੜੇ ਮੌਕੇ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਤੋਂ ਆਮ ਆਦਮੀ ਪਾਰਟੀ ਦੇ ਇਕ ਵਰਕਰ ਵੱਲੋਂ ਗ਼ਲਤ ਤਰੀਕੇ ਨਾਲ ਰਾਸ਼ਟਰੀ ਗੀਤ ਦਾ ਉਚਾਰਨ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਐ। ਵਿਰੋਧੀ ਆਗੂਆਂ ਵੱਲੋਂ ਇਸ ’ਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਐ।

ਗੁਰਦਾਸਪੁਰ ਵਿਚ ਦੀਨਾਨਗਰ ਦੇ ਮਹਾਰਾਜਾ ਰਣਜੀਤ ਸਿੰਘ ਪਾਰਕ ਵਿਖੇ ਦੇਸ਼ ਦੇ 78ਵੇਂ ਆਜ਼ਾਦੀ ਦਿਹਾੜੇ ਸਬੰਧੀ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਆਪ ਦੇ ਇਕ ਵਰਕਰ ਪਰਮਿੰਦਰ ਸਿੰਘ ਵੱਲੋਂ ਗ਼ਲਤ ਤਰੀਕੇ ਨਾਲ ਰਾਸ਼ਟਰੀ ਗੀਤ ਦਾ ਉਚਾਰਨ ਕਰਨ ਦਾ ਮਾਮਲਾ ਸਾਹਮਣੇ ਆਇਆ ਏ। ਜਾਣਕਾਰੀ ਅਨੁਸਾਰ ਪ੍ਰੋਗਰਾਮ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰੀ ਪ੍ਰਧਾਨ ਅਤੇ ਦੀਨਾਨਗਰ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਜਿਵੇਂ ਹੀ ਰਾਸ਼ਟਰੀ ਝੰਡਾ ਲਹਿਰਾਇਆ ਤਾਂ ਉਥੇ ਮੌਜੂਦ ਪਰਮਿੰਦਰ ਸਿੰਘ ਨੇ ਖ਼ੁਦ ਰਾਸ਼ਟਰੀ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਪਰ ਉਸ ਨੇ ਜਿੱਥੇ ਅੱਧਾ ਅਧੂਰਾ ਰਾਸ਼ਟਰੀ ਗੀਤ ਗਾਇਆ, ਉਥੇ ਹੀ ਉਸ ਨੇ ਸ਼ਬਦਾਂ ਦਾ ਵੀ ਸਹੀ ਉਚਾਰਨ ਨਹੀਂ ਕੀਤਾ। ਉਸ ਨੇ ਅੱਧ ਵਿਚਾਲੇ ਹੀ ਰਾਸ਼ਟਰੀ ਗੀਤ ਨੂੰ ਖ਼ਤਮ ਕਰ ਦਿੱਤਾ। ਇਕ ਵਾਰ ਤੁਸੀਂ ਵੀ ਦੇਖੋ ਇਹ ਵੀਡੀਓ

ਹੁਣ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਐ, ਜਿਸ ’ਤੇ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ। ਇਸੇ ਦੌਰਾਨ ਨਗਰ ਕੌਂਸਲ ਦੀਨਾਨਗਰ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਗੁਰਦਾਸਪੁਰ ਸ਼ਹਿਰੀ ਦੇ ਪ੍ਰਧਾਨ ਵਿਜੇ ਮਹਾਜਨ ਨੇ ਆਖਿਆ ਕਿ ਇਹ ਰਾਸ਼ਟਰੀ ਗੀਤ ਦਾ ਅਪਮਾਨ ਐ ਕਿਉਂਕਿ ਰਾਸ਼ਟਰੀ ਗੀਤ ਦਾ ਗ਼ਲਤ ਉਚਾਰਨ ਕੋਡ ਦੇ ਵਿਰੁੱਧ ਐ। ਉਨ੍ਹਾਂ ਆਖਿਆ ਕਿ ਪਰਮਿੰਦਰ ਸਿੰਘ ਨੂੰ ਇਸ ਗ਼ਲਤੀ ’ਤੇ ਜਨਤਕ ਤੌਰ ’ਤੇ ਮੁਆਫ਼ੀ ਮੰਗਣੀ ਚਾਹੀਦੀ ਐ ਕਿਉਂਕਿ ਇਸ ਨਾਲ ਦੇਸ਼ ਵਾਸੀਆਂ ਦੀਆਂ ਭਾਵਨਾਵਾ ਨੂੰ ਠੇਸ ਪਹੁੰਚੀ ਐ।

ਦੱਸ ਦਈਏ ਕਿ ਸੋਸ਼ਲ ਮੀਡੀਆ ’ਤੇ ਵੀ ਇਸ ਵੀਡੀਓ ਨੂੰ ਲੈ ਕੇ ਕਾਫ਼ੀ ਕੁੱਝ ਕੁਮੈਂਟ ਕੀਤੇ ਜਾ ਰਹੇ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਪਰਮਿੰਦਰ ਸਿੰਘ ਵੱਲੋਂ ਇਸ ਗ਼ਲਤੀ ’ਤੇ ਮੁਆਫ਼ੀ ਮੰਗੀ ਜਾਵੇਗੀ ਜਾਂ ਨਹੀਂ।

Tags:    

Similar News