ਗਿੱਦੜਬਾਹਾ ਸੀਟ ’ਤੇ ਟਿਕੀਆਂ ਸਿਆਸੀ ਮਾਹਿਰਾਂ ਦੀਆਂ ਨਜ਼ਰਾਂ

ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ 20 ਨਵੰਬਰ ਨੂੰ ਵੋਟਿੰਗ ਹੋਵੇਗੀ, ਜਿਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਹੌਟ ਸੀਟ ਗਿੱਦੜਬਾਹਾ ਦੀ ਮੰਨੀ ਜਾ ਰਹੀ ਐ। ਸਾਰੇ ਸਿਆਸੀ ਮਾਹਿਰਾਂ ਦੀਆਂ ਨਜ਼ਰਾਂ ਵੀ ਇਸੇ ਸੀਟ ’ਤੇ ਟਿਕੀਆਂ ਹੋਈਆਂ ਨੇ। ਉਂਝ ਬਾਕੀ ਤਿੰਨ ਸੀਟਾਂ ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਚ ਵੀ ਮੁਕਾਬਲਾ ਕਾਫ਼ੀ ਜ਼ਬਰਦਸਤ ਐ।;

Update: 2024-11-18 08:29 GMT

ਚੰਡੀਗੜ੍ਹ : ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ 20 ਨਵੰਬਰ ਨੂੰ ਵੋਟਿੰਗ ਹੋਵੇਗੀ, ਜਿਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਹੌਟ ਸੀਟ ਗਿੱਦੜਬਾਹਾ ਦੀ ਮੰਨੀ ਜਾ ਰਹੀ ਐ। ਸਾਰੇ ਸਿਆਸੀ ਮਾਹਿਰਾਂ ਦੀਆਂ ਨਜ਼ਰਾਂ ਵੀ ਇਸੇ ਸੀਟ ’ਤੇ ਟਿਕੀਆਂ ਹੋਈਆਂ ਨੇ। ਉਂਝ ਬਾਕੀ ਤਿੰਨ ਸੀਟਾਂ ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿਚ ਵੀ ਮੁਕਾਬਲਾ ਕਾਫ਼ੀ ਜ਼ਬਰਦਸਤ ਐ। ਸੋ ਤੁਹਾਨੂੰ ਦੱਸਦੇ ਆਂ ਕਿ ਕਿਉਂ ਅਹਿਮ ਮੰਨੀ ਜਾ ਰਹੀ ਐ ਗਿੱਦੜਬਾਹਾ ਦੀ ਸੀਟ ਅਤੇ ਕੀ ਕਹਿੰਦੇ ਨੇ ਹਲਕੇ ਦੇ ਮੌਜੂਦਾ ਸਿਆਸੀ ਸਮੀਕਰਨ?

ਪੰਜਾਬ ਵਿਚ 20 ਨਵੰਬਰ ਨੂੰ ਚਾਰ ਵਿਧਾਨ ਸਭਾ ਸੀਟਾਂ ਗਿੱਦੜਬਾਹਾ, ਬਰਨਾਲਾ, ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ’ਤੇ ਉਪ ਚੋਣ ਲਈ ਵੋਟਿੰਗ ਹੋਣ ਜਾ ਰਹੀ ਐ ਪਰ ਇਨ੍ਹਾਂ ਚਾਰੇ ਸੀਟਾਂ ਵਿਚ ਗਿੱਦੜਬਾਹਾ ਸੀਟ ਨੂੰ ਸਭ ਤੋਂ ਜ਼ਿਆਦਾ ਅਹਿਮ ਮੰਨਿਆ ਜਾ ਰਿਹਾ ਏ। ਇਸ ਸੀਟ ਦੇ ਅਹਿਮ ਹੋਣ ਦੇ ਤਿੰਨ ਪ੍ਰਮੁੱਖ ਕਾਰਨ ਨੇ,,,, ਪਹਿਲਾ ਇੱਥੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਚੋਣ ਲੜ ਰਹੀ ਐ,,,

Full View

ਦੂਜਾ ਇਸ ਸੀਟ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਅਤੇ ਦੋ ਵਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਭਾਜਪਾ ਵੱਲੋਂ ਚੋਣ ਲੜ ਰਹੇ ਨੇ ਅਤੇ ਤੀਜਾ ਕਾਰਨ ਇਹ ਐ ਕਿ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬੇਹੱਦ ਕਰੀਬੀ ਮੰਨੇ ਜਾਂਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਇਸ ਵਾਰ ਇੱਥੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜ ਰਹੇ ਨੇ ਅਤੇ ਜਿਹੜੇ ਅਕਾਲੀ ਦਲ ਦੀ ਕਿਸੇ ਸਮੇਂ ਇਸ ਸੀਟ ’ਤੇ ਮਜ਼ਬੂਤ ਪਕੜ ਰਹੀ ਐ, ਉਹ ਇਸ ਵਾਰ ਚੋਣ ਹੀ ਨਹੀਂ ਲੜ ਰਿਹਾ।

ਪਿਛਲੇ ਕਈ ਦਿਨਾਂ ਤੋਂ ਕੀਤੇ ਜਾ ਰਹੇ ਸਰਵੇਖਣਾਂ ’ਤੇ ਨਜ਼ਰ ਮਾਰੀਏ ਤਾਂ ਇਸ ਸੀਟ ’ਤੇ ਮੁਕਾਬਲਾ ਤਿਕੋਣਾ ਦਿਖਾਈ ਦੇ ਰਿਹਾ ਏ। ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਆਪਣੇ ਪਤੀ ਰਾਜਾ ਵੜਿੰਗ ਦੀ ਵਜ੍ਹਾ ਕਰਕੇ ਮਜ਼ਬੂਤ ਦਿਖਾਈ ਦੇ ਰਹੀ ਐ। ਰਾਜਾ ਵੜਿੰਗ ਦੇ ਸਾਂਸਦ ਚੁਣੇ ਜਾਣ ਕਰਕੇ ਹੀ ਇਹ ਸੀਟ ਖਾਲੀ ਹੋਹੀ ਸੀ। ਉਹ ਇਸ ਸੀਟ ਤੋਂ ਲਗਾਤਾਰ ਤਿੰਨ ਵਾਰ ਚੋਣ ਜਿੱਤ ਚੁੱਕੇ ਨੇ। ਇੱਥੋਂ ਤੱਕ ਕਿ 2022 ਵਿਚ ਜਦੋਂ ਆਮ ਆਦਮੀ ਪਾਰਟੀ ਦੀ ਲਹਿਰ ਸੀ ਅਤੇ ਉਸ ਨੇ 92 ਸੀਟਾਂ ਹਾਸਲ ਕੀਤੀਆਂ ਸੀ, ਉਸ ਸਮੇਂ ਵੀ ਰਾਜਾ ਵੜਿੰਗ ਆਪਣੀ ਸੀਟ ਬਚਾਉਣ ਵਿਚ ਕਾਮਯਾਬ ਰਹੇ ਸੀ।

Full View

ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਇੱਥੋਂ ਬਾਦਲ ਪਰਿਵਾਰ ਦੀ ਵਿਰਾਸਤ ਦਾ ਫਾਇਦਾ ਮਿਲ ਰਿਹਾ ਏ। ਮਨਪ੍ਰੀਤ ਬਾਦਲ ਇੱਥੋਂ ਚਾਰ ਵਾਰ ਵਿਧਾਇਕ ਰਹਿ ਚੁੱਕੇ ਨੇ। ਕਾਂਗਰਸ ਦੀ ਹੈਟ੍ਰਿਕ ਨਾਲ ਪਹਿਲਾਂ ਉਹੀ ਇੱਥੋਂ ਚੋਣ ਜਿੱਤਦੇ ਰਹੇ ਨੇ। ਇਸ ਤੋਂ ਬਾਅਦ ਉਹ ਬਠਿੰਡਾ ਸੀਟ ’ਤੇ ਚਲੇ ਗਏ ਸੀ। ਮਨਪ੍ਰੀਤ ਬਾਦਲ ਵੀ ਪਹਿਲਾਂ ਅਕਾਲੀ ਵਿਚ ਹੁੰਦੇ ਸੀ। ਉਧਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਅਕਾਲੀ ਦਲ ਤੋਂ ਦੋ ਵਾਰ ਚੋਣ ਲੜ ਚੁੱਕੇ ਨੇ ਪਰ ਉਹ ਕਾਂਗਰਸ ਕੋਲੋਂ ਹਾਰ ਗਏ।

Full View

ਇਸ ਵਾਰ ਉਹ ਪਾਰਟੀ ਬਦਲ ਕੇ ਚੋਣ ਲੜ ਰਹੇ ਨੇ। ਵਿਧਾਇਕ ਨਾ ਹੁੰਦੇ ਹੋਏ ਵੀ ਉਨ੍ਹਾਂ ਨੇ ਅਕਾਲੀ ਭਾਜਪਾ ਸਰਕਾਰ ਵਿਚ ਕੰਮ ਕਰਵਾਏ। ਉਨ੍ਹਾਂ ਨੂੰ ਇਕ ਪਾਸੇ ਦੋ ਵਾਰ ਦੀ ਹਾਰ ਨੂੰ ਲੈ ਕੇ ਹਮਦਰਦੀ ਮਿਲਦੀ ਦਿਖਾਈ ਦੇ ਰਹੀ ਐ, ਦੂਜੇ ਪਾਸੇ ਸੂਬੇ ਵਿਚ ਸਰਕਾਰ ਅਤੇ ਉਸ ਦੇ ਢਾਈ ਸਾਲ ਦੇ ਬਚੇ ਕਾਰਜਕਾਲ ਦਾ ਵੀ ਫ਼ਾਇਦਾ ਮਿਲ ਰਿਹਾ ਏ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਭਾਸ਼ਣਾਂ ਵਿਚ ਡਿੰਪੀ ਢਿੱਲੋਂ ਨੂੰ ‘ਮੰਤਰੀ’ ਬਣਾਏ ਜਾਣ ਦੇ ਦਿੱਤੇ ਜਾ ਰਹੇ ਸੰਕੇਤ ਵੀ ਡਿੰਪੀ ਢਿੱਲੋਂ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਦੇ ਰਹੇ ਨੇ,,, ਪਰ ਇਸ ਸੀਟ ’ਤੇ ਅਕਾਲੀ ਦਲ ਦੇ ਵੋਟ ਬੈਂਕ ਅਤੇ ਡੇਰਾ ਸਿਰਸਾ ਦੇ ਪ੍ਰੇਮੀਆਂ ਦੀਆਂ ਵੋਟਾਂ ਨੇ ਸਾਰਿਆਂ ਨੂੰ ਟੈਂਸ਼ਨ ਵਿਚ ਪਾਇਆ ਹੋਇਆ ਏ।

ਆਓ ਹੁਣ ਜ਼ਰ੍ਹਾ ਗਿੱਦੜਬਾਹਾ ਸੀਟ ਦੇ ਕੁੱਝ ਹੋਰ ਸਿਆਸੀ ਸਮੀਕਰਨਾਂ ’ਤੇ ਵੀ ਝਾਤ ਮਾਰ ਲੈਨੇ ਆਂ।

ਗਿੱਦੜਬਾਹਾ ਸੀਟ ’ਤੇ 2012 ਤੋਂ ਕਾਂਗਰਸ ਪਾਰਟੀ ਦਾ ਕਬਜ਼ਾ ਏ, ਕਾਂਗਰਸੀ ਉਮੀਦਵਾਰ ਦੇ ਪਤੀ ਰਾਜਾ ਵੜਿੰਗ ਇੱਥੋਂ ਤਿੰਨ ਵਾਰ ਵਿਧਾਇਕ ਚੁਣੇ ਗਏ। ਸਾਲ 2022 ਵਿਚ ਆਮ ਆਦਮੀ ਪਾਰਟੀ ਦੀ ਇਕਤਰਫ਼ਾ ਲਹਿਰ ਦੇ ਬਾਵਜੂਦ ਰਾਜਾ ਵੜਿੰਗ ਨੇ ਇੱਥੋਂ ਜਿੱਤ ਹਾਸਲ ਕੀਤੀ ਸੀ। ਹਾਲਾਂਕਿ ਉਨ੍ਹਾਂ ਦੀ ਜਿੱਤ ਦਾ ਫ਼ਰਕ ਮਹਿਜ਼ 1349 ਵੋਟਾਂ ਦਾ ਹੀ ਰਿਹਾ ਸੀ। ਦੂਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਰਹੇ ਸੀ ਜੋ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ।

ਗਿੱਦੜਬਾਹਾ ਸੀਟ ’ਤੇ ਅਕਾਲੀ ਦਲ ਦਾ ਮਜ਼ਬੂਤ ਆਧਾਰ ਐ। ਸਾਲ 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ 34 ਫ਼ੀਸਦੀ ਵੋਟ ਹਾਸਲ ਕਰਨ ਵਿਚ ਕਾਮਯਾਬ ਰਹੀ ਸੀ। ਇਸ ਵਾਰ ਅਕਾਲੀ ਦਲ ਚੋਣ ਹੀ ਨਹੀਂ ਲੜ ਰਿਹਾ। ਅਜਿਹੇ ਵਿਚ ਅਕਾਲੀ ਦਲ ਦੇ ਵੋਟ ਕਿਸ ਦੇ ਪੱਖ ਵਿਚ ਜਾਣਗੇ, ਇਹ ਵੱਡਾ ਫੈਕਟਰ ਮੰਨਿਆ ਜਾ ਰਿਹਾ ਏ। ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ,, ਬਾਦਲ ਪਰਿਵਾਰ ਤੋਂ ਆਉਂਦੇ ਨੇ, ਜਦਕਿ ਆਪ ਦੇ ਡਿੰਪੀ ਢਿੱਲੋਂ ਵੀ ਪੁਰਾਣੇ ਅਕਾਲੀ ਨੇਤਾ ਨੇ ਜੋ ਇਸ ਵੋਟ ਬੈਂਕ ’ਤੇ ਆਪਣੀ ਦਾਅਵੇਦਾਰੀ ਜਤਾ ਰਹੇ ਨੇ।

ਭਾਜਪਾ ਭਲੇ ਹੀ ਬਾਦਲ ਪਰਿਵਾਰ ਦੀ ਵਿਰਾਸਤ ਨੂੰ ਆਪਣੇ ਹੱਥ ਵਿਚ ਕਰਨ ਦੀ ਕੋਸ਼ਿਸ਼ ਵਿਚ ਲੱਗੀ ਹੋਵੇ ਪਰ ਇੱਥੇ ਪਾਰਟੀ ਦਾ ਆਧਾਰ ਨਹੀਂ ਐ। ਜਦੋਂ ਪੰਜਾਬ ਵਿਚ ਅਕਾਲੀ ਭਾਜਪਾ ਦਾ ਗਠਜੋੜ ਸੀ ਤਾਂ ਇਸ ਸੀਟ ਤੋਂ ਅਕਾਲੀ ਦਲ ਦਾ ਹੀ ਉਮੀਦਵਾਰ ਚੋਣ ਲੜਦਾ ਸੀ। ਅਜਿਹੇ ਵਿਚ ਮਨਪ੍ਰੀਤ ਬਾਦਲ ਆਪਣੇ ਬਲਬੂਤੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਨੇ।

ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਲਈ ਉਪ ਚੋਣ ਵਿਚ ਐਂਟੀ ਇਨਕੰਬੈਸੀ ਬਣੀ ਹੋਈ ਐ ਕਿਉਂਕਿ ਲੋਕ ਰਾਜਾ ਵੜਿੰਗ ਤੋਂ ਇਸ ਗੱਲ ਕਰਕੇ ਵੀ ਨਾਰਾਜ਼ ਨੇ ਕਿ ਉਨ੍ਹਾਂ ਨੇ ਲੁਧਿਆਣਾ ਤੋਂ ਸਾਂਸਦ ਬਣਨ ਦੇ ਚੱਕਰ ਵਿਚ ਆਪਣਾ ਵਿਧਾਨ ਸਭਾ ਖੇਤਰ ਛੱਡ ਦਿੱਤਾ। ਵਿਰੋਧੀ ਪਾਰਟੀਆਂ ਵੀ ਇਸ ਮੁੱਦੇ ਨੂੰ ਉਭਾਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ। ਵਿਰੋਧੀਆਂ ਦਾ ਕਹਿਣਾ ਏ ਕਿ ਜੇਕਰ ਇੱਥੋਂ ਅੰਮ੍ਰਿਤਾ ਵੜਿੰਗ ਜਿੱਤੀ ਤਾਂ ਲੋਕਾਂ ਨੂੰ ਕੰਮ ਕਰਵਾਉਣ ਲਈ ਉਸ ਦੇ ਪਤੀ ਕੋਲ ਚੰਡੀਗੜ੍ਹ ਜਾਂ ਲੁਧਿਆਣੇ ਜਾਣਾ ਪਵੇਗਾ।

ਇਕ ਹੋਰ ਫੈਕਟਰ ਇਹ ਵੀ ਐ ਕਿ ਗਿੱਦੜਬਾਹਾ ਵਿਚ ਡੇਰਾ ਸਿਰਸਾ ਪ੍ਰੇਮੀਆਂ ਦਾ ਵੀ ਕਾਫੀ ਪ੍ਰਭਾਵ ਐ। ਪੇਂਡੂ ਖੇਤਰ ਵਿਚ ਡੇਰੇ ਦੇ ਕਾਫ਼ੀ ਪੈਰੋਕਾਰ ਮੌਜੂਦ ਨੇ, ਜਿਨ੍ਹਾਂ ਦੀ ਵੋਟ ਇਕੋ ਜਗ੍ਹਾ ਪੈਂਦੀ ਐ। ਇਸ ਸੀਟ ’ਤੇ ਡੇਰੇ ਦੇ ਕਰੀਬ 10 ਹਜ਼ਾਰ ਵੋਟਰ ਮੰਨੇ ਜਾ ਰਹੇ ਨੇ। ਅਜਿਹੇ ਵਿਚ ਇਹ ਵੋਟ ਕਿਸ ਉਮੀਦਵਾਰ ਦੇ ਖਾਤੇ ਵਿਚ ਜਾਵੇਗੀ, ਇਸ ਦਾ ਵੀ ਚੋਣ ਨਤੀਜੇ ’ਤੇ ਅਸਰ ਪਵੇਗਾ।

ਉਂਝ ਇਕ ਗੱਲ ਇਹ ਵੀ ਐ ਕਿ ਗਿੱਦੜਬਾਹਾ ਵਿਚ ਭਲੇ ਹੀ ਅਕਾਲੀ ਦਲ ਅਤੇ ਕਾਂਗਰਸ ਦਾ ਦਬਦਬਾ ਰਿਹਾ ਹੋਵੇ, ਪਰ ਪਿਛਲੀਆਂ ਪੰਚਾਇਤ ਚੋਣਾਂ ਵਿਚ ਇੱਥੋਂ ਆਪ ਸਮਰਥਕਾਂ ਦੀਆਂ ਪੰਚਾਇਤਾਂ ਹੀ ਜ਼ਿਆਦਾ ਚੁਣੀਆਂ ਗਈਆਂ ਨੇ, ਜਿਸ ਤੋਂ ਸਾਫ਼ ਹੁੰਦਾ ਏ ਕਿ ਆਪ ਨੇ ਅਕਾਲੀ ਦਲ ਅਤੇ ਕਾਂਗਰਸ ਦੇ ਵੋਟ ਬੈਂਕ ਵਿਚ ਸੰਨ੍ਹ ਲਗਾਈ ਐ। ਇਸ ਤੋਂ ਇਲਾਵਾ ਆਪ ਉਮੀਦਵਾਰ ਡਿੰਪੀ ਢਿੱਲੋਂ ਸੂਬੇ ਵਿਚ ਸਰਕਾਰ ਹੋਣ ਦੀ ਵਜ੍ਹਾ ਕਰਕੇ ਜ਼ਿਆਦਾ ਵਿਕਾਸ ਕਰਵਾਉਣ ਦੇ ਵੀ ਦਾਅਵੇ ਕਰ ਰਹੇ ਨੇ, ਜਿਸ ਦਾ ਬੈਨੀਫਿੱਟ ਉਨ੍ਹਾਂ ਨੂੰ ਵੋਟਰਾਂ ਦੇ ਵਿਚਕਾਰ ਮਿਲਦਾ ਦਿਖਾਈ ਦੇ ਰਿਹਾ ਏ।

ਗਿੱਦੜਬਾਹਾ ਤੋਂ ਮਾਨ ਦਲ ਵੱਲੋਂ ਸੁਖਰਾਜ ਸਿੰਘ ਨਿਆਮੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਜੋ ਬਹਿਬਲ ਕਲਾਂ ਗੋਲੀ ਕਾਂਡ ਦੌਰਾਨ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਸਪੁੱਤਰ ਨੇ ਅਤੇ ਕਾਫ਼ੀ ਸਮੇਂ ਤੋਂ ਇਨਸਾਫ਼ ਲੈਣ ਲਈ ਬਹਿਬਲ ਕਲਾਂ ਇਨਸਾਫ਼ ਮੋਰਚੇ ਵਿਚ ਡਟੇ ਹੋਏ ਸੀ। ਪੰਥਕ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਸੁਖਰਾਜ ਸਿੰਘ ਨਿਆਮੀ ਵਾਲਾ ਵੀ ਚੰਗੀਆਂ ਵੋਟਾਂ ਹਾਸਲ ਕਰ ਸਕਦੇ ਨੇ।

ਦੱਸ ਦਈਏ ਕਿ ਗਿੱਦੜਬਾਹਾ ਸੀਟ ਸੰਨ 1967 ਵਿਚ ਬਣੀ ਸੀ, ਜਿਸ ਤੋਂ ਬਾਅਦ ਇੱਥੇ ਹੁਣ ਤੱਕ 14 ਵਾਰ ਚੋਣਾਂ ਹੋ ਚੁੱਕੀਆਂ ਨੇ, ਜਿਨ੍ਹਾਂ ਵਿਚੋਂ 9 ਵਾਰ ਸ਼੍ਰੋਮਣੀ ਅਕਾਲੀ ਦਲ ਅਤੇ 5 ਵਾਰ ਕਾਂਗਰਸ ਪਾਰਟੀ ਨੇ ਜਿੱਤ ਹਾਸਲ ਕੀਤੀ ਐ। ਇੱਥੋਂ ਪਹਿਲੀ ਚੋਣ ਕਾਂਗਰਸ ਦੀ ਟਿਕਟ ’ਤੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੇ ਜਿੱਤੀ ਸੀ, ਜਿਸ ਤੋਂ ਬਾਅਦ 1969, 1972,1977,1980 ਅਤੇ 1985 ਵਿਚ ਲਗਾਤਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿੱਤੇ। ਫਿਰ ਸੰਨ 1992 ਵਿਚ ਕਾਂਗਰਸ ਦੀ ਟਿਕਟ ’ਤੇ ਰਘੁਬੀਰ ਸਿੰਘ ਚੋਣ ਜਿੱਤੇ ਸੀ।

1995 ਵਿਚ ਉਪ ਚੋਣ, 1997, 2002 ਅਤੇ 2007 ਵਿਚ ਇੱਥੋਂ ਅਕਾਲੀ ਦਲ ਦੀ ਟਿਕਟ ’ਤੇ ਮਨਪ੍ਰੀਤ ਸਿੰਘ ਬਾਦਲ ਚੋਣ ਜਿੱਤੇ, ਜਦਕਿ ਸਾਲ 2012, 2017 ਅਤੇ 2022 ਵਿਚ ਇੱਥੋਂ ਕਾਂਗਰਸੀ ਨੇਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਜੇਤੂ ਰਹੇ। ਗਿੱਦੜਬਾਹਾ ਸੀਟ ’ਤੇ ਕੁੱਲ 1 ਲੱਖ 66 ਹਜ਼ਾਰ 489 ਵੋਟਰ ਨੇ, ਜਿਨ੍ਹਾਂ ਵਿਚੋਂ 86 ਹਜ਼ਾਰ 724 ਪੁਰਸ਼ ਅਤੇ 79 ਹਜ਼ਾਰ 754 ਮਹਿਲਾ ਵੋਟਰ ਨੇ,, ਪਰ ਇਸ ਵਾਰ ਦੇਖਣਾ ਹੋਵੇਗਾ ਕਿ ਗਿੱਦੜਬਾਹਾ ਦੇ ਵੋਟਰ ਕਿਸ ਉਮੀਦਵਾਰ ਦੀ ਝੋਲੀ ਵਿਚ ਜਿੱਤ ਪਾਉਂਦੇ ਨੇ ਅਤੇ ਕਿਸ ਦੀ ਝੋਲੀ ਵਿਚ ਹਾਰ।

ਸੋ ਤੁਹਾਡਾ ਇਸ ਸੀਟ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News