ਅਮਿੱਟ ਯਾਦਾਂ ਛੱਡ ਗਿਆ ਪਿੰਡ ਖਹਿਰਾ ਮਾਝਾ ਦਾ 25ਵਾਂ ਕਬੱਡੀ ਕੱਪ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ 25ਵਾਂ ਸਲਾਨਾ ਕਬੱਡੀ ਕੱਪ ਪਿੰਡ ਖਹਿਰਾ ਮਾਝਾ ਵਿਖੇ ਟੋਰਾਂਟੋ ਕਬੱਡੀ ਸਪੋਰਟਸ ਕਲੱਬ ਵਲੋਂ ਗ੍ਰਾਮ ਪੰਚਾਇਤ,ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਮੁੱਖ ਪ੍ਰਬੰਧਕ ਮਨੋਹਰ ਸਿੰਘ ਸੋਢੀ ਖਹਿਰਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਮੇਜ਼ਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਉਚ ਕੋਟੀ ਦੀਆਂ ਟੀਮਾਂ ਵਿਚਕਾਰ ਫਸਵੇਂ ਮੁਕਾਬਲੇ ਖੇਡੇ ਗਏ।;
ਕਪੂਰਥਲਾ : ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ 25ਵਾਂ ਸਲਾਨਾ ਕਬੱਡੀ ਕੱਪ ਪਿੰਡ ਖਹਿਰਾ ਮਾਝਾ ਵਿਖੇ ਟੋਰਾਂਟੋ ਕਬੱਡੀ ਸਪੋਰਟਸ ਕਲੱਬ ਵਲੋਂ ਗ੍ਰਾਮ ਪੰਚਾਇਤ,ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਮੁੱਖ ਪ੍ਰਬੰਧਕ ਮਨੋਹਰ ਸਿੰਘ ਸੋਢੀ ਖਹਿਰਾ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਮੇਜ਼ਰ ਲੀਗ ਕਬੱਡੀ ਫੈਡਰੇਸ਼ਨ ਦੀਆਂ ਉਚ ਕੋਟੀ ਦੀਆਂ ਟੀਮਾਂ ਵਿਚਕਾਰ ਫਸਵੇਂ ਮੁਕਾਬਲੇ ਖੇਡੇ ਗਏ। ਫਾਈਨਲ ਮੁਕਾਬਲਾ ਵੇਅ ਆਫ ਪਲੰਟੀ ਨਿਊਜੀਲੈਂਡ ਤੇ ਬਾਬਾ ਸੁਖਚੈਨ ਦਾਸ ਸੰਦੀਪ ਨੰਗਲ ਅੰਬੀਆਂ ਸ਼ਾਹਕੋਟ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ।
ਜਿਸ ਵਿੱਚ ਵੇਅ ਆਫ ਪਲੰਟੀ ਨਿਊਜੀਲੈਂਡ ਦੀ ਕਾਂਟੇਦਾਰ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ। ਕਬੱਡੀ ਕੱਪ ਦੌਰਾਨ ਬੈਸਟ ਰੇਡਰ ਰਮਨ ਮੱਲੀਆਂ ਤੇ ਜਾਫੀ ਸ਼ੀਲੂ ਬਾਹੁ ਅਕਬਰਪੁਰ ਚੁਣੇ ਗਏ ਦੋਹਾਂ ਖਿਡਾਰੀਆਂ ਨੂੰ 51-51 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਕਬੱਡੀ ਕੱਪ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 3.50 ਲੱਖ ਰੁਪਏ ਅਤੇ ਉਪ ਜੇਤੂ ਟੀਮ ਨੂੰ ਦੂਜਾ ਇਨਾਮ 3 ਲੱਖ ਰੁਪਏ ਦਿੱਤਾ ਗਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਵਿਧਾਇਕ ਤੇ ਸਾਬਕਾ ਮੰਤਰੀ ਬਲਕਾਰ ਸਿੰਘ, ਵਿਧਾਇਕ ਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਲਾਲ ਘਨੌਰ, ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ,ਗੋਰਾ ਗਿੱਲ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਆਦਿ ਵਲੋਂ ਕੀਤੀ ਗਈ।
ਵਿਧਾਇਕ ਬਲਕਾਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਕਾਰਜਾਂ ਦੇ ਨਾਲ ਪੰਜਾਬ ਨੂੰ ਖੇਡਾਂ ਹੋਰ ਬਿਹਤਰ ਬਣਾਉਣ ਲਈ ਕੰਮ ਕਰ ਰਹੀ ਹੈ। ਉਨਾਂ ਪਿੰਡ ਖਹਿਰਾ ਮਾਝਾ ਦੇ ਪ੍ਰਵਾਸੀ ਭਾਰਤੀ ਮਨੋਹਰ ਸਿੰਘ ਖਹਿਰਾ ਦੀ ਮਾਂ ਖੇਡ ਕਬੱਡੀ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਵਿਧਾਇਕ ਤੇ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਕਲਚਰ ਪੈਦਾ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਨੀਵੀ ਖੇਡ ਨੀਤੀ ਹੋਂਦ ਵਿੱਚ ਲਿਆਂਦੀ ਗਈ ਹੈ। ਉਨਾਂ ਕਿਹਾ ਕਿ ਮੈਂ ਅੱਜ ਜੋ ਵੀ ਹਾਂ ਖੇਡਾਂ ਕਰਕੇ ਹਾਂ, ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ।
ਪੰਜਾਬ ਵਿੱਚ ਪਿਛਲੇ ਕੁਝ ਸਾਲਾਂ ਤੋਂ ਕਬੱਡੀ ਵਿਸ਼ਵ ਕੱਪ ਨਾ ਹੋਣ ਦੇ ਸੁਆਲ ਤੇ ਗੁਰਲਾਲ ਘਨੌਰ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਇਸ ਸਬੰਧੀ ਗੱਲ ਕਰਕੇ ਕੋਸ਼ਿਸ਼ ਕਰਨਗੇ ਉਨ੍ਹਾਂ ਦੇ ਦਿਸ਼ਾ ਨਿਰਦੇਸ਼ ਹੋਏ ਤਾਂ ਜ਼ਰੂਰ ਕਰਵਾਵਾਂਗੇ ਕਬੱਡੀ ਵਰਲਡ ਕੱਪ। ਪੰਜਾਬ ਵਿੱਚ ਖੇਡ ਮੰਤਰੀ ਨਾ ਹੋਣ ਤੇ ਉਨਾਂ ਕਿਹਾ ਕਿ ਮੁੱਖ ਮੰਤਰੀ ਸਾਬ ਖੇਡ ਵਿਭਾਗ ਵੀ ਖੁਦ ਹੀ ਦੇਖਦੇ ਹਨ।
ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਮਨੋਹਰ ਖਹਿਰਾ, ਗੁਰਮੀਤ ਖਹਿਰਾ, ਸਰਪੰਚ ਕੁਲਵਿੰਦਰ ਸਿੰਘ,ਨਵ ਖਹਿਰਾ ਆਦਿ ਨੇ ਸਮੂਹ ਖਿਡਾਰੀਆਂ, ਦਰਸ਼ਕਾਂ ਤੇ ਕਬੱਡੀ ਕੱਪ ਵਿੱਚ ਪਹੁੰਚੀਆਂ ਸਿਆਸੀ, ਸਮਾਜਿਕ ਤੇ ਧਾਰਮਿਕ ਹਸਤੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕਬੱਡੀ ਕੱਪ ਦੌਰਾਨ ਜੈਸਮੀਨ ਅਖਤਰ,ਸੱਬਾ ਅਤੇ ਪਰਿੰਜਲ ਦਾ ਖੁੱਲ੍ਹਾ ਅਖਾੜਾ ਲਗਾਇਆ ਗਿਆ।