Tarntaran by-Election : ਮਾਨ ਦਲ ਨੇ ਅੰਮ੍ਰਿਤਪਾਲ ਨੂੰ ਦਿੱਤਾ ‘ਧੋਬੀ ਪਟਕਾ’?
ਤਰਨਤਾਰਨ ਜ਼ਿਮਨੀ ਚੋਣਾਂ ਦੀ ਭਾਵੇਂ ਹਾਲੇ ਕੋਈ ਤੈਅ ਨਹੀਂ ਹੋਈ ਪਰ ਉਸ ਤੋਂ ਪਹਿਲਾਂ ਹੀ ਇਸ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਏ ਕਿਉਂਕਿ ਦੋ ਸਿਆਸੀ ਪਾਰਟੀਆਂ ਤੋਂ ਬਾਅਦ ਹੁਣ ਸਿੱਖ ਪੰਥ ਵਿਚ ਵੱਡਾ ਰੁਤਬਾ ਰੱਖਣ ਵਾਲੇ ਸ਼ਹੀਦ ਦੀ ਧੀ ਨੇ ਵੀ ਤਰਨਤਾਰਨ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਏ, ਜਿਸ ਨੇ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ।
ਚੰਡੀਗੜ੍ਹ : ਤਰਨਤਾਰਨ ਜ਼ਿਮਨੀ ਚੋਣਾਂ ਦੀ ਭਾਵੇਂ ਹਾਲੇ ਕੋਈ ਤੈਅ ਨਹੀਂ ਹੋਈ ਪਰ ਉਸ ਤੋਂ ਪਹਿਲਾਂ ਹੀ ਇਸ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਏ ਕਿਉਂਕਿ ਦੋ ਸਿਆਸੀ ਪਾਰਟੀਆਂ ਤੋਂ ਬਾਅਦ ਹੁਣ ਸਿੱਖ ਪੰਥ ਵਿਚ ਵੱਡਾ ਰੁਤਬਾ ਰੱਖਣ ਵਾਲੇ ਸ਼ਹੀਦ ਦੀ ਧੀ ਨੇ ਵੀ ਤਰਨਤਾਰਨ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਏ, ਜਿਸ ਨੇ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ। ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਤਰਨਤਾਰਨ ਵਿਚ ਮਾਨ ਦਲ ਵੱਲੋਂ ਅੰਮ੍ਰਿਤਪਾਲ ਨੂੰ ਮਾਤ ਦੇਣ ਲਈ ਵੱਡੀ ਸਿਆਸਤ ਖੇਡੀ ਜਾ ਰਹੀ ਐ। ਮੌਜੂਦਾ ਸਮੇਂ ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਕੀ ਚੱਲ ਰਹੀ ਐ ਸਿਆਸਤ, ਦੇਖੋ ਸਾਡੀ ਇਹ ਖ਼ਾਸ ਰਿਪੋਰਟ।
ਤਰਨਤਾਰਨ ਜ਼ਿਮਨੀ ਚੋਣ ਕਦੋਂ ਹੋਵੇਗੀ, ਇਸ ਬਾਰੇ ਤਾਂ ਹਾਲੇ ਕੁੱਝ ਪਤਾ ਨਹੀਂ ਪਰ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਏ। ਜਿੱਥੇ ਦੋ ਪਾਰਟੀਆਂ ਬਾਦਲ ਦਲ ਅਤੇ ਭਾਜਪਾ ਆਪਣੇ ਉਮੀਦਵਾਰ ਐਲਾਨ ਚੁੱਕੀਆਂ ਨੇ, ਉਥੇ ਹੀ ਹੁਣ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦੀ ਧੀ ਅੰਮ੍ਰਿਤ ਕੌਰ ਮਲੋਆ ਵੱਲੋਂ ਆਜ਼ਾਦ ਤੌਰ ’ਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਏ। ਉਹ ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖ਼ਾਲਸਾ ਦੇ ਭੈਣ ਵੀ ਨੇ।
ਅੰਮ੍ਰਿਤ ਕੌਰ ਮਲੋਆ ਵੱਲੋਂ ਆਜ਼ਾਦ ਚੋਣ ਲੜਨ ਦੇ ਐਲਾਨ ਪਿੱਛੇ ਇਕ ਵੱਡੀ ਸਿਆਸਤ ਦਿਖਾਈ ਦੇ ਰਹੀ ਐ। ਦਰਅਸਲ ਅੰਮ੍ਰਿਤ ਕੌਰ ਮਲੋਆ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਜੁੜੀ ਹੋਈ ਐ ਪਰ ਉਨ੍ਹਾਂ ਵੱਲੋਂ ਪਾਰਟੀ ਦੀ ਟਿਕਟ ’ਤੇ ਚੋਣ ਲੜਨ ਦੀ ਬਜਾਏ ਆਜ਼ਾਦ ਚੋਣ ਕਿਉਂ ਲੜੀ ਜਾ ਰਹੀ ਐ? ਇਹ ਸਵਾਲ ਵੱਡੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਏ। ਕੁੱਝ ਸਿਆਸੀ ਮਾਹਿਰਾਂ ਦਾ ਕਹਿਣਾ ਏ ਕਿ ਇਸ ਐਲਾਨ ਦੇ ਪਿੱਛੇ ਮਾਨ ਦਲ ਦੀ ਵੱਡੀ ਸਿਆਸਤ ਛੁਪੀ ਹੋਈ ਐ, ਜਿਸ ਦੇ ਜ਼ਰੀਏ ਉਨ੍ਹਾਂ ਵੱਲੋਂ ਅੰਮ੍ਰਿਤਪਾਲ ਧੜੇ ਨੂੰ ਮਾਤ ਦੇਣ ਦੀ ਤਿਆਰੀ ਕੀਤੀ ਜਾ ਰਹੀ ਐ।
ਇਹ ਮੰਨਿਆ ਜਾ ਰਿਹਾ ਏ ਕਿ ਅੰਮ੍ਰਿਤ ਕੌਰ ਮਲੋਆ ਨੂੰ ਮਾਨ ਦਲ ਵੱਲੋਂ ਹੀ ਆਜ਼ਾਦ ਤੌਰ ’ਤੇ ਚੋਣ ਮੈਦਾਨ ਵਿਚ ਉਤਾਰਿਆ ਗਿਆ ਏ ਤਾਂ ਜੋ ਪਾਰਟੀ ਦਾ ਠੱਪਾ ਨਾ ਹੋਣ ਕਾਰਨ ਸਾਰੇ ਪੰਥਕ ਦਲ ਅਤੇ ਜਥੇਬੰਦੀਆਂ ਉਸ ਦੀ ਜਮ ਕੇ ਸੁਪੋਰਟ ਕਰਨ,,, ਕੋਈ ਪਾਰਟੀਬਾਜ਼ੀ ਵਾਲਾ ਮਸਲਾ ਹੀ ਨਾ ਰਹੇ। ਅੰਮ੍ਰਿਤ ਕੌਰ ਵੱਲੋਂ ਇਹ ਐਲਾਨ ਅਜਿਹੇ ਸਮੇਂ ਕੀਤਾ ਗਿਆ ਏ, ਜਦੋਂ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਹਾਲੇ ਤੱਕ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ।
ਹਾਲਾਂਕਿ ਪਹਿਲਾਂ ਖ਼ਬਰਾਂ ਇਹ ਆ ਰਹੀਆਂ ਸੀ ਕਿ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਉਮੀਦਵਾਰ ਬਣਾਇਆ ਜਾ ਰਿਹਾ ਏ,, ਪਰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਪ੍ਰਮੁੱਖ ਬੁਲਾਰੇ ਜਗਦੀਪ ਸਿੰਘ ਧੁੰਦਾ ਨੇ ਇਕ ਪੋਸਟ ਜ਼ਰੀਏ ਸਭ ਕੁੱਝ ਸਾਫ਼ ਕਰ ਦਿੱਤਾ ਕਿ ਬੀਬੀ ਖਾਲੜਾ ਕੋਈ ਚੋਣ ਨਹੀਂ ਲੜ ਰਹੇ ਅਤੇ ਨਾ ਹੀ ਉਨ੍ਹਾਂ ਵੱਲੋਂ ਭਵਿੱਖ ਵਿਚ ਕੋਈ ਚੋਣ ਲੜੀ ਜਾਵੇਗੀ।
ਬੀਬੀ ਖਾਲੜਾ ਦੇ ਇਨਕਾਰ ਮਗਰੋਂ ਜ਼ਾਹਿਰ ਤੌਰ ’ਤੇ ਅੰਮ੍ਰਿਤਪਾਲ ਧੜੇ ਵੱਲੋਂ ਕੋਈ ਦੂਜਾ ਉਮੀਦਵਾਰ ਲੱਭਿਆ ਜਾ ਰਿਹਾ ਹੋਵੇਗਾ, ਪਰ ਇਸੇ ਦੌਰਾਨ ਸਾਂਸਦ ਸਰਬਜੀਤ ਸਿੰਘ ਖ਼ਾਲਸਾ ਦੀ ਭੈਣ ਅੰਮ੍ਰਿਤ ਕੌਰ ਮਲੋਆ ਨੇ ਆਜ਼ਾਦ ਤੌਰ ’ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ, ਜੋ ਅੰਮ੍ਰਿਤਪਾਲ ਦੀ ਪਾਰਟੀ ਲਈ ਵੱਡੀਆਂ ਮੁਸ਼ਕਲਾਂ ਪੈਦਾ ਕਰ ਸਕਦਾ ਏ।
ਹੁਣ ਜੇਕਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਕੋਈ ਆਪਣਾ ਉਮੀਦਵਾਰ ਐਲਾਨ ਕੀਤਾ ਗਿਆ ਤਾਂ ਇਸ ਨਾਲ ਕੌਮ ਵਿਚ ਵੱਡੀ ਦੁਵਿਧਾ ਪੈਦਾ ਹੋ ਜਾਵੇਗੀ। ਲੋਕਾਂ ਨੂੰ ਸਮਝ ਨਹੀਂ ਲੱਗੇਗੀ ਕਿ ਉਹ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦੀ ਧੀ ਨਾਲ ਖੜ੍ਹਨ ਜਾਂ ਫਿਰ ਉਨ੍ਹਾਂ ਦੇ ਪੁੱਤਰ ਨਾਲ? ਇੱਥੇ ਹੀ ਬਸ ਨਹੀਂ, ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜੇਕਰ ਹੁਣ ਆਪਣਾ ਕੋਈ ਉਮੀਦਵਾਰ ਐਲਾਨ ਕੀਤਾ ਗਿਆ ਤਾਂ ਇਸ ਨਾਲ ਪਾਰਟੀ ਦੀ ਮੰਨਸ਼ਾ ’ਤੇ ਸਵਾਲ ਉਠਣੇ ਲਾਜ਼ਮੀ ਨੇ ਕਿ ਅੰਮ੍ਰਿਤਪਾਲ ਦੀ ਪਾਰਟੀ ਨੂੰ ਪੰਥ ਨਾਲ ਕੋਈ ਲਗਾਅ ਨਹੀਂ ਬਲਕਿ ਉਹ ਵੀ ਦੂਜੀਆਂ ਪਾਰਟੀਆਂ ਦੀ ਤਰ੍ਹਾਂ ਸਿਰਫ਼ ਤੇ ਸਿਰਫ਼ ਕੁਰਸੀ ਦੇ ਚੱਕਰ ਵਿਚ ਪਈ ਹੋਈ ਐ,,,ਕਿਉਂਕਿ ਦੇਖਿਆ ਜਾਵੇ ਤਾਂ ਬੀਬੀ ਅੰਮ੍ਰਿਤ ਕੌਰ ਮਲੋਆ ਤੋਂ ਬਿਹਤਰ ਪੰਥਕ ਉਮੀਦਵਾਰ ਹੋਰ ਕੋਈ ਨਹੀਂ ਹੋ ਸਕਦਾ।
ਇਹ ਕਿਹਾ ਜਾ ਰਿਹਾ ਏ ਕਿ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਆਪਣਾ ਉਮੀਦਵਾਰ ਨਾ ਐਲਾਨ ਕਰਕੇ ਬੀਬੀ ਮਲੋਆ ਨੂੰ ਸੁਪੋਰਟ ਕੀਤੀ ਜਾਵੇਗੀ,, ਪਰ ਜੇਕਰ ਅੰਮ੍ਰਿਤਪਾਲ ਧੜੇ ਨੇ ਬੀਬੀ ਮਲੋਆ ਨੂੰ ਦਰਕਿਨਾਰ ਕੀਤਾ ਤਾਂ ਪਾਰਟੀ ਦਾ ਸਵਾਲਾਂ ਦੇ ਘੇਰੇ ਵਿਚ ਘਿਰਨਾ ਲਾਜ਼ਮੀ ਐ। ਜਿਸ ਵਿਚ ਵੱਡਾ ਸਵਾਲ ਇਹੀ ਹੋਵੇਗਾ,,,, ਕੀ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਦੀ ਧੀ ਬੀਬੀ ਮਲੋਆ ਦਾ ਸਤਿਕਾਰ ਨਹੀਂ ਕਰਦੀ? ਇਸ ਦਾ ਜਵਾਬ ਵੀ ਅੰਮ੍ਰਿਤਪਾਲ ਦੀ ਪਾਰਟੀ ਨੂੰ ਫਿਰ ਤਿਆਰ ਰੱਖਣਾ ਹੋਵੇਗਾ।
ਮੌਜੂਦਾ ਸਮੇਂ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਆਪਣੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਏ ਕਿਉਂਕਿ ਇਹ ਵਿਧਾਨ ਸਭਾ ਜ਼ਿਮਨੀ ਚੋਣ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਲੋਕ ਸਭਾ ਹਲਕੇ ਵਿਚ ਪੈਂਦੇ ਤਰਨਤਾਰਨ ਵਿਚ ਹੋਣ ਜਾ ਰਹੀ ਐ, ਜਿੱਥੋਂ ਅੰਮ੍ਰਿਤਪਾਲ ਸਿੰਘ ਨੇ ਇਤਿਹਾਸਕ ਜਿੱਤ ਦਰਜ ਕੀਤੀ ਸੀ। ਅੰਮ੍ਰਿਤਪਾਲ ਦੀ ਪਾਰਟੀ ਨੂੰ ਪੂਰੀ ਉਮੀਦ ਐ ਕਿ ਜੇਕਰ ਤਰਨਤਾਰਨ ਤੋਂ ਕਿਸੇ ਚੰਗੇ ਉਮੀਦਵਾਰ ਨੂੰ ਖੜ੍ਹਾ ਕੀਤਾ ਗਿਆ ਤਾਂ ਤਰਨਤਾਰਨ ਦੇ ਲੋਕ ਜਿੱਤ ਉਨ੍ਹਾਂ ਦੀ ਝੋਲੀ ਪਾਉਣਗੇ।
ਉਧਰ ਬੀਬੀ ਅੰਮ੍ਰਿਤ ਕੌਰ ਮਲੋਆ ਵੱਲੋਂ ਵੀ ਇਕ ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਸਾਰੀਆਂ ਪਾਰਟੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ ਐ। ਉਨ੍ਹਾਂ ਦਾ ਕਹਿਣਾ ਏ ਕਿ ਉਨ੍ਹਾਂ ਦੀ ਮਾਤਾ ਬੀਬੀ ਬਿਮਲ ਕੌਰ ਖ਼ਾਲਸਾ ਵੱਲੋਂ ਵੀ ਆਜ਼ਾਦ ਤੌਰ ’ਤੇ ਚੋਣ ਲੜੀ ਗਈ ਸੀ, ਇਸ ਕਰਕੇ ਉਹ ਵੀ ਆਪਣੀ ਮਾਤਾ ਜੀ ਦੇ ਨਕਸ਼-ਏ-ਕਦਮ ’ਤੇ ਚਲਦਿਆਂ ਆਜ਼ਾਦ ਚੋਣ ਲੜਨ ਜਾ ਰਹੀ ਐ।
ਖ਼ੈਰ,,, ਬੀਬੀ ਅੰਮ੍ਰਿਤ ਕੌਰ ਮਲੋਆ ਵੱਲੋਂ ਪੰਥਕ ਪਾਰਟੀਆਂ ਤੇ ਜਥੇਬੰਦੀਆਂ ਤੋਂ ਮੰਗੇ ਗਏ ਸਹਿਯੋਗ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਦੁਚਿੱਤੀ ਵਿਚ ਫਸਾ ਕੇ ਰੱਖ ਦਿੱਤਾ ਹੈ, ਉਸ ਨੂੰ ਹੁਣ ਸਮਝ ਨਹੀਂ ਆ ਰਹੀ ਕਿ ਉਹ ਆਪਣਾ ਵੱਖਰਾ ਉਮੀਦਵਾਰ ਐਲਾਨ ਕਰੇ ਜਾਂ ਫਿਰ ਸ਼ਹੀਦ ਬੇਅੰਤ ਸਿੰਘ ਦੀ ਧੀ ਬੀਬੀ ਮਲੋਆ ਦੀ ਸੁਪੋਰਟ ਕਰੇ?
ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ