HIMACHAL GOVT. ਵੱਲੋਂ ਐਂਟਰੀ ਫ਼ੀਸ ਵਧਾਉਣ ਖ਼ਿਲਾਫ਼ ਰੋਕੀਆਂ ਕਈਆਂ ਸੜਕਾਂ, ਭਾਰੀ ਜਾਮ

ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਇੱਕ ਅਪ੍ਰੈਲ ਤੋਂ ਐਂਟਰੀ ਟੈਕਸ ਵਧਾਉਣ ਦੇ ਫੈਸਲੇ ਖ਼ਿਲਾਫ਼ ਬੁੱਧਵਾਰ ਸਵੇਰ ਤੋਂ ਹੀ ਪੰਜਾਬ ਵਿਚ ਵੱਡਾ ਵਿਰੋਧ ਸ਼ੁਰੂ ਹੋ ਗਿਆ ਹੈ। ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਆਗੂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਹਿਮਾਚਲ ਨੂੰ ਜਾਣ ਵਾਲੇ ਸਾਰੇ ਮੁੱਖ ਰਾਹ ਬੰਦ ਕਰ ਦਿੱਤੇ ਹਨ

Update: 2026-04-01 09:26 GMT

ਕਿਸਾਨ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਮਿਲ਼ ਕੇ ਕਰ ਰਹੀਆਂ ਰੋਸ ਮੁਜ਼ਾਹਰੇ

CM ਸੁੱਖੂ ਨੇ ਕਿਹਾ ਸੀ ਵਾਧਾ ਵਾਪਸ ਲਿਆ ਪਰ ਚੁੱਪ–ਚੁਪੀਤੇ ਵਧਾ ਦਿੱਤੀ ਫ਼ੀਸ

ਸ੍ਰੀ ਕੀਰਤਪੁਰ ਸਾਹਿਬ: ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਇੱਕ ਅਪ੍ਰੈਲ ਤੋਂ ਐਂਟਰੀ ਟੈਕਸ ਵਧਾਉਣ ਦੇ ਫੈਸਲੇ ਖ਼ਿਲਾਫ਼ ਬੁੱਧਵਾਰ ਸਵੇਰ ਤੋਂ ਹੀ ਪੰਜਾਬ ਵਿਚ ਵੱਡਾ ਵਿਰੋਧ ਸ਼ੁਰੂ ਹੋ ਗਿਆ ਹੈ। ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਆਗੂ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਹਿਮਾਚਲ ਨੂੰ ਜਾਣ ਵਾਲੇ ਸਾਰੇ ਮੁੱਖ ਰਾਹ ਬੰਦ ਕਰ ਦਿੱਤੇ ਹਨ। ਇਸ ਕਾਰਨ ਸੜਕਾਂ ਉਤੇ ਭਾਰੀ ਜਾਮ ਲੱਗ ਗਿਆ ਹੈ ਅਤੇ ਲੋਕਾਂ ਨੂੰ ਬਹੁਤ ਤਕਲੀਫ਼ ਹੋ ਰਹੀ ਹੈ।

ਪ੍ਰਦਰਸ਼ਨਕਾਰੀਆਂ ਨੇ ਅਲਟਰਾਟੈਕ ਫੈਕਟਰੀ ਵੱਲ ਜਾਣ ਵਾਲਾ ਰਸਤਾ, ਭਗੇੜੀ, ਭਰਤਗੜ੍ਹ ਤੋਂ ਹਿਮਾਚਲ ਨੂੰ ਜੋੜਨ ਵਾਲੀ ਪੰਜੈਹਰਾ ਰੋਡ ਅਤੇ ਭਰਤਗੜ੍ਹ ਤੋਂ ਨਾਲਾਗੜ੍ਹ ਵੱਲ ਜਾਣ ਵਾਲੇ ਦਬੋਟਾ ਟੈਕਸ ਬੈਰੀਅਰ 'ਤੇ ਅਣਮਿਥੇ ਸਮੇਂ ਲਈ ਧਰਨਾ ਲਾ ਦਿੱਤਾ ਹੈ। ਇਹ ਧਰਨਾ ਸਵੇਰੇ 9 ਵਜੇ ਤੋਂ ਸ਼ੁਰੂ ਹੋਇਆ।

ਇਸ ਘਟਨਾ ਵਿਚ ਸ੍ਰੀ ਅਨੰਦਪੁਰ ਸਾਹਿਬ ਦੇ ਤਹਿਸੀਲਦਾਰ ਵੀ ਮੌਕੇ ਤੇ ਪਹੁੰਚ ਗਏ ਹਨ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਭਾਰੀ ਤਾਇਨਾਤੀ ਕੀਤੀ ਗਈ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਫਿਲਹਾਲ ਧਰਨਾ ਸ਼ਾਂਤੀਪੂਰਵਕ ਚੱਲ ਰਿਹਾ ਹੈ ਅਤੇ ਆਗੂ ਇਸ ਨੂੰ ਅਣਮਿਥੇ ਸਮੇਂ ਤੱਕ ਜਾਰੀ ਰੱਖਣ ਦਾ ਐਲਾਨ ਕਰ ਚੁੱਕੇ ਹਨ।

ਇਸ ਧਰਨੇ ਨਾਲ ਪੰਜਾਬ-ਹਿਮਾਚਲ ਵਿਚਕਾਰ ਆਵਾਜਾਈ ਪ੍ਰਭਾਵਿਤ ਹੋਈ ਹੈ। ਲੋਕਾਂ ਨੂੰ ਆਪਣੀਆਂ ਲੋੜੀਂਦੀਆਂ ਗੱਡੀਆਂ ਘਰ ਰੱਖਣ ਜਾਂ ਬਦਲਵੇਂ ਰਸਤਿਆਂ ਬਾਰੇ ਸੋਚਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਇਸ ਘਟਨਾ ਨੇ ਇੱਕ ਵਾਰ ਫਿਰ ਰਾਜਾਂ ਵਿਚਾਲੇ ਟੈਕਸ ਅਤੇ ਵਪਾਰ ਨਾਲ ਜੁੜੀਆਂ ਸਮੱਸਿਆਵਾਂ ਉਤੇ ਚਰਚਾ ਛੇੜ ਦਿੱਤੀ ਹੈ। ਧਰਨਾਕਾਰੀਆਂ ਨੇ ਸਾਫ਼ ਕਿਹਾ ਹੈ ਕਿ ਉਨ੍ਹਾਂ ਦੀ ਲੜਾਈ ਸਿਰਫ਼ ਆਮ ਲੋਕਾਂ ਲਈ ਹੈ ਅਤੇ ਉਹ ਹਿਮਾਚਲ ਸਰਕਾਰ ਤੋਂ ਤੁਰੰਤ ਫੈਸਲਾ ਵਾਪਸ ਲੈਣ ਦੀ ਮੰਗ ਕਰ ਰਹੇ ਹਨ।

ਸਥਾਨਕ ਲੋਕਾਂ, ਟਰੱਕ ਆਪਰੇਟਰਾਂ ਅਤੇ ਟੈਕਸੀ ਯੂਨੀਅਨਾਂ ਨੇ ਇਸ ਧਰਨੇ ਦਾ ਪੂਰਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਵਧੇ ਹੋਏ ਟੈਕਸ ਨਾਲ ਆਮ ਲੋਕਾਂ ਅਤੇ ਵਪਾਰੀਆਂ ਉਤੇ ਬੋਝ ਵਧ ਰਿਹਾ ਹੈ। ਹਿਮਾਚਲ ਸਰਕਾਰ ਨੇ ਸਰਹੱਦ ਤੋਂ 5 ਕਿਲੋਮੀਟਰ ਅੰਦਰ ਰਹਿਣ ਵਾਲੇ ਲੋਕਾਂ ਲਈ ਪਾਸ ਦੀ ਗੱਲ ਕੀਤੀ ਸੀ, ਪਰ ਧਰਨਾਕਾਰੀ ਇਸ ਗੱਲ ਤੇ ਵਿਸ਼ਵਾਸ ਨਹੀਂ ਕਰ ਰਹੇ ਅਤੇ ਉਨ੍ਹਾਂ ਨੇ ਵਧੀਆਂ ਦਰਾਂ ਵਾਪਸ ਲੈਣ ਦੀ ਮੰਗ ਕੀਤੀ ਹੈ।

ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਮੌਕੇ 'ਤੇ ਦੱਸਿਆ ਕਿ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਬਿਆਨ ਦਿੱਤਾ ਸੀ ਕਿ ਵਧਾਏ ਗਏ ਟੈਕਸ ਵਾਪਸ ਲੈ ਲਏ ਗਏ ਹਨ ਅਤੇ ਪੁਰਾਣੇ ਰੇਟਾਂ 'ਤੇ ਹੀ ਟੈਕਸ ਲਿਆ ਜਾਵੇਗਾ। ਪਰ ਅੱਜ ਸਵੇਰੇ ਟੋਲ ਬੈਰੀਅਰ 'ਤੇ ਵਧੇ ਹੋਏ ਰੇਟ ਲਾਗੂ ਕਰ ਦਿੱਤੇ ਗਏ ਹਨ। ਇਸ ਤੋਂ ਬਾਅਦ ਕਿਸਾਨਾਂ ਅਤੇ ਆਗੂਆਂ ਦਾ ਗੁੱਸਾ ਭੜਕ ਉੱਠਿਆ ਅਤੇ ਉਨ੍ਹਾਂ ਨੇ ਰਾਹ ਬੰਦ ਕਰ ਦਿੱਤੇ। ਗੌਰਵ ਰਾਣਾ ਨੇ ਕਿਹਾ ਕਿ ਜਦੋਂ ਤੱਕ ਹਿਮਾਚਲ ਸਰਕਾਰ ਇਹ ਫੈਸਲਾ ਪੂਰੀ ਤਰ੍ਹਾਂ ਵਾਪਸ ਨਹੀਂ ਲੈਂਦੀ, ਧਰਨਾ ਦਿਨ-ਰਾਤ ਜਾਰੀ ਰਹੇਗਾ।

ਇਸ ਧਰਨੇ ਵਿਚ ਬਹੁਤ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹਨ। ਇਨ੍ਹਾਂ ਵਿਚ ਹਰਪ੍ਰੀਤ ਸਿੰਘ, ਸੇਠੀ ਸ਼ਰਮਾ, ਅਮਿਤੋਜ ਮਾਨ, ਭਾਜਪਾ ਆਗੂ ਅਰਵਿੰਦ ਮਿੱਤਲ, ਹਿਮਾਚਲ ਪ੍ਰਦੇਸ਼ ਜ਼ਿਲ੍ਹਾ ਪਰਿਸ਼ਦ ਦੇ ਉਪ ਪ੍ਰਧਾਨ ਮਾਨ ਸਿੰਘ ਧੀਮਾਨ, ਮਾਸਟਰ ਗੁਰਨੈਬ ਸਿੰਘ ਜੇਤੇਵਾਲ, ਰਕੇਸ਼ ਭਾਰਦਵਾਜ, ਗੁਰਚਰਨ ਸਿੰਘ ਸ਼ਾਦੀ, ਚੌਧਰੀ ਦੇਸ ਰਾਜ ਅਤੇ ਹੋਰ ਕਈ ਕਿਸਾਨ ਆਗੂ ਅਤੇ ਇਲਾਕਾ ਨਿਵਾਸੀ ਸ਼ਾਮਲ ਹਨ। ਧਰਨੇ ਦੌਰਾਨ ਹਿਮਾਚਲ ਸਰਕਾਰ ਵਿਰੋਧੀ ਨਾਅਰੇ ਲਗਾਏ ਗਏ ਅਤੇ ਰੋਸ ਪ੍ਰਗਟਾਇਆ ਗਿਆ।

ਧਰਨਾਕਾਰੀਆਂ ਨੇ ਇੱਕ ਗੱਲ ਸਾਫ਼ ਕੀਤੀ ਹੈ ਕਿ ਉਹ ਲੋਕਾਂ ਨੂੰ ਤਕਲੀਫ ਨਹੀਂ ਦੇਣਾ ਚਾਹੁੰਦੇ। ਇਸ ਲਈ ਇਲਾਜ ਲਈ ਜਾਣ ਵਾਲੀਆਂ ਐਂਬੂਲੈਂਸਾਂ ਅਤੇ ਐਮਰਜੈਂਸੀ ਵਾਹਨਾਂ ਨੂੰ ਰਸਤਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗੈਸ, ਪੈਟਰੋਲ ਵਰਗੀਆਂ ਜ਼ਰੂਰੀ ਵਸਤਾਂ ਲੈ ਕੇ ਜਾਣ ਵਾਲੇ ਟਰੱਕਾਂ ਲਈ ਵੀ ਰਸਤਾ ਖੋਲ੍ਹਿਆ ਜਾ ਰਿਹਾ ਹੈ। ਪਰ ਆਮ ਗੱਡੀਆਂ ਅਤੇ ਵਾਹਨਾਂ ਨੂੰ ਰੋਕਿਆ ਜਾ ਰਿਹਾ ਹੈ। ਇਸ ਕਾਰਨ ਸੜਕਾਂ ਉਤੇ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ।

Tags:    

Similar News