ਅੰਮ੍ਰਿਤਪਾਲ ਦੀ ਕਾਨਫਰੰਸ ’ਚੋਂ ਦੇਖੋ ਕਿਸ ਦੇ ਬਾਈਕਾਟ ਦਾ ਹੋਇਆ ਐਲਾਨ

ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਅਤੇ ਮਾਤਾ ਭਾਗ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਾਘੀ ਮੇਲੇ ’ਤੇ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਧੜੇ ਵੱਲੋਂ ਕਾਨਫਰੰਸ ਕੀਤੀ ਗਈ। ਇਸ ਦੌਰਾਨ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦਾ ਐਲਾਨ ਕੀਤਾ ਗਿਆ।;

Update: 2025-01-14 11:28 GMT

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿਖੇ 40 ਮੁਕਤਿਆਂ ਅਤੇ ਮਾਤਾ ਭਾਗ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਾਘੀ ਮੇਲੇ ’ਤੇ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਧੜੇ ਵੱਲੋਂ ਕਾਨਫਰੰਸ ਕੀਤੀ ਗਈ। ਇਸ ਦੌਰਾਨ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦਾ ਐਲਾਨ ਕੀਤਾ ਗਿਆ। ਸਟੇਜ ਤੋਂ ਸੰਬੋਧਨ ਕਰਦਿਆਂ ਆਗੂਆਂ ਨੇ ਪਾਰਟੀ ਦਾ ਕੰਮਕਾਜ ਚਲਾਉਣ ਲਈ ਜਿੱਥੇ 5 ਮੈਂਬਰੀ ਕਮੇਟੀ ਦਾ ਐਲਾਨ ਕੀਤਾ, ਉਥੇ ਹੀ 10 ਮਤਿਆਂ ਰਾਹੀਂ ਪਾਰਟੀ ਵੱਲੋਂ ਕੀਤੇ ਜਾਣ ਵਾਲੇ ਕੰਮਕਾਰਾਂਾ ’ਤੇ ਵੀ ਚਾਨਣਾ ਪਾਇਆ।

ਮਤਾ ਨੰਬਰ 1 : ਪੰਜ ਮੈਂਬਰੀ ਕਾਰਜਕਾਰੀ ਕਮੇਟੀ : ਬਾਪੂ ਤਰਸੇਮ ਸਿੰਘ ਤੇ ਸਾਂਸਦ ਸਰਬਜੀਤ ਸਿੰਘ ਖ਼ਾਲਸਾ, ਭਾਈ ਅਮਰਜੀਤ ਸਿੰਘ, ਹਰਭਜਨ ਸਿੰਘ ਤੁੜ, ਭਾਈ ਸੁਰਜੀਤ ਸਿੰਘ ਕਮੇਟੀ ਮੈਂਬਰ ਹੋਣਗ॥

ਮਤਾ ਨੰ:2 : ਭਰਤੀ ਕਮੇਟੀ : 7 ਮੈਂਬਰੀ ਭਰਤੀ ਕਮੇਟੀ ਬਣਾਈ ਗਈ, ਜੋ ਅਗਲੇ ਤਿੰਨ ਮਹੀਨਿਆਂ ਵਿਚ ਮੈਂਬਰਾਂ ਦੀ ਭਰਤੀ ਕਰੇਗੀ। ਫਿਰ ਡੈਲੀਗੇਟ ਚੁਣੇਗੀ,, ਵਿਸਾਖੀ ਮੌਕੇ ਸ੍ਰੀ ਦਮਦਮਾ ਸਾਹਿਬ ਵਿਖੇ ਡੈਲੀਗੇਟ ਇਜਲਾਸ ਸੱਦ ਕੇ ਹੋਰ ਅਹੁਦੇਦਾਰਾਂ ਦੀ ਚੋਣ ਕਰਵਾਏਗੀ।

ਸੱਤ ਮੈਂਬਰੀ ਕਮੇਟੀ ਦੇ ਮੈਂਬਰ : ਭਾਈ ਹਰਪ੍ਰੀਤ ਸਿੰਘ ਸਮਾਧ ਭਾਈ, ਨਰਿੰਦਰ ਸਿੰਘ ਨਾਰਲੀ, ਭਾਈ ਚਰਨਜੀਤ ਸਿੰਘ ਭਿੰਡਰ, ਭਾਈ ਦਵਿੰਦਰ ਸਿੰਘ ਹਰੀਏਵਾਲ, ਭਾਈ ਸੰਦੀਪ ਸਿੰਘ ਰੁਪਾਲੋਂ, ਭਾਈ ਹਰਪ੍ਰੀਤ ਸਿੰਘ, ਕਾਬਲ ਸਿੰਘ ਹੋਣਗੇ।

ਮਤਾ ਨੰ 3 : ਸੰਵਿਧਾਨ ਘਾੜੀ ਅਤੇ ਏਜੰਡਾ ਕਮੇਟੀ ਬਣਾਈ ਗਈ। ਜਿਸ ਵਿਚ ਹਰਸਿਮਰਨ ਸਿੰਘ, ਸਰਬਜੀਤ ਸਿੰਘ ਸੋਹਲ, ਡਾ. ਭਗਵਾਨ ਸਿੰਘ, ਬਲਜੀਤ ਸਿੰਘ ਖਾਲਸਾ, ਬਾਬੂ ਸਿੰਘ ਬਰਾੜ ਦੇ ਨਾਂਅ ਸ਼ਾਮਲ ਹਨ। ਇਸ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਹੋਰ ਵਿਦਵਾਨਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

ਮਤਾ ਨੰ:4 : ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨਾ : ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਕੰਮ ਕਰੇਗੀ, ਜਿਸ ਦੇ ਲਈ ਉਹ ਸਿੱਖ ਜਥੇਬੰਦੀਆਂ ਨੂੰ ਇਕ ਮੰਚ ’ਤੇ ਲਿਆਉਣ ਲਈ ਸਿਰਤੋੜ ਯਤਨ ਕਰੇਗੀ। ਸ਼੍ਰੋਮਣੀ ਕਮੇਟੀ ਨੂੰ ਸਹੀ ਅਰਥਾਂ ਵਿਚ ਸਿੱਖਾਂ ਦੀ ਜਥੇਬੰਦੀ ਬਣਾਇਆ ਜਾਵੇਗਾ।

ਮਤਾ ਨੰ:5 : ਰਾਜਨੀਤਕ ਮਤਾ ਬਦਲਵੀਂ ਸਿੱਖ ਰਾਜਨੀਤੀ ਦਾ ਬਿਰਤਾਂਤ : ਅਕਾਲੀ ਦਲ ਬਾਦਲ ਦੇ ਮੌਜੂਦਾ ਸਮੇਂ ਲੋਕਾਂ ਦੇ ਮਨਾਂ ਤੋਂ ਲਹਿ ਜਾਣ ਕਾਰਨ ਪੈਦਾ ਹੋਏ ਖਲਾਅ ਨੂੰ ਭਰਨ ਲਈ ਬਦਲਵੀਂ ਜਥੇਬੰਦੀ, ਬਦਲਵੀਂ ਰਾਜਨੀਤੀ ਅਤੇ ਏਜੰਡੇ ਦੀ ਬੇਹੱਦ ਲੋੜ ਮਹਿਸੂਸ ਕੀਤੀ ਜਾ ਰਹੀ ਐ। ਪੰਜਾਬ ਅਤੇ ਪੰਜਾਬ ਦੇ ਅਧਿਕਾਰਾਂ ਦੀ ਪ੍ਰਾਪਤੀ ਲਈ ਪਿਛਲੇ ਦਹਾਕਿਆਂ ਤੋਂ ਸਿੱਖਾਂ ਨੇ ਜੋ ਸੰਘਰਸ਼ ਲੜੇ, ਹਜ਼ਾਰਾਂ ਸਿੱਖਾਂ ਦੀਆਂ ਜਾਨਾਂ ਗਈਆਂ, ਜਿਸ ਨਾਲ ਸਿੱਖ ਪੰਥ ਦੀ ਵੱਡੀ ਵਿਰਾਸਤ ਸਿਰਜੀ ਗਈ ਹੈ, ਇਸ ਨੂੰ ਬਰਕਰਾਰ ਰੱਖਣ ਲਈ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪੂਰਾ ਯਤਨ ਕਰੇਗਾ। ਇਹ ਪਾਰਟੀ ਪੰਜਾਬ ਦੇ ਸਾਰੇ ਵਰਗਾਂ ਦੇ ਲੋਕਾਂ ਦੀ ਹਿੱਤਾਂ ਦੀ ਰਾਖੀ ਕਰੇਗੀ।

ਮਤਾ ਨੰ: 6 : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਰੀ ਪੀਰੀ ਸਿਧਾਂਤ ਦੀ ਰਾਖੀ : ਅੱਜ ਦਾ ਇਕੱਠ 2 ਦਸੰਬਰ ਨੂੰ ਹੋਏ ਫ਼ੈਸਲਿਆਂ ਦੀ ਭਰਪੂਰ ਸ਼ਲਾਘਾ ਕਰਦਾ ਹੈ। ਇਨ੍ਹਾਂ ਇਤਿਹਾਸ ਫ਼ੈਸਲਿਆਂ ਨਾਲ ਪੰਚ ਪ੍ਰਧਾਨੀ ਮਾਣ ਮਰਿਆਦਾ ਵਧਾਉਣ ਵਾਲੇ ਜਥੇਦਾਰ ਸਾਹਿਬਾਨ ਕੌਮੀ ਸਨਮਾਨ ਦੇ ਪਾਤਰ ਹਨ। ਅੱਜ ਦਾ ਇਕੱਠ ਐਲਾਨ ਕਰਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਰੀ ਅਤੇ ਪੀਰੀ ਦੇ ਸਿਧਾਂਤ ਅਨੁਸਾਰ ਅਕਾਲੀ ਦਲ ਦੇ ਕੁੱਝ ਆਗੂਆਂ ਨੂੰ ਦੋ ਦਸੰਬਰ 2024 ਨੂੰ ਦਿੱਤੇ ਗਏ ਆਦੇਸ਼ਾਂ ’ਤੇ ਫੁੱਲ ਚੜ੍ਹਾਉਂਦਿਆਂ ਹੁਕਮਨਾਮੇ ਤੋਂ ਬੇਮੁੱਖ ਹੋਏ ਇਨ੍ਹਾਂ ਲੋਕਾਂ ਨੂੰ ਕਿਸੇ ਵੀ ਖੇਤਰ ਵਿਚ ਮੂੰਹ ਨਾ ਲਾਇਆ ਜਾਵੇ ਅਤੇ ਇਨ੍ਹਾਂ ਦੇ ਮੁਕੰਮਲ ਬਾਈਕਾਟ ਦਾ ਐਲਾਨ ਕਰਦਾ ਹੈ।

ਮਤਾ ਨੰ:7 : ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ : ਅੱਜ ਦਾ ਇਕੱਠ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਾ ਹੈ ਅਤੇ ਉਨ੍ਹਾਂ ਸਰਕਾਰਾਂ ਦੀ ਨਿਖੇਧੀ ਕਰਦਾ ਹੈ ਜੋ ਬੰਦੀ ਸਿੰਘਾਂ ਦੀ ਆਵਾਜ਼ ਨਹੀਂ ਚੁੱਕਣ ਦੇ ਰਹੀਆਂ। ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਾਂਤਮਈ ਸੰਘਰਸ਼ ਓਨੀ ਦੇਰ ਤੱਕ ਚਲਦਾ ਰਹੇਗਾ ਜਦੋਂ ਤੱਕ ਸਾਰੇ ਬੰਦੀ ਸਿੰਘ ਰਿਹਾਅ ਨਹੀਂ ਹੋ ਜਾਂਦੇ।

ਮਤਾ ਨੰ :8 : ਨਸਲਾਂ ਅਤੇ ਫ਼ਸਲਾਂ ਨੂੰ ਬਚਾਉਣ ਲਈ ਕਿਸਾਨੀ ਸੰਘਰਸ਼ ਦੀ ਹਮਾਇਤ

ਮਤਾ ਨੰ:9 : ਸਿੱਖ ਕੌਮ ਨੂੰ ਏਕਤਾ ਦੀ ਅਪੀਲ

ਮਤਾ ਨੰ:10 : ਸ੍ਰੀ ਆਨੰਦਪੁਰ ਸਾਹਿਬ ਵਾਪਸੀ : ਨਸ਼ੇ ਵਿਚ ਫਸਦੀ ਜਾ ਰਹੀ ਨੌਜਵਾਨੀ ਨੂੰ ਬਚਾਉਣ ਲਈ ਪਾਰਟੀ ਕੰਮ ਕਰੇਗੀ ਅਤੇ ਸਿੱਖੀ ਤੋਂ ਬੇਮੁਖ ਹੋਈ ਨੌਜਵਾਨਾਂ ਦੀ ਧਰਮ ਵੱਲ ਵਾਪਸੀ ਕਰਵਾਈ ਜਾਵੇਗੀ।

ਇਸ ਮੌਕੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਆਖਿਆ ਸਾਡਾ ਪਾਣੀ, ਸਾਡੀ ਧਰਤੀ, ਸਾਡੇ ਲੋਕ ਕੋਈ ਵੀ ਸੁਰੱਖਿਅਤ ਨਹੀਂ ਐ, ਜਿਸ ’ਤੇ ਅੱਜ ਪਹਿਰਾ ਦੇਣ ਦੀ ਲੋੜ ਐ। ਜਿਸ ਕਰਕੇ ਇਹ ਸਾਰਿਆਂ ਦਾ ਸਾਂਝਾ ਪਲੇਟਫਾਰਮ ਬਣਾਇਆ ਗਿਆ ਹੈ ਤਾਂ ਜੋ ਗੁਰਾਂ ਦੇ ਨਾਂਅ ’ਤੇ ਵਸਦੇ ਪੰਜਾਬ ਨੂੰ ਬਚਾਇਆ ਜਾ ਸਕੇ। ਤਰਸੇਮ ਸਿੰਘ ਵੱਲੋਂ ਪਾਰਟੀ ਦੀ ਮੈਂਬਰਸ਼ਿਪ ਦਾ ਫਾਰਮ ਵੀ ਲਾਂਚ ਕੀਤਾ ਗਿਆ, ਜਿਸ ਨੂੰ ਵੱਧ ਤੋਂ ਵੱਧ ਭਰਨ ਦੀ ਉਨ੍ਹਾਂ ਨੇ ਅਪੀਲ ਕੀਤੀ। ਸਿਰਫ਼ 20 ਰੁਪਏ ਰੱਖੀ ਗਈ ਹੈ ਮੈਂਬਰਸ਼ਿਪ ਫ਼ੀਸ।

ਇਸ ਮੌਕੇ ਸੰਬੋਧਨ ਕਰਦਿਆਂ ਸਾਂਸਦ ਸਰਬਜੀਤ ਸਿੰਘ ਖ਼ਾਲਸਾ ਨੇ ਆਖਿਆ ਕਿ ਸ਼ੁਰੂ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਪਰ ਕਿਸੇ ਨੇ ਘਬਰਾਉਣਾ ਨਹੀਂ। ਵੱਧ ਤੋਂ ਵੱਧ ਪਾਰਟੀ ਦੀ ਮੈਂਬਰਸ਼ਿਪ ਵਧਾਉਣ ’ਤੇ ਜ਼ੋਰ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਜਿਹੜਾ ਸਿੱਖ ਹੋਵੇਗਾ ਉਹ ਅਕਾਲੀ ਦਲ ਦੇ ਨਾਲ ਹੀ ਜੁੜੇਗਾ ਪਰ ਜਦੋਂ ਹੁਣ ਪਹਿਲਾਂ ਵਾਲਾ ਅਕਾਲੀ ਦਲ ਸਾਰਾ ਹੀ ਬੇਅਦਬੀਆਂ ਵਿਚ ਸ਼ਾਮਲ ਪਾਇਆ ਗਿਆ ਹੈ ਤਾਂ ਹੁਣ ਸਾਰੇ ਸਿੱਖਾਂ ਨੂੰ ਅਪੀਲ ਐ ਕਿ ਉਹ ਸਾਡੀ ਪਾਰਟੀ ਦੇ ਨਾਲ ਜੁੜਨ।

Tags:    

Similar News