ਕੈਨੇਡਾ ਪੱਕੇ ਹੋਣ ਲਈ ਪੰਜਾਬੀ ਨੌਜਵਾਨ ਲਾ ਰਹੇ ਨਵਾਂ ਜੁਗਾੜ!

ਕੈਨੇਡਾ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਨੌਜਵਾਨਾਂ ਵੱਲੋਂ ਉਥੋਂ ਦੇ ਖ਼ਾਲਿਸਤਾਨੀ ਸਮਰਥਕ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ ਜਾ ਰਿਹਾ ਏ ਤਾਂ ਜੋ ਕੈਨੇਡਾ ਵਿਚ ਆਪਣੇ ਸ਼ਰਨਾਰਥੀ ਦਾਅਵੇ ਨੂੰ ਪੱਕਾ ਕੀਤਾ ਜਾ ਸਕੇ। ਹੋਰ ਤਾਂ ਹੋਰ ਬਹੁਤ ਸਾਰੇ ਨੌਜਵਾਨ ਇਨ੍ਹਾਂ ਰੈਲੀਆਂ ਵਿਚ ਆਪਣੀ ਹਾਜ਼ਰੀ ਦਰਜ ਕਰਵਾਉਣ ਲਈ ਸੈਲਫੀਆਂ ਲੈਂਦੇ ਨੇ, ਜਿਨ੍ਹਾਂ ਨੂੰ ਸਬੂਤ ਦੇ ਤੌਰ ’ਤੇ ਵਰਤ ਸਕਣ।

Update: 2024-09-06 11:51 GMT

ਓਟਾਵਾ : ਕੈਨੇਡਾ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਨੌਜਵਾਨਾਂ ਵੱਲੋਂ ਉਥੋਂ ਦੇ ਖ਼ਾਲਿਸਤਾਨੀ ਸਮਰਥਕ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ ਜਾ ਰਿਹਾ ਏ ਤਾਂ ਜੋ ਕੈਨੇਡਾ ਵਿਚ ਆਪਣੇ ਸ਼ਰਨਾਰਥੀ ਦਾਅਵੇ ਨੂੰ ਪੱਕਾ ਕੀਤਾ ਜਾ ਸਕੇ। ਹੋਰ ਤਾਂ ਹੋਰ ਬਹੁਤ ਸਾਰੇ ਨੌਜਵਾਨ ਇਨ੍ਹਾਂ ਰੈਲੀਆਂ ਵਿਚ ਆਪਣੀ ਹਾਜ਼ਰੀ ਦਰਜ ਕਰਵਾਉਣ ਲਈ ਸੈਲਫੀਆਂ ਲੈਂਦੇ ਨੇ, ਜਿਨ੍ਹਾਂ ਨੂੰ ਸਬੂਤ ਦੇ ਤੌਰ ’ਤੇ ਵਰਤ ਸਕਣ। ਖ਼ਾਸ ਗੱਲ ਇਹ ਐ ਕਿ ਇਹ ਸਲਾਹ ਨੌਜਵਾਨਾਂ ਨੂੰ ਕੁੱਝ ਸਥਾਨਕ ਇਮੀਗ੍ਰੇਸ਼ਨ ਫਰਮਾਂ ਵੱਲੋਂ ਦਿੱਤੀ ਜਾ ਰਹੀ ਐ। ਦੇਖੋ, ਸਾਡੀ ਇਹ ਖ਼ਾਸ ਰਿਪੋਰਟ।

ਜਦੋਂ ਤੋਂ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਇਮੀਗ੍ਰੇਸ਼ਨ ਨਿਯਮਾਂ ਵਿਚ ਸਖ਼ਤੀ ਕੀਤੀ ਐ, ਉਦੋਂ ਤੋਂ ਕੈਨੇਡਾ ਵਿਚ ਪੱਕਾ ਨਿਵਾਸ ਕਰਨ ਦੀ ਚਾਹਨਾ ਨਾਲ ਗਏ ਨੌਜਵਾਨਾਂ ਵਿਚ ਹੜਕੰਪ ਮੱਚਿਆ ਹੋਇਆ ਏ, ਕੈਨੇਡਾ ਸਰਕਾਰ ਦੀ ਇਸ ਸਖ਼ਤੀ ਕਾਰਨ ਉਨ੍ਹਾਂ ਨੂੰ ਆਪਣੇ ਸੁਪਨਿਆਂ ’ਤੇ ਪਾਣੀ ਫਿਰਦਾ ਦਿਖਾਈ ਦੇ ਰਿਹਾ ਏ। ਅਜਿਹੇ ਵਿਚ ਕੈਨੇਡਾ ਗਏ ਬਹੁਤ ਸਾਰੇ ਨੌਜਵਾਨਾਂ ਵੱਲੋਂ ‘ਖ਼ਾਲਿਸਤਾਨ’ ਦਾ ਸਹਾਰਾ ਲਿਆ ਜਾ ਰਿਹਾ ਏ, ਯਾਨੀ ਕਿ ਬਹੁਤ ਸਾਰੇ ਨੌਜਵਾਨ ਖ਼ਾਲਿਸਤਾਨੀ ਸਮਰਥਕ ਪ੍ਰਦਰਸ਼ਨਾਂ ਵਿਚ ਹਿੱਸਾ ਲੈ ਰਹੇ ਨੇ ਅਤੇ ਉਥੇ ਆਪਣੀ ਹਾਜ਼ਰੀ ਦਿਖਾਉਣ ਲਈ ਸੈਲਫੀਆਂ ਖਿੱਚ ਰਹੇ ਨੇ ਤਾਂ ਜੋ ਆਪਣੇ ਸ਼ਰਨਾਰਥੀ ਦਾਅਵੇ ਨੂੰ ਪੱਕਾ ਕਰ ਸਕਣ।

ਇੱਥੇ ਹੀ ਬਸ ਨਹੀਂ, ਅੱਧਾ ਦਰਜਨ ਦੇ ਕਰੀਬ ਇਮੀਗ੍ਰੇਸ਼ਨ ਫਰਮਾਂ ਵੱਲੋਂ ਸਥਾਈ ਨਿਵਾਸ ਦੀ ਚਾਹਨਾ ਰੱਖਣ ਵਾਲੇ ਨੌਜਵਾਨਾਂ ਨੂੰ ਸ਼ਰਨ ਦੀ ਅਪੀਲ ਦਾਖ਼ਲ ਕਰਨ ਲਈ ਖ਼ਾਲਿਸਤਾਨ ਕਾਰਡ ਖੇਡਣ ਦੀ ਸਲਾਹਾਂ ਦਿੱਤੀਆਂ ਜਾ ਰਹੀਆਂ ਨੇ। ਇਹ ਖ਼ੁਲਾਸਾ ਭਾਰਤੀ ਅਧਿਕਾਰੀਆਂ ਵੱਲੋਂ ਕੀਤਾ ਗਿਆ ਏ। ਇਨ੍ਹਾਂ ਅਧਿਕਾਰੀਆਂ ਦਾ ਕਹਿਣਾ ਏ ਕਿ ਇਹ ਨੌਜਵਾਨ ਖ਼ੁਦ ਨੂੰ ਖ਼ਾਲਿਸਤਾਨ ਨਾਲ ਜੋੜ ਕੇ ਅਤੇ ਭਾਰਤ ਵਿਚ ਸੋਸ਼ਣ ਦੀ ਗੱਲ ਕਹਿ ਕੇ ਕੈਨੇਡਾ ਵਿਚ ਸ਼ਰਨ ਮੰਗਦੇ ਨੇ।

ਇਕ ਰਿਪੋਰਟ ਮੁਤਾਬਕ ਖ਼ਾਲਿਸਤਾਨ ਸਮਰਥਕ ਰੈਲੀਆਂ ਵਿਚ ਕਈ ਨੌਜਵਾਨ ਤਸਵੀਰਾਂ ਲੈਂਦੇ ਦੇਖੇ ਗਏ ਨੇ, ਜਿਨ੍ਹਾਂ ਵਿਚ ਜ਼ਿਆਦਾਤਰ ਸ਼ਰਨ ਦੇ ਲਈ ਅਪੀਲ ਕਰਨ ਵਾਲੇ ਸੀ। ਇਸ ਸਾਲ ਕੈਨੇਡਾ ਵਿਚ ਇਸ ਤਰ੍ਹਾਂ ਦੇ ਕਈ ਪ੍ਰਦਰਸ਼ਨ ਹੋਏ ਨੇ। ਹਾਲ ਹੀ ਵਿਚ ਟੋਰਾਂਟੋ ਅਤੇ ਵੈਨਕੂਵਰ ਵਿਚ ਝਾਕੀਆਂ ਕੱਢ ਕੇ ਦਿਲਾਵਰ ਸਿੰਘ ਦੀ ਸ਼ਾਨ ਵਿਚ ਕਸੀਦੇ ਪੜ੍ਹੇ ਸੀ, ਜਿਸ ਨੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਕੀਤਾ ਸੀ। ਹਾਲਾਂਕਿ ਇਸ ਗੱਲ ਦਾ ਕੋਈ ਪੁਖ਼ਤਾ ਸਬੂਤ ਨਹੀਂ ਕਿ ਕੀ ਰੈਲੀ ਦੇ ਪ੍ਰਬੰਧਕਾਂ ਨੇ ਅਜਿਹੇ ਲੋਕਾਂ ਨੂੰ ਰੈਲੀ ਵਿਚ ਬੁਲਾਇਆ ਸੀ ਜੋ ਸਥਾਈ ਨਿਵਾਸ ਲਈ ਤਸਵੀਰਾਂ ਲੈਣਾ ਚਾਹੁੰਦੇ ਸੀ?

ਅਸਥਾਈ ਨਿਵਾਸੀਆਂ ਦੇ ਖ਼ਾਲਿਸਤਾਨ ਕਾਰਡ ਖੇਡਣ ’ਤੇ ਭਾਰਤ ਸਰਕਾਰ ਦਾ ਸ਼ੱਕ ਇਸ ਲਈ ਵੀ ਵਧ ਗਿਆ ਏ ਕਿਉਂਕਿ ਇਸ ਸਾਲ ਭਾਰਤ ਤੋਂ ਸ਼ਰਨ ਦੇ ਦਾਅਵੇਦਾਰਾਂਦੀ ਗਿਣਤੀ ਕਾਫ਼ੀ ਤੇਜ਼ੀ ਨਾਲ ਵਧੀ ਐ। ਇਮੀਗ੍ਰੇਸ਼ਨ ਰਿਫਿਊਜ਼ੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ ਜੂਨ ਮਹੀਨੇ ਦੇ ਵਿਚਕਾਰ 16800 ਸ਼ਰਨ ਦੇ ਦਾਅਵੇ ਕੀਤੇ ਗਏ ਜੋ ਸਾਲ 2023 ਦੇ ਕੁੱਲ 11265 ਤੋਂ 50 ਫ਼ੀਸਦੀ ਜ਼ਿਆਦਾ ਨੇ। ਸਾਲ 2015 ਵਿਚ ਜਦੋਂ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਹਿਲੀ ਵਾਰ ਸੱਤਾ ਵਿਚ ਆਏ ਸੀ ਤਾਂ ਇਸ ਤਰ੍ਹਾਂ ਦੇ 380 ਦਾਅਵੇ ਕੀਤੇ ਗਏ ਸੀ। ਹਾਲਾਂਕਿ ਜਦੋਂ ਇਹ ਦਾਅਵੇ ਇਮੀਗ੍ਰੇਸ਼ਨ ਐਂਡ ਰਿਫਿਊਜ਼ੀ ਬੋਰਡ ਆਫ਼ ਕੈਨੇਡਾ ਦੇ ਸਾਹਮਣੇ ਆਉਂਦੇ ਨੇ ਤਾਂ ਉਨ੍ਹਾਂ ਨੂੰ ਬਹੁਤ ਘੱਟ ਸਵੀਕਾਰਿਆ ਜਾਂਦਾ ਏ।

ਇਕ ਰਿਪੋਰਟ ਮੁਤਾਬਕ ਇਸ ਸਾਲ ਹੁਣ ਤੱਕ ਇਮੀਗ੍ਰੇਸ਼ਨ ਐਂਡ ਰਿਫਿਊਜ਼ੀ ਬੋਰਡ ਆਫ਼ ਕੈਨੇਡਾ ਦੇ ਕੋਲ 15298 ਮਾਮਲੇ ਭੇਜੇ ਗਏ ਸੀ, ਜਿਨ੍ਹਾਂ ਵਿਚੋਂ ਸਿਰਫ਼ 1078 ਨੂੰ ਹੀ ਸਵੀਕਾਰ ਕੀਤਾ ਗਿਆ ਏ। ਬੋਰਡ ਦੇ ਸਾਹਮਣੇ ਭਾਰਤੀ ਨਾਗਰਿਕਾਂ ਦੇ 23538 ਦਾਅਵੇ ਪੈਂਡਿੰਗ ਪਏ ਹੋਏ ਨੇ। ਉਥੇ ਸੋਸ਼ਣ ਦਾ ਦਾਅਵਾ ਕਰਨ ਦੇ ਬਾਵਜੂਦ ਭਾਰਤ ਉਨ੍ਹਾਂ ਨੂੰ ਆਪਣੇ ਪਾਸਪੋਰਟ ਨਵਿਆਉਣ ਦੀ ਸੁਵਿਧਾ ਪ੍ਰਦਾਨ ਕਰਦਾ ਏ ਅਤੇ ਜੇਕਰ ਉਹ ਕੈਨੇਡਾ ਦੀ ਨਾਗਰਿਕਤਾ ਹਾਸਲ ਕਰਦੇ ਨੇ ਤਾਂ ਉਨ੍ਹਾਂ ਨੂੰ ਵੀਜ਼ਾ ਜਾਂ ਓਵਰਸੀਜ਼ ਸਿਟੀਜ਼ਨਸ਼ਿਪ ਆਫ਼ ਇੰਡੀਆ ਜਾਂ ਓਸੀਆਈ ਕਾਰਡ ਜਾਰੀ ਕੀਤੇ ਜਾਂਦੇ ਨੇ।

ਫਿਲਹਾਲ ਖ਼ਾਲਿਸਤਾਨ ਦੇ ਨਾਂਅ ’ਤੇ ਸ਼ਰਨ ਮੰਗਣ ਦੇ ਵਧ ਰਹੇ ਮਾਮਲਿਆਂ ਨੂੰ ਲੈ ਕੇ ਭਾਰਤ ਸਰਕਾਰ ਦੀ ਚਿੰਤਾ ਵਧੀ ਹੋਈ ਐ, ਜਿਸ ਕਰਕੇ ਭਾਰਤ ਸਰਕਾਰ ਦੇ ਅਧਿਕਾਰੀਆਂ ਵੱਲੋਂ ਟਰੂਡੋ ਸਰਕਾਰ ਨੂੰ ਵੀ ਇਸ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਏ। ਉਂਝ ਇਹ ਰੁਝਾਨ ਕੋਈ ਨਵਾਂ ਨਹੀਂ, ਇਸ ਤੋਂ ਪਹਿਲਾਂ ਵੀ ਸਮੇਂ ਸਮੇਂ ਕਈ ਵਾਰ ਲੋਕਾਂ ਵੱਲੋਂ ਕੈਨੇਡਾ ਵਿਚ ਸ਼ਰਨਾਰਥੀ ਦਾਅਵਾ ਪੱਕਾ ਕਰਨ ਲਈ ਅਜਿਹੇ ਤਰੀਕੇ ਅਪਣਾਏ ਜਾਂਦੇ ਰਹੇ ਨੇ। ਸੋ ਦੇਖਣਾ ਹੋਵੇਗਾ ਕਿ ਮੌਜੂਦਾ ਸਮੇਂ ਦੇ ਸ਼ਰਨਾਰਥੀ ਦਾਅਵਿਆਂ ’ਤੇ ਕੈਨੇਡਾ ਸਰਕਾਰ ਕੀ ਫ਼ੈਸਲਾ ਕਰਦੀ ਐ ਕਿਉਂਕਿ ਫਿਲਹਾਲ ਤਾਂ ਟਰੂਡੋ ਸਰਕਾਰ ਖ਼ੁਦ ਸੰਕਟ ਵਿਚ ਘਿਰੀ ਹੋਈ ਐ।

ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News