Punjab: ਸਾਬਕਾ CM ਕੈਪਟਨ ਅਮਰਿੰਦਰ ਸਿੰਘ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਇਲਜ਼ਾਮ, ਸਾਬਕਾ ED ਅਧਿਕਾਰੀ ਨੇ ਖੋਲਤੀ ਪੋਲ
ਕਿਹਾ, ਕੈਪਟਨ ਨੇ ਰਜਕੰਦੋਲਾ ਡਰੱਗ ਕੇਸ ਦਬਾਇਆ
Captain Amrinder Singh: ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਨੇ ਪੰਜਾਬ ਵਿੱਚ ਡਰੱਗਜ਼ ਦਾ ਕਾਲਾ ਕਾਰੋਬਾਰ ਅਤੇ ਭ੍ਰਿਸ਼ਟਾਚਾਰ ਬਾਰੇ ਇੱਕ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਭਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਹਨ। ਉਹਨਾਂ ਦਾਅਵਾ ਕੀਤਾ ਕਿ 2012 ਦੇ ਰਾਜਾ ਕੰਦੋਲਾ ਡਰੱਗ ਕੇਸ ਅਤੇ ਏਆਈਜੀ ਰਾਜਜੀਤ ਸਿੰਘ ਦੀ ਸ਼ਮੂਲੀਅਤ ਨੂੰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਬਾ ਦਿੱਤਾ ਸੀ। ਸਾਬਕਾ ਅਧਿਕਾਰੀ ਦੇ ਅਨੁਸਾਰ, ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ, ਗੈਰ-ਕਾਨੂੰਨੀ ਮਾਈਨਿੰਗ ਅਤੇ ਭ੍ਰਿਸ਼ਟਾਚਾਰ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋ ਦਹਾਕਿਆਂ ਤੋਂ, ਹਰ ਸਰਕਾਰ ਨੇ ਨਸ਼ਿਆਂ ਵਿਰੁੱਧ ਲੜਨ ਦਾ ਦਾਅਵਾ ਕੀਤਾ, ਪਰ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ, ਸਿਰਫ ਜਬਰੀ ਵਸੂਲੀ ਵਧੀ।
ਨਿਰੰਜਨ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਈਡੀ ਵਿੱਚ ਰਹਿੰਦਿਆਂ ਇਨ੍ਹਾਂ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ, ਤਾਂ ਉਨ੍ਹਾਂ ਨੂੰ ਜਾਂਚ ਰੋਕਣ ਲਈ ਦਿੱਲੀ ਤਬਦੀਲ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਅਫ਼ਸੋਸ ਦੀ ਗੱਲ ਹੈ ਕਿ ਇੰਨੀ ਵੱਡੀ ਫੋਰਸ ਅਤੇ ਏਜੰਸੀਆਂ ਹੋਣ ਦੇ ਬਾਵਜੂਦ, ਸਰਕਾਰ ਏਆਈਜੀ ਪੱਧਰ ਦੇ ਇੱਕ ਅਧਿਕਾਰੀ ਨੂੰ ਵੀ ਫੜਨ ਵਿੱਚ ਅਸਮਰੱਥ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਈਡੀ ਨੇ ਰਾਜਾ ਕੰਦੋਲਾ ਦੀ ਜਾਇਦਾਦ ਕੁਰਕ ਕਰ ਲਈ ਸੀ, ਪਰ ਪੁਲਿਸ ਜਾਂਚ ਦੀ ਅਸਫਲਤਾ ਕਾਰਨ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ।
ਏਆਈਜੀ ਰਾਜਜੀਤ ਦੀ ਫਾਈਲ ਵੀ ਈਡੀ ਦਫ਼ਤਰ ਤੋਂ ਦਿੱਲੀ ਤਲਬ ਕੀਤੀ ਗਈ ਸੀ, ਅਤੇ ਕੇਸ ਨੂੰ ਲਟਕਾਇਆ ਗਿਆ ਸੀ। ਸਾਬਕਾ ਅਧਿਕਾਰੀ ਨੇ ਕਿਹਾ ਕਿ ਭਾਵੇਂ ਮੌਜੂਦਾ ਸਰਕਾਰ ਨੇ ਰਾਜਜੀਤ ਨੂੰ ਬਰਖਾਸਤ ਕਰ ਦਿੱਤਾ ਹੈ, ਪਰ ਉਸਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ, ਜਿਸ ਤੋਂ ਸਪੱਸ਼ਟ ਹੈ ਕਿ ਕਿਸੇ ਵੀ ਸਰਕਾਰ ਦਾ ਪੰਜਾਬ ਵਿੱਚ ਨਸ਼ਾਖੋਰੀ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਦਾ ਕੋਈ ਇਰਾਦਾ ਨਹੀਂ ਹੈ।