ਪੰਜਾਬ ਸਰਕਾਰ ਨੇ 16 ਟੋਲ ਪਲਾਜ਼ਿਆਂ ਨੂੰ ਹਟਾ ਕੇ ਲੋਕਾਂ ਨੂੰ 59 ਲੱਖ ਰੁਪਏ ਦੀ ਰੋਜ਼ਾਨਾ ਰਾਹਤ ਦਿੱਤੀ: ਹਰਭਜਨ ਈ.ਟੀ.ਓ.
ਸੂਬਾ ਸਰਕਾਰ ਨੇ ਸੂਬੇ ਭਰ ਅੰਦਰ 16 ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ। ਇਸ ਨਾਲ ਯਾਤਰੀਆਂ ਨੂੰ ਰੋਜ਼ਾਨਾ 58.77 ਲੱਖ ਰੁਪਏ ਦੀ ਬਚਤ ਹੋ ਰਹੀ ਹੈ।
ਚੰਡੀਗੜ੍ਹ: ਵਧਦੀ ਮਹਿੰਗਾਈ ਦਰਮਿਆਨ ਪੰਜਾਬ ਦੇ ਲੋਕਾਂ ਨੂੰ ਸਿੱਧੀ ਵਿੱਤੀ ਰਾਹਤ ਦੇਣ ਦੇ ਮਕਸਦ ਨਾਲ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸੂਬੇ ਭਰ ਅੰਦਰ 16 ਟੋਲ ਪਲਾਜ਼ੇ ਬੰਦ ਕਰ ਦਿੱਤੇ ਹਨ। ਇਸ ਨਾਲ ਯਾਤਰੀਆਂ ਨੂੰ ਰੋਜ਼ਾਨਾ 58.77 ਲੱਖ ਰੁਪਏ ਦੀ ਬਚਤ ਹੋ ਰਹੀ ਹੈ।
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਹ ਖੁਲਾਸਾ ਕਰਦਿਆਂ ਕਿਹਾ ਕਿ ਟੋਲ ਪਲਾਜ਼ਿਆਂ ਨੂੰ ਹਟਾਉਣਾ ਪੰਜਾਬ ਦੇ ਲੋਕਾਂ ਨੂੰ ਆਰਥਿਕ ਰਾਹਤ ਪਹੁੰਚਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ ਨਾਗਰਿਕਾਂ 'ਤੇ ਵਿੱਤੀ ਬੋਝ ਘੱਟਿਆ ਹੈ ਬਲਕਿ ਇਹਨਾਂ ਸੜਕਾਂ 'ਤੇ ਨਿਰਵਿਘਨ ਅਤੇ ਰੁਕਾਵਟ ਰਹਿਤ ਆਵਾਜਾਈ ਨੂੰ ਯਕੀਨੀ ਬਣਾਇਆ ਗਿਆ ਹੈ।
ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਕਰੀਬ ਦੋ ਸਾਲ ਪਹਿਲਾਂ ਸੱਤਾ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕੁੱਲ 535.45 ਕਿਲੋਮੀਟਰ ਰਾਜ ਮਾਰਗਾਂ ਤੋਂ ਟੋਲ ਸਮਾਪਤ ਕਰ ਦਿੱਤੇ ਹਨ।ਸਬੰਧਤ ਸੜਕਾਂ 'ਤੋਂ ਟੋਲ ਹਟਾਏ ਜਾਣ ਨਾਲ ਮਿਲਣ ਵਾਲੀ ਰੋਜ਼ਾਨਾ ਰਾਹਤ ਦੇ ਵੇਰਵੇ ਦਿੰਦਿਆਂ ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਪਟਿਆਲਾ-ਸਮਾਣਾ ਰੋਡ 'ਤੇ ਟੋਲ ਪਲਾਜ਼ਾ ਬੰਦ ਕਰਕੇ ਰੋਜ਼ਾਨਾ ਔਸਤਨ 3.75 ਲੱਖ ਰੁਪਏ, ਲੁਧਿਆਣਾ-ਮਲੇਰਕੋਟਲਾ-ਸੰਗਰੂਰ ਰੋਡ 'ਤੇ 2 ਟੋਲ ਪਲਾਜ਼ਿਆਂ ਨੂੰ ਬੰਦ ਕਰਨ 'ਤੇ 13 ਲੱਖ ਰੁਪਏ, ਬਲਾਚੌਰ-ਗੜ੍ਹਸ਼ੰਕਰ-ਹੁਸ਼ਿਆਰਪੁਰ-ਦਸੂਹਾ ਰੋਡ 'ਤੇ 3 ਟੋਲ ਪਲਾਜ਼ਾ ਬੰਦ ਕਰਕੇ ਰੋਜ਼ਾਨਾ 10.52 ਲੱਖ ਰੁਪਏ, ਕੀਰਤਪੁਰ ਸਾਹਿਬ-ਨੰਗਲ-ਊਨਾ ਰੋਡ 'ਤੇ ਟੋਲ ਪਲਾਜ਼ਾ ਬੰਦ ਕਰਕੇ ਰੋਜ਼ਾਨਾ 10.12 ਲੱਖ ਰੁਪਏ, ਹੁਸ਼ਿਆਰਪੁਰ-ਟਾਂਡਾ ਰੋਡ 'ਤੇ ਟੋਲ ਪਲਾਜ਼ਾ ਬੰਦ ਕਰਕੇ ਰੋਜ਼ਾਨਾ 1.94 ਲੱਖ ਰੁਪਏ, ਮੱਖੂ ਵਿਖੇ ਸਤਲੁਜ ਦਰਿਆ 'ਤੇ ਉੱਚ ਪੱਧਰੀ ਪੁਲ ਤੋਂ ਟੋਲ ਬੰਦ ਕਰਕੇ ਰੋਜ਼ਾਨਾ 60 ਹਜ਼ਾਰ ਰੁਪਏ, ਮੋਗਾ-ਕੋਟਕਪੂਰਾ ਰੋਡ 'ਤੇ ਟੋਲ ਪਲਾਜ਼ਾ ਬੰਦ ਕਰਕੇ ਰੋਜ਼ਾਨਾ 4.50 ਲੱਖ ਰੁਪਏ, ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ 2 ਟੋਲ ਪਲਾਜ਼ੇ ਹਟਾ ਕੇ ਰੋਜਾਨਾ 6.34 ਲੱਖ ਰੁਪਏ, ਭਵਾਨੀਗੜ੍ਹ-ਨਾਭਾ-ਗੋਬਿੰਦਗੜ੍ਹ ਰੋਡ ਤੋਂ 2 ਟੋਲ ਪਲਾਜ਼ੇ ਹਟਾ ਕੇ ਰੋਜਾਨਾ 3.50 ਲੱਖ ਰੁਪਏ , ਦਾਖਾ-ਰਾਏਕੋਟ-ਬਰਨਾਲਾ ਰੋਡ ਤੋਂ 2 ਟੋਲ ਪਲਾਜ਼ਾ ਹਟਾ ਕੇ ਰੋਜ਼ਾਨਾ ਔਸਤਨ 4.50 ਲੱਖ ਰੁਪਏ ਦੀ ਰਾਹਤ ਇੰਨ੍ਹਾਂ ਸੜਕਾਂ ਤੋਂ ਗੁਜਰਨ ਵਾਲੇ ਲੋਕਾਂ ਨੂੰ ਦਿੱਤੀ ਜਾ ਰਹੀ ਹੈ।
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਨੇ ਕਿਹਾ ਕਿ ਪੰਜਾਬ ਸਰਕਾਰ ਦੇਸ਼ ਵਿੱਚ ਮਹਿੰਗਾਈ ਦੇ ਵਧੇ ਹੋਏ ਪੱਧਰ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਆਰਥਿਕ ਰਾਹਤ ਪ੍ਰਦਾਨ ਕਰਨ ਲਈ ਵਚਨਬੱਧ ਹੈ, ਇਸਦੇ ਨਾਲ-ਨਾਲ ਮਿਆਰੀ ਬੁਨਿਆਦੀ ਢਾਂਚੇ ਦੇ ਨਿਰਮਾਣ 'ਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ।