ਮੁੱਖ ਮੰਤਰੀ ਪੰਜਾਬ ਨੂੰ ਜਲਦ ਮਿਲੇਗਾ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਦਾ ਵਫ਼ਦ

ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਪੰਜਾਬ ਦੇ ਆਗੂਆਂ ਦੀ ਇਕ ਅਹਿਮ ਮੀਟਿੰਗ ਖੰਨਾ ਵਿਖੇ ਹੋਈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਾਥੀ ਭਾਈ ਮਰਦਾਨਾ ਜੀ ਦੀ ਯਾਦ ਵਿਚ ਭਵਨ ਉਸਾਰੀ ਦੀ ਮੰਗ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ।

Update: 2025-06-24 07:24 GMT

ਖੰਨਾ : ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਪੰਜਾਬ ਦੇ ਆਗੂਆਂ ਦੀ ਇਕ ਅਹਿਮ ਮੀਟਿੰਗ ਖੰਨਾ ਵਿਖੇ ਹੋਈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਸਾਥੀ ਭਾਈ ਮਰਦਾਨਾ ਜੀ ਦੀ ਯਾਦ ਵਿਚ ਭਵਨ ਉਸਾਰੀ ਦੀ ਮੰਗ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ।


ਇਸ ਮੌਕੇ ਆਗੂਆਂ ਨੇ ਵਿਚਾਰ ਵਟਾਂਦਰਾ ਕੀਤਾ ਕਿ ਆਉਣ ਵਾਲੇ ਕੁੱਝ ਦਿਨਾਂ ਦੇ ਅੰਦਰ ਜਲਦ ਹੀ ਭਾਈ ਮਰਦਾਨਾ ਜੀ ਦੀ ਯਾਦ ਵਿਚ ਭਵਨ ਬਣਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਵੱਖ ਵਖ ਸਮਿਆਂ ਦੌਰਾਨ ਮੁਲਾਕਾਤ ਕੀਤੀ ਜਾਵੇਗੀ ਅਤੇ ਮੰਗ ਪੱਤਰ ਸੌਂਪਿਆ ਜਾਵੇਗਾ।

ਇਸ ਮੌਕੇ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈੱਲਫੇਅਰ ਸੁਸਾਇਟੀ (ਰਜਿ:) ਪੰਜਾਬ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਬੇਨਤੀ ਕੀਤੀ ਗਈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ ਕੀਰਤਨੀਏ ਰਬਾਬੀ ਭਾਈ ਮਰਦਾਨਾ ਜੀ ਦੀ ਸਿੱਖ ਜਗਤ ਵਿਚ ਵੱਡਮੁੱਲੀ ਕੀਰਤਨ ਦੀ ਸੇਵਾ ਨੂੰ ਧਿਆਨ ਵਿਚ ਰੱਖਦੇ ਹੋਏ ਉਹਨਾਂ ਦੇ ਨਾਮ ਦਾ ਇਕ ਵਿਕਾਸ ਭਲਾਈ ਬੋਰਡ ਬਣਾਇਆ ਜਾਵੇ, ਜਿਸ ਵਿਚ ਰਬਾਬੀ ਭਾਈ ਮਰਦਾਨਾ ਜੀ ਦੀ ਬਿਰਾਦਰੀ ਨਾਲ ਸਬੰਧਤ ਗਰੀਬੀ ਰੇਖਾ ਤੋਂ ਹੇਠਲੇ ਪੱਧਰ ’ਤੇ ਰਹਿ ਰਹੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁਕਿਆ ਜਾਵੇ। ਇਸ ਦੇ ਨਾਲ ਹੀ ਰਬਾਬੀ ਭਾਈ ਮਰਦਾਨਾ ਜੀ ਦੀ ਯਾਦ ਵਿਚ ਪੰਜਾਬ ਦੇ ਕਿਸੇ ਵੀ ਵੱਡੇ ਸ਼ਹਿਰ ਵਿਚ ਰਬਾਬੀ ਭਾਈ ਮਰਦਾਨਾ ਜੀ ਭਵਨ ਉਸਾਰਿਆ ਜਾਵੇ, ਜਿੱਥੋਂ ਭਾਈ ਮਰਦਾਨਾ ਜੀ ਦੇ ਭਾਈਚਾਰੇ ਨਾਲ ਸਬੰਧਤ ਨੌਜਵਾਨ ਬੱਚੇ-ਬੱਚੀਆਂ ਟੈਕਨੀਕਲ, ਕਿੱਤਾ ਮੁਖੀ ਕੋਰਸਾਂ ਜਾਂ ਉੱਚ ਮਿਆਰੀ ਸਿੱਖਿਆ ਪ੍ਰਾਪਤ ਕਰਕੇ ਰੁਜ਼ਗਾਰ ਹਾਸਲ ਕਰ ਸਕਣ।

ਵਿਸ਼ਵ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਦੇ ਆਗੂਆਂ ਜੀਤ ਖ਼ਾਨ ਗੋਰੀਆ ਅਤੇ ਸਰਦਾਰਾ ਸਿੰਘ ਵੱਲੋਂ ਉਮੀਦ ਜ਼ਾਹਿਰ ਕੀਤੀ ਗਈ ਕਿ ਪੰਜਾਬ ਸਰਕਾਰ ਭਾਈਚਾਰੇ ਦੀਆ ਉੱਕਤ ਮੰਗਾਂ ’ਤੇ ਸੰਜੀਦਗੀ ਨਾਲ ਵਿਚਾਰ ਕਰੇਗੀ।

Tags:    

Similar News