ਰਣਜੀਤ ਸਿੰਘ ਐਨਕਾਊਂਟਰ 'ਚ ਆਈ ਪੋਸਟ–ਮਾਰਟਮ ਰਿਪੋਰਟ, ਪੰਜਾਬ ਪੁਲਿਸ ਨੂੰ ਮਿਲ਼ੀ ਕੁਝ ਰਾਹਤ ਪਰ...
ਪੁਲਿਸ ਮੁਕਾਬਲੇ 'ਚ ਮਾਰੇ ਗਏ ਨੌਜਵਾਨ ਰਣਜੀਤ ਸਿੰਘ ਨਾਲ਼ ਸਬੰਧਤ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਹੁਣ ਵੱਡੀ ਰਾਹਤ ਮਿਲ਼ੀ ਹੈ। ਇਹ ਮਾਮਲਾ ਹੁਣ ਡਾਢਾ ਭਖਿਆ ਹੋਇਆ ਹੈ।
ਮੈਜਿਸਟ੍ਰੇਟ ਦੀ ਅਗਵਾਈ ਹੇਠ ਹੋ ਰਹੀ ਹੈ ਮਾਮਲੇ ਦੀ ਜਾਂਚ
ਗੁਰਦਾਸਪੁਰ: ਪੁਲਿਸ ਮੁਕਾਬਲੇ 'ਚ ਮਾਰੇ ਗਏ ਨੌਜਵਾਨ ਰਣਜੀਤ ਸਿੰਘ ਨਾਲ਼ ਸਬੰਧਤ ਮਾਮਲੇ ਵਿੱਚ ਪੰਜਾਬ ਪੁਲਿਸ ਨੂੰ ਹੁਣ ਵੱਡੀ ਰਾਹਤ ਮਿਲ਼ੀ ਹੈ। ਇਹ ਮਾਮਲਾ ਹੁਣ ਡਾਢਾ ਭਖਿਆ ਹੋਇਆ ਹੈ। ਕਿਉਂਕਿ ਪੁਲਿਸ ਉਤੇ ਅਜਿਹੇ ਦੋਸ਼ ਲੱਗ ਰਹੇ ਹਨ ਕਿ ਰਣਜੀਤ ਸਿੰਘ ਉਤੇ ਤਸ਼ੱਦਦ ਢਾਹ ਕੇ ਜਾਣ–ਬੁੱਝ ਕੇ ਮਾਰਿਆ ਗਿਆ ਹੈ। ਪੋਸਟ–ਮਾਰਟਮ ਰਿਪੋਰਟ 'ਚ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਬੀਤੀ 25 ਫ਼ਰਵਰੀ ਨੂੰ ਜਿਸ ਵੇਲੇ ਰਣਜੀਤ ਸਿੰਘ ਦੇ ਗੋਲ਼ੀਆਂ ਵੱਜੀਆਂ ਸਨ, ਤਦ ਉਹ ਜਿਊਂਦਾ ਸੀ। ਉਸ ਦੀ ਮੌਤ ਗੋਲ਼ੀਆਂ ਲੱਗਣ ਤੋਂ ਬਾਅਦ ਹੀ ਹੋਈ ਹੈ।
ਦਰਅਸਲ, ਦੋਰਾਂਗਲਾ ਪੁਲਿਸ ਥਾਣੇ ਅਧੀਨ ਪੈਂਦੀ ਆਦੀਆਂ ਪੁਲਿਸ ਚੌਕੀ 'ਤੇ ਇੱਕ ਰਾਤ ਪਹਿਲਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਕੇ ਇੱਕ ASI ਅਤੇ ਹੋਮਗਾਰਡ ਦੇ ਇੱਕ ਜਵਾਨ ਦਾ ਕਤਲ ਕਰ ਦਿੱਤਾ ਸੀ। ਅਗਲੇ ਹੀ ਦਿਨ ਪੁਲਿਸ ਮੁਕਾਬਲੇ ਦੀ ਖ਼ਬਰ ਆ ਗਈ ਸੀ।
ਇੱਥੇ ਦੱਸ ਦੇਈਏ ਕਿ ਪੋਸਟ–ਮਾਰਟਮ ਰਿਪੋਰਟ ਨੇ ਪਰਿਵਾਰਕ ਮੈਂਬਰਾਂ ਅਤੇ ਐਕਸ਼ਨ ਕਮੇਟੀ ਦੇ ਅਜਿਹੇ ਦਾਅਵਿਆਂ ਨੂੰ ਗ਼ਲਤ ਸਿੱਧ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਦੋਸ਼ ਲਾਇਆ ਜਾ ਰਿਹਾ ਸੀ ਕਿ ਪੁਲਿਸ ਨੇ ਪੁੱਛਗਿੱਛ ਦੌਰਾਨ ਰਣਜੀਤ ਸਿੰਘ ਉਤੇ ਅੰਨ੍ਹੇਵਾਹ ਤਸ਼ੱਦਦ ਢਾਹਿਆ ਗਿਆ ਸੀ, ਜਿਸ ਕਾਰਣ ਉਸ ਦੀ ਮੌਤ ਹੋ ਗਈ। 'ਗੋਲ਼ੀਆਂ ਉਸ ਨੂੰ ਬਾਅਦ 'ਚ ਮਾਰੀਆਂ ਗਈਆਂ ਸਨ।' ਇਸੇ ਲਈ ਦੋਸ਼ ਲਾਇਆ ਗਿਆ ਸੀ ਕਿ ਹਿਰਾਸਤੀ ਮੌਤ ਨੂੰ ਲੁਕਾਉਣ ਲਈ ਪੁਲਿਸ ਨੇ ਫ਼ੇਕ–ਐਨਕਾਊਂਟਰ ਦੀ ਕਹਾਣੀ ਘੜ ਲਈ ਸੀ। ਹੁਣ ਇਸ ਸਾਰੇ ਮਾਮਲੇ ਦੀ ਜਾਂਚ ਮੈਜਿਸਟ੍ਰੇਟ ਦੀ ਨਿਗਰਾਨੀ ਹੇਠ ਹੋ ਰਹੀ ਹੈ।
ਰਣਜੀਤ ਸਿੰਘ ਨੂੰ 25 ਫ਼ਰਵਰੀ ਨੂੰ ਸਵੇਰੇ 7:30 ਵਜੇ ਗੰਭੀਰ ਹਾਲਤ ਵਿੱਚ ਬੱਬਰੀ ਦੇ ਸਿਵਲ ਹਸਪਤਾਲ 'ਚ ਲਿਜਾਂਦਾ ਗਿਆ ਸੀ। ਪਰ 15 ਕੁ ਮਿੰਟਾਂ ਪਿੱਛੋਂ ਹੀ ਉਹ ਦਮ ਤੋੜ ਗਿਆ ਸੀ। ਉਸ ਤੋਂ ਬਾਅਦ ਪੰਜਾਬ ਪੁਲਿਸ ਉਤੇ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ। ਅੰਤ 3 ਮਾਰਚ ਦੀ ਸ਼ਾਮ ਨੂੰ ਰਣਜੀਤ ਸਿੰਘ ਦਾ ਪੋਸਟ–ਮਾਰਟਮ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸੁਰੇਖਾ ਡਡਵਾਲ ਦੀ ਨਿਗਰਾਨੀ ਹੇਠ ਹੋਇਆ ਸੀ। ਪੋਸਟ–ਮਾਰਟਮ ਕਰਨ ਵਾਲ਼ੀ ਮੈਡੀਕਲ ਟੀਮ ਵਿੱਚ ਸੀਨੀਅਰ ਰੈਜ਼ੀਡੈਂਟ ਅਤੇ ਐਸੋਸੀਏਟ ਪ੍ਰੋਫ਼ੈਸਰ ਡਾ. ਹਰਸ਼ ਕੁਮਾਰ, ਮੈਡੀਕਲ ਅਫ਼ਸਰ ਡਾ. ਸਤਿੰਦਰਪਾਲ ਸਿੰਘ ਅਤੇ ਡਾ. ਸੁਖਦੇਵ ਸਿੰਘ ਜਿਹੇ ਮਾਹਿਰ ਸ਼ਾਮਲ ਸਨ।
ਪੋਸਟ–ਮਾਰਟਮ ਰਿਪੋਰਟ ਮੁਤਾਬਕ ਰਣਜੀਤ ਸਿੰਘ ਦੇ ਜਿਸਮ ਉਤੇ ਛੇ ਜ਼ਖ਼ਮਾਂ ਦੇ ਨਿਸ਼ਾਨ ਸਨ। ਇੱਕ–ਇੱਕ ਗੋਲ਼ੀ ਉਸ ਦੀ ਛਾਤੀ ਦੇ ਖੱਬੇ ਅਤੇ ਸੱਜੇ ਪਾਸੇ ਲੱਗੀ ਸੀ। ਤੀਜਾ ਤੇ ਚੌਥਾ ਜ਼ਖ਼ਮ ਉਸ ਦੀ ਪਿੱਠ ਦੇ ਖੱਬੇ ਤੇ ਸੱਜੇ ਪਾਸੇ ਸਨ। ਗੋਲ਼ੀਆਂ ਉਸ ਦੇ ਜਿਸਮ 'ਚੋਂ ਆਰ–ਪਾਰ ਹੋਈਆਂ ਸਨ। ਪੰਜਵਾਂ ਜ਼ਖ਼ਮ ਉਸ ਦੇ ਮੱਥੇ ਉਤੇ ਖੱਬੇ ਪਾਸੇ ਸੀ, ਜਿੱਥੇ ਕੁਝ ਸੋਜ਼ਿਸ਼ ਵੀ ਸੀ। ਛੇਵਾਂ ਜ਼ਖ਼ਮ ਉਸ ਦੀ ਸੱਜੀ ਟੰਗ ਉਤੇ ਸੀ। ਉਸ ਦੇ ਨੱਕ, ਕੰਨ ਤੇ ਮੂੰਹ 'ਚੋਂ ਵੀ ਖ਼ੂਨ ਵਗਿਆ ਹੋਇਆ ਸੀ।
ਪੋਸਟ–ਮਾਰਟਮ ਰਿਪੋਰਟ ਨਾਲ਼ ਭਾਵੇਂ ਪੰਜਾਬ ਪੁਲਿਸ ਨੂੰ ਕੁਝ ਰਾਹਤ ਮਿਲ਼ੀ ਹੋਵੇ ਪਰ ਅਜਿਹੇ ਕੁਝ ਸੁਆਲ ਬਾਕੀ ਹਨ, ਜਿਨ੍ਹਾਂ ਦਾ ਜੁਆਬ ਕਿਸੇ ਨੂੰ ਹਾਲ਼ੇ ਤੱਕ ਨਹੀਂ ਮਿਲ਼ਿਆ। ਵੱਡਾ ਸੁਆਲ ਇਹ ਹੈ ਕਿ ਪੁਲਿਸ ਦੀ ਕਾਰ ਪਲਟਣ ਤੋਂ ਬਾਅਦ ਜੇ ਰਣਜੀਤ ਸਿੰਘ ਫ਼ਰਾਰ ਹੋ ਵੀ ਗਿਆ ਸੀ, ਤਦ ਹਥਕੜੀਆਂ ਲੱਗੇ ਹੋਣ ਦੇ ਬਾਵਜੂਦ ਉਸ ਨੇ ਮੋਟਰਸਾਈਕਲ ਤੇ ਰਿਵਾਲਵਰ ਦਾ ਇੰਤਜ਼ਾਮ ਕਿੱਥੋਂ ਤੇ ਕਿਵੇਂ ਕਰ ਲਿਆ? ਫਿਰ ਉਹ 22 ਕਿਲੋਮੀਟਰ ਦੂਰ ਪੁਰਾਣਾ ਸ਼ਾਲਾ ਕਿਵੇਂ ਪੁੱਜ ਗਿਆ?